September 25, 2025

ਇਟਲੀ ਦੀ ਖੂਬੀਆਂ ਤੇ ਖੂਬਸੁਰਤੀ ਬਿਆਨ ਕਰਦਾ ਲੋਕ ਗਾਇਕ ਮਨਜੀਤ ਸ਼ਾਲ੍ਹਾਪੁਰੀ ਦਾ ਗੀਤ” ਇਟਲੀ”ਜਿਸ ਨੂੰ ਮਿਲ ਰਿਹਾ ਮਣਾਂ ਮੂੰਹੀ ਪਿਆਰ

ਰੋਮ(ਦਲਵੀਰ ਸਿੰਘ ਕੈਂਥ)ਜਿਹਨਾਂ ਲੋਕਾਂ ਦਾ ਮਹਿਬੂਬ ਦੇਸ ਇਟਲੀ ਹੈ ਉਹ ਇਸ ਖ਼ਬਰ ਵੱਲ ਜ਼ਰੂਰ ਧਿਆਨ ਦੇਣ ਕਿ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਇਟਲੀ ਦੀ ਧਰਤ ਤੇ ਤਰੱਕੀਆਂ ਵਾਲੀ ਕਾਫੀ ਨਰੋਈ ਪੈੜ ਖਿੱਚੀ ਹੈ | ਪੰਜਾਬ ਤੋਂ ਆ ਕੇ ਵੱਸੇ ਏਸ ਪਰਾਏ ਮੁਲਕ ਵਿੱਚ ਵੀ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਢੰਗ ਤਰੀਕੇ, ਆਪਣੇ ਪਹਿਰਾਵੇ, ਅਤੇ ਆਪਣੇ ਸ਼ੌਕਾਂ ਨੂੰ ਸਦਾ ਆਪਣੇ ਨਾਲ ਰੱਖਿਆ ਹੈ | ਪੰਜਾਬੀ ਖੇਡਾਂ ਮੇਲੇ ਵੀ ਆਪਣੇ ਢੰਗ ਅਨੁਸਾਰ ਕਰਾਏ ਹਨ | ਕਈ ਮਾਂਵਾਂ ਦੇ ਪੁੱਤਾਂ ਦੇ ਅਧੂਰੇ ਸੁਫ਼ਨੇ ਪੂਰੇ ਕਰਨ ਲਈ ਇਟਲੀ ਦੀ ਇਸ ਧਰਤੀ ਨੇ ਵੀ ਆਪਣੇ ਵੱਲੋਂ ਬਣਦਾ ਪੂਰਾ ਸਹਿਯੋਗ ਦਿੱਤਾ ਹੈ | ਇਟਲੀ ਵਿੱਚ ਵੱਸਦੇ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਕ ਕੰਮ ਕਾਰ ਕਰਦਿਆਂ ਆਪਣੇ ਸ਼ੌਂਕ ਵੀ ਬਰਕਰਾਰ ਰੱਖੇ ਹਨ | ਜਿਵੇਂ ਕਿ ਗੀਤ ਸੰਗੀਤ ਵਿੱਚ ਪੰਜਾਬੀਆਂ ਨੇ ਪੂਰੇ ਸੰਸਾਰ ਭਰ ਵਿੱਚ ਆਪਣੀ ਕਲਾ ਦੇ ਝੰਡੇ ਗੱਡੇ ਹਨ, ਇੰਵੇਂ ਹੀ ਇਟਲੀ ਵਿੱਚ ਆਪਣੀ ਗਾਇਕੀ ਦਾ ਮੁਜਾਹਿਰਾ ਕਰ ਰਹੇ ਗਾਇਕ “ਮਨਜੀਤ ਸ਼ਾਲ੍ਹਾਪੁਰੀ” ਨੇ ਸ਼ਾਇਦ ਇਸ ਦੇਸ਼ ਦਾ ਅਹਿਸਾਨ ਅਦਾ ਕਰਨ ਲਈ ਆਪਣੀ ਦਮਦਾਰ ਆਵਾਜ਼ ਵਿੱਚ “ਇਟਲੀ” ਸਿਰਲੇਖ ਹੇਠ ਇੱਕ ਗੀਤ ਗਾਇਆ ਹੈ | ਜਿਸ ਨੂੰ ਸੁਣ ਕੇ ਇਟਲੀ ਵਿੱਚ ਵੱਸਦਾ ਹਰੇਕ ਪੰਜਾਬੀ ਮਾਣ ਮਹਿਸੂਸ ਕਰ ਰਿਹਾ ਹੈ | ਇਸ ਨਿਵੇਕਲੇ ਜਿਹੇ ਅਣਛੂਹੇ ਵਿਸ਼ੇ ਨੂੰ ਛੋਹ ਕੇ, ਸੁਰਾਂ ਤੇ ਉਤਾਰ ਕੇ, “ਮਨਜੀਤ ਸ਼ਾਲ੍ਹਾਪੁਰੀ” ਨੇ ਆਪਣੇ ਪਰਪੱਕ ਕਲਾਕਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ | “ਮਨਜੀਤ ਸ਼ਾਲ੍ਹਾਪੁਰੀ” ਦੇ ਆਏ ਏਸ ਨਵੇਂ ਦੋ ਤਿੰਨ ਮਿੰਟ ਦੇ ਟਰੈਕ ਵਿੱਚ ਇਟਲੀ ਮੁਲਖ਼ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ | ਏਥੇ ਸਿਫ਼ਤ ਇਸ ਗੀਤ ਦੇ ਗੀਤਕਾਰ “ਰਾਣਾ ਅਠੌਲਾ” ਦੀ ਵੀ ਕਰਨੀ ਬਣਦੀ ਹੈ, ਜਿਸ ਦੀ ਕਲਮ ਨੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ | ਇਟਲੀ ਦੇਸ਼ ਦੀਆਂ ਦੁਨੀਆਂ ਨੂੰ ਦਿੱਤੀਆਂ ਦਾਤਾਂ ਬਾਰੇ ਬਾਖ਼ੂਬੀ ਚਿਤਰਿਆ ਹੈ | ਵੈਸੇ ਵੀ ਇਟਲੀ ਵਿੱਚ ਵੱਸਦੇ ਪੰਜਾਬੀਆਂ ਵੱਲੋਂ “ਮਨਜੀਤ ਸ਼ਾਲ੍ਹਾਪੁਰੀ” ਦੀ ਗਾਇਕੀ ਅਤੇ “ਰਾਣਾ ਅਠੌਲਾ” ਦੀ ਲੇਖਣੀ ਨੂੰ ਕਾਫੀ ਸਲਾਹਿਆ ਜਾਂਦਾ ਰਿਹਾ ਹੈ | “ਮਨਜੀਤ ਸ਼ਾਲ੍ਹਾਪੁਰੀ” ਦੇ ਨਵੇਂ ਆਏ ਏਸ ਟਰੈਕ ਦਾ ਸੰਗੀਤ “ਏ.ਵੀ.ਆਰ” ਇਟਲੀ ਵੱਲੋਂ ਤਿਆਰ ਕੀਤਾ ਗਿਆ ਹੈ | ਵੀਡੀਓ “ਗੁਰੀ ਪ੍ਰੋਡਕਸ਼ਨ” ਵੱਲੋਂ ਬਣਾਈ ਗਈ ਹੈ | ਲੇਬਲ “ਯੁਵੀ ਰਿਕਾਰਡਜ਼” ਦਾ ਹੈ | ਵੱਖਰੇ ਜਿਹੇ ਵਿਸ਼ੇ ਦਾ ਵੱਖਰੇ ਜਿਹੇ ਅੰਦਾਜ਼ ਵਿੱਚ ਗਾਇਆ ਇਹ ਗੀਤ ਸ਼ੋਸ਼ਲ ਮੀਡੀਆ ਤੇ ਵਾਹਵਾ ਵਿਊ ਬਟੋਰ ਰਿਹਾ ਹੈ |

You may have missed