December 22, 2024

ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਰੋਮ ਇਟਲੀ 11 ਨਵੰਬਰ (ਗੁਰਸ਼ਰਨ ਸਿੰਘ ਸੋਨੀ) ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜਿੱਥੇ ਇਸ ਮਹੀਨੇ ਦੁਨੀਆ ਭਰ ਵਿੱਚ ਸੰਗਤਾਂ ਵਲੋਂ ਅਦਬ ਸਤਿਕਾਰ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਇਟਲੀ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਇਸ ਮੌਕੇ ਨਗਰ ਕੀਰਤਨ ਦੀ ਆਰੰਭਤਾ ਤੋ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਭੋਗ ਉਪਰੰਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਤੋ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ । ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘਦਾ ਹੋਇਆ “ ਵੀਆ ਪੈਤਰੋਂ ਮਸਕਾਨੀ 103 “ ਇੰਨਟੈਲੀਜੈਟ ਮਾਰਕੀਟ ਦੇ ਪਿੱਛੇ ਸਥਿਤ ਪਾਰਕਿੰਗ ਵਾਲੀ ਜਗ੍ਹਾ ਤੇ ਨਗਰ ਕੀਰਤਨ ਦਾ ਪੜਾਅ ਕੀਤਾ ਗਿਆ ਤੇ ਇਸ ਜਗ੍ਹਾ ਤੇ ਪੰਥ ਦੇ ਪ੍ਰਸਿੱਧ ਰਾਗੀ ਸਿੰਘਾ, ਕੀਰਤਨੀ ਜਥਿਆਂ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਇਤਿਹਾਸ ਤੋ ਜਾਣੂੰ ਕਰਵਾਇਆ ਗਿਆ ।

ਇਸ ਮੌਕੇ ਮਿਸਲ ਮੀਰੀ ਪੀਰੀ ਬੁੱਢਾ ਦਲ ਰੋਮ ਵਲੋ ਗੱਤਕੇ ਦੇ ਹੈਰਤਮਈ ਜੌਹਰ ਦਿਖਾਈ ਗਏ ਅਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਲਗਾਏ ਗਏ ਸਨ ਤੇ ਪੰਗਤ ਵਿੱਚ ਸੰਗਤਾਂ ਲਈ ਲੰਗਰ ਵੀ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਭਰ ਦੇ ਸਮੂਹ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ, ਇਟਾਲੀਅਨ ਪ੍ਰਸ਼ਾਸਨ ਤੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਮੁੜ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ।

You may have missed