November 21, 2024

ਵਿਰਸੇ ਅਤੇ ਵਾਤਾਵਰਨ ਦੀ ਅਵਾਜ਼ ਬੁਲੰਦ ਕਰਨ ਵਾਲੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਸਿਲਵਰ ਜੁਬਲੀ ਗਾਇਕੀ ਸਫ਼ਰ

ਪੈਸੇ ਦੀ ਅੰਨ੍ਹੀ ਦੌੜ ਵਿਚ ਆਪਣੇ ਆਪ ਨੂੰ ਲੈਜੈਂਡ ਕਹਾਉਣ ਲਈ ਅੱਜ ਕੱਲ੍ਹ ਹਰ ਗਾਇਕ ਜਿਥੇ ਆਪਣੇ ਫ਼ਰਜ਼ਾਂ ਅਤੇ ਇਨਸਾਨੀਅਤ ਨੂੰ ਭੁੱਲਦਾ ਜਾ ਰਿਹਾ , ਉਥੇ ਮਨੁੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਵਾਤਾਵਰਨ, ਵਿਰਸੇ ਦੀ ਸੇਵਾ ਨਿਰੰਤਰ ਨਿਭਾਉਣ ਵਾਲੇ ਬੁਲੰਦ ਆਵਾਜ਼ ਦੇ ਮਾਲਿਕ ਲੋਕ ਗਾਇਕ ਬਲਵੀਰ ਸ਼ੇਰਪੁਰੀ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ । ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਨਜ਼ਦੀਕ ਪੈਂਦੇ ਪਿੰਡ ਸ਼ੇਰ ਪੁਰ ਸੱਧਾ ਵਿਖੇ ਪਿਤਾ ਸ੍ਰੀ ਸੁੱਚਾ ਰਾਮ ਦੇ ਘਰ ਮਾਤਾ ਨਸੀਬ ਕੌਰ ਦੀ ਕੁੱਖੋਂ ਜਨਮੇ ਬਲਵੀਰ ਸ਼ੇਰਪੁਰੀ ਨੇ ਹੁਣ ਤੱਕ ਜਿੱਥੇ ਲੋਕ ਗਾਇਕੀ ਦੇ ਸਿਲਵਰ ਜੁਬਲੀ (25) ਵਰ੍ਹੇ ਤੈਅ ਕੀਤੇ ਉਥੇ ਹੁਣ ਤੱਕ ਪੰਜਾਬ ਦੇ ਹਰੇਕ ਮੁੱਦੇ ਅਤੇ ਵਿਰਸੇ ਵਾਤਾਵਰਨ ਦੇ ਮਹੱਤਵਪੂਰਨ ਵਿਸ਼ਿਆਂ ਨਾਲ ਨੋਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਨਿਸ਼ਕਾਮ ਸੇਵਾ ਨਿਭਾ ਰਹੇ ਹਨ ਹੈ। ਮੁੱਢਲੀ ਪੜ੍ਹਾਈ ਪਿੰਡ ਸ਼ੇਰ ਪੁਰ ਸੱਧਾ ਵਿਖੇ ਪ੍ਰਾਇਮਰੀ ਸਕੂਲ ਅਤੇ ਮਿਡਲ ਤੱਕ ਸਾਹਵਾਲਾ ਅੰਦਰੀਸਾ ਵਿਖੇ ਕੀਤੀ ਹੈ। ਪੜਾਈ ਦੌਰਾਨ ਸਕੂਲੀ ਸਮਾਗਮ ਵਿਚ ਹਿੱਸਾ ਲੈਂਦਿਆਂ ਤਹਿਸੀਲ ਪੱਧਰ ਦੇ ਲੋਕ ਗੀਤ ਮੁਕਾਬਲੇ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਸੰਗੀਤ ਦੀਆਂ ਬਰੀਕੀਆਂ ਸਿੱਖਣ ਲਈ ਪ੍ਰਸਿੱਧ ਸੰਗੀਤਕਾਰ ਹਰਭਜਨ ਹਰੀ ਜੀ ਨਾਲ ਉਸਤਾਦੀ ਰਸਮ ਕੀਤੀ ਹੈ। ਕੈਸਿਟ ਦੌਰ ਵਿੱਚ ਪਹਿਲਾ ਗੀਤ 1998 ਵਿਚ ਰਿਕਾਰਡ ਹੋਇਆ ਅਤੇ ਹੁਣ ਤੱਕ ਲਗਭਗ ਸਵਾ ਸੌ ਦੇ ਕਰੀਬ ਗੀਤ ਰਿਕਾਰਡ ਕਰ ਚੁੱਕੇ ਹਨ। ਬਚਪਨ ਤੋਂ ਗਾਇਕੀ ਦਾ ਸ਼ੌਕ ਹੋਣ ਕਾਰਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਤੋਂ ਪ੍ਰਭਾਵਿਤ ਹੋਏ । ਗ਼ਰੀਬੀ ਦੇ ਬਾਵਜੂਦ ਸੰਘਰਸ਼ ਭਰੀ ਜ਼ਿੰਦਗੀ ਵਿਚ ਹਮੇਸ਼ਾ ਸਾਫ਼ ਸੁਥਰੀ ਗਾਇਕੀ ਨੂੰ ਬਰਕਰਾਰ ਰੱਖਿਆ। ਵਾਤਾਵਰਨ ਤੇ ਪਸ਼ੂ ਪ੍ਰਾਣੀ ਜੇ ਨਾ ਸਾਂਭੇ ਖਤਮ ਕਹਾਣੀ, ਪਵਿੱਤਰ ਕਾਲੀ ਵੇਈਂ, ਮਨੁੱਖਤਾ ਦੀ ਸੇਵਾ, ਧੰਨ ਧੰਨ ਮੇਰਾ ਬਾਬਾ ਨਾਨਕ, ਸੀਚੇਵਾਲ ਮਾਡਲ, ਫੁੱਲ ਕਿਰਪਾ,ਵਰਲਡ ਕੈਂਸਰ ਕੇਅਰ ਦੀ ਟੀਮ ਲਈ ਫਸਲਾਂ ਤੇ ਨਸਲਾਂ , ਨਸ਼ਿਆਂ ਦਾ ਕਹਿਰ , ਲੋਕ ਸਰਕਾਰਾਂ, ਬਚਾਅ ਲੳ ਵਾਤਾਵਰਨ, ਰੰਗਲਾ ਪੰਜਾਬ, ਖਾਲਸਾ ਪੰਥ,ਪੱਗ, ਨਤੀਜਾ , ਰਿਕਾਰਡ ਬੋਲਦੇ,ਮੇਲਾ ਤੀਆਂ ਦਾ ਆਦਿ ਪ੍ਰਸਿੱਧ ਗੀਤ ਬਲਵੀਰ ਸ਼ੇਰਪੁਰੀ ਦੀ ਵੱਖਰੀ ਪਹਿਚਾਣ ਕਰਕੇ ਚਰਚਿਤ ਅਤੇ ਮਕਬੂਲ ਹੋਏ ਹਨ। ਵਿਰਸੇ ਦੇ ਵਾਰਿਸ ਗੀਤ ਰਾਹੀਂ ਲਗਭਗ ਸਾਢੇ ਚਾਰ ਦਰਜਨ ਪ੍ਰਸਿੱਧ ਮਰਹੂਮ ਕਲਾਕਾਰਾਂ ਅਤੇ ਸੂਫੀ ਦਰਵੇਸ਼ ਗਾਇਕਾ ਨੂੰ ਸ਼ਰਧਾਂਜਲੀਆਂ ਭੇਂਟ ਕਰ ਚੁੱਕੇ ਹਨ। ਹੁਣ ਤੱਕ ਗੀਤਕਾਰ ਸਾਬੀ ਚੀਨੀਆਂ, ਨਿਰਵੈਲ ਢਿੱਲੋਂ ਤਾਸ਼ਪੁਰੀ, ਨਿਰਵੈਲ ਮਾਲੂਪੁਰੀ, ਬਿੰਦਰ ਕੋਲੀਆਵਾਲ, ਸ਼ਿੰਦਾ ਕਾਲ਼ਾ ਸੰਘਿਆਂ, ਮੁਖਤਿਆਰ ਸਿੰਘ ਚੰਦੀ , ਤਰਸੇਮ ਸਿੰਘ ਜਲਾਲਪੁਰੀ, ਰਾਜ ਹਰੀਕੇ ਪੱਤਣ, ਬਲਵੀਰ ਕੈਰੋਂ ਵਾਲਾਂ,ਗੇਜ ਰਾਮਿਆਂ ਵਾਲਾ, ਬਾਗਾ ਅਨਮੋਲ,ਤੀਰਥ ਨਾਹਰ, ਸਰੂਪ ਸਿੰਘ ਚੌਧਰੀ, ਲਖਵੀਰ ਲੱਖੀ ਵਾਟਾਂ ਵਾਲੀਆਂ, ਪ੍ਰਗਟ ਸ਼ਾਹੀ ਤਲਵੰਡੀ ਚੌਧਰੀਆਂ, ਬਿੱਲੂ ਜਹਾਂਗੀਰ, ਦੇਸਰਾਜ ਦੁਰਗਾਪੁਰ ਆਦਿ ਦੇ ਗੀਤ ਰਿਕਾਰਡ ਕਰ ਚੁੱਕੇ ਹਨ। ਜਿਨ੍ਹਾਂ ਵਿੱਚ ਸੰਗੀਤਕਾਰ ਹਰੀ ਅਮਿਤ ਅਤੇ ਨੀਰਜ ਕਾਂਤ ਦਾ ਮਿਊਜ਼ਿਕ ਹੈ। ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਕੈਮਰਾਮੈਨ ਭੁਪਿੰਦਰ ਮਾਰਸ਼ਲ ਨਾਲ ਜ਼ਿਆਦਾ ਵੀਡੀਓ ਸ਼ੂਟ ਕੀਤੇ ਹਨ।ਆਪਣੇ ਗਾਇਕੀ ਸਫ਼ਰ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਆਸ਼ੀਰਵਾਦ , ਐਨ ਆਰ ਆਈ ਵੀਰਾਂ ਅਤੇ ਪੰਜਾਬੀ ਸਰੋਤਿਆਂ ਦਾ ਵੱਡਾ ਸਹਿਯੋਗ ਮੰਨਦੇ ਹਨ। ਬਲਵੀਰ ਸ਼ੇਰਪੁਰੀ ਇੱਕ ਵਧੀਆ ਕਲਮਕਾਰ ਵੀ ਹਨ , ਜਿਨ੍ਹਾਂ ਨੇ ਹੁਣ ਤੱਕ ਸੈਂਕੜੇ ਗੀਤ ਲਿਖੇ ਹਨ। ਲੱਚਰ ਅਤੇ ਗੈਂਗਸਟਰ ਗਾਇਕੀ ਬਾਰੇ ਪੰਜਾਬੀ ਸਰੋਤਿਆਂ ਅਤੇ ਪ੍ਰਬੰਧਕਾਂ ਨੂੰ ਜ਼ਿਮੇਵਾਰ ਠਹਿਰਾਉਦਾ ਹੈ। ਸ਼ੋਸ਼ਲ ਮੀਡੀਆ ਤੇ ਆਪਣੀ ਕੰਪਨੀ (BS recordz) ਦੇ ਬੈਨਰ ਹੇਠ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਬਲਵੀਰ ਸ਼ੇਰਪੁਰੀ ਨਾਮ ਤੇ ਬਣਾਇਆ ਹੈ।ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੁਦਰਤ ਨੁੰ ਪਿਆਰ ਕਰਨ ਵਾਲਾ ਇਹ ਗਾਇਕ ਹਮੇਸ਼ਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਰਹੇ।