December 14, 2024

*ਪਾਰਮਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ*

ਮਿਲਾਨ,ਇਟਲੀ (ਜਗਦੀਪ ਸਿੰਘ ਮੱਲ੍ਹੀ) ਬੀਤੇ ਦਿਨੀ ਉੱਤਰੀ ਇਟਲੀ ਦੇ ਸੂਬਾ ਇਮੀਲੀਆ ਰੋਮਾਨਿਆ ਦੇ ਸ਼ਹਿਰ ਪਾਰਮਾਂ ਵਿਖੇ ਗੁਰਦੁਆਰਾ ਸਿੰਘ ਸਭਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਦੀਵਾਨ ਸਜੇ ਹੋਏ ਸਨ ਅਤੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ। ਅਰਦਾਸ ਉਪਰੰਤ ਮਿੱਥੇ ਹੋਏ ਸਮੇਂ ਅਨੁਸਾਰ 11.30 ਵਜੇ ਨਗਰ ਕੀਰਤਨ ਦੀ ਆਰੰਭਤਾ ਪੰਜ ਨਿਸ਼ਾਨਚੀ ਸਿੰਘਾਂ ਪੰਜ ਪਿਆਰੇ ਸਿੰਘ ਸਾਹਿਬਾਨਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੁਸ਼ੋਭਤ ਪਾਲਕੀ ਦੀ ਅਗਵਾਈ ਵਿੱਚ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ ਅਤੇ ਪਾਰਮਾਂ ਸ਼ਹਿਰ ਦੀ ਫਿਜ਼ਾ ਵਿੱਚ ਸੁਗੰਧੀ ਘੋਲ ਰਹੀਂਆਂ ਸਨ। ਗੁਰਬਾਣੀ ਦੀਆਂ ਸਕਾਰਾਤਮਕ ਤਰੰਗਾਂ ਨਾਲ ਸਾਰਾ ਸ਼ਹਿਰ ਹੀ ਝੂਮ ਉੱਠਿਆ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਅੱਜ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਬਖਸ਼ੀ ਸਿੱਖੀ ਨੂੰ ਪ੍ਰਫੁੱਲਿਤ ਕਰ ਰਹੀ ਹੈ ਅਤੇ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਮਨਾ ਰਹੀ ਹੈ। ਨਗਰ ਕੀਰਤਨ ਸ਼ਹਿਰ ਵਿੱਚ ਦੀ ਪ੍ਰਕਰਮਾ ਕਰਦਾ ਹੋਇਆ ਅਤੇ ਗੁਰੂ ਜਸ ਕਰਦਾ ਹੋਇਆ ਲਗਭਗ 4 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਮੌਕੇ ਵੱਖ-ਵੱਖ ਰਾਗੀ,ਢਾਡੀ ਕੀਰਤਨੀ ਅਤੇ ਭਾਈ ਝਿਰਮਲ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਗਤਕੇ ਵਾਲੇ ਸਿੰਘਾਂ ਦੇ ਜਥੇ ਵੱਲੋਂ ਗਤਕੇ ਦੇ ਅਦਭੁਤ ਜੌਹਰ ਦਿਖਾਏ ਗਏ। ਗੁਰਦੁਆਰਾ ਸਾਹਿਬ ਅਤੇ ਸੰਗਤਾਂ ਦੇ ਸਹਿਯੋਗ ਨਾਲ ਆਈਆਂ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਭੋਜਨ ਦੇ ਲੰਗਰ ਲਗਾਏ ਗਏ ਸਨ। ਇਟਲੀ ਦੀ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਾਲੀਅਨ ਲੋਕਾਂ ਨੂੰ ਸਿੱਖ ਇਤਿਹਾਸ ਦੀਆਂ ਕਿਤਾਬਾਂ ਇਟਾਲੀਅਨ ਵਿੱਚ ਛਪਾ ਕੇ ਫਰੀ ਵੰਡੀਆਂ ਗਈਆਂ। ਸਮਾਪਤੀ ਵੇਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਭ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਦਾ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪਹੁੰਚੀਆ ਸ਼ਖਸੀਅਤਾਂ ਅਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹ ਸਾਰੇ ਨਗਰ ਕੀਰਤਨ ਦਾ ਲਾਈਵ ਟੈਲੀਕਾਸਟ ਕਲਤੂਰਾ ਸਿੱਖ ਟੀਵੀ ਵੱਲੋਂ ਕੀਤਾ ਗਿਆ।

You may have missed