March 11, 2025

ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਆਸਟਰੀਆ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ 648ਵਾਂ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ

ਰੋਮ(ਕੈਂਥ)ਯੂਰਪ ਦੇ ਸਨੁੱਖੇ ਦੇਸ਼ ਆਸਟਰੀਆਂ ਦੀ ਰਾਜਧਾਨੀ ਵਿਆਨਾ ਵਿਖੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਮਹਾਨ ਤੀਰਥ ਸ਼ਹੀਦੀ ਅਸਥਾਨ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਵਿਖੇ ਮਹਾਨ ਕ੍ਰਾਂਤੀਕਾਰੀ,ਯੁੱਗ ਪੁਰਸ਼,ਮਹਾਨ ਅਧਿਆਤਮਵਾਦੀ, ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਪੁਰਬ ਸਮਾਗਮ ਗੁਰਦੁਅਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਮਿਸ਼ਨਰੀ ਜੱਥਿਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੀ ਗੱਲ ਆਪਣੀ ਬੁਲੰਦ ਤੇ ਸ਼ੁਰੀਲੀ ਆਵਾਜ਼ ਵਿੱਚ ਕਰਦਿਆਂ ਗੁਰੂ ਸਾਹਿਬ ਵੱਲੋਂ ਪਾਏ ਪੂਰਨਿਆਂ ਉਪੱਰ ਤੁਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਹੈਵਨ ਰੱਤੂ ਪ੍ਰਧਾਨ ਤੇ ਸਮੂਹ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਨੇ ਆਈ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਭੱਵਿਖ ਵਿੱਚ ਵੀ ਇੰਝ ਹੀ ਸੰਗਤ ਤੋਂ ਸਹਿਯੋਗ ਦੇਣ ਦੀ ਗੱਲ ਕਹੀ।ਉਹਨਾਂ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਣ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿੱਚ ਅਧਿਆਤਮਿਕ ਚੇਤਨਾ ਨੂੰ ਹੋਰ ਵਧਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਵੱਲੋਂ ਉਚਾਰੀ ਇਲਾਹੀ ਬਾਣੀ ਅਨੁਸਾਰ ਜਨਸਮਾਜ ਵਿੱਚ ਪਿਆਰ,ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਰੁਸ਼ਨਾ ਸਕੇ।ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰਦਿਆਂ ਗੁਰੂ ਦੇ ਜੈਕਾਰੇ ਲਗਾਏ।ਆਈ ਸਭ ਸੰਗਤ ਲਈ ਗੁਰੂ ਦੇ ਅਤੁੱਟ ਲੰਗਰ ਵਰਤੇ ਤੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਗੁਰੂ ਦੀ ਬਖ਼ਸਿ਼ਸ ਸਿਰੋਪਾਓ ਨਾਲ ਵਿਸੇ਼ਸ ਸਨਮਾਨ ਕੀਤਾ ਗਿਆ।