ਇਟਲੀ ਦੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਖਾਤਮੇ ਲਈ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੀਣ ਦਾ ਨੌਜਵਾਨ ਮੁਨੀਸ਼ ਕੁਮਾਰ ਰਿਸ਼ੀ ਨਗਰ ਕੌਂਸਲ ਦੀਆਂ ਚੋਣਾਂ ਲਈ ਉੱਤਰਿਆ ਮੈਦਾਨ ਵਿੱਚ

ਰੋਮ(ਦਲਵੀਰ ਕੈਂਥ)ਇਟਲੀ ਵਿੱਚ ਭਾਰਤੀਆਂ ਦੀ ਕਾਮਯਾਬੀ ਤੇ ਕਾਬਲੀਅਤ ਤੋਂ ਪ੍ਰਭਾਵਿਤ ਇਟਲੀ ਦੀਆਂ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਕੇ ਨਵਾਂ ਇਤਿਹਾਸ ਸਿਰਜ ਰਹੀਆਂ ਹਨ ਚਾਹੇ ਕਿ ਪਹਿਲਾਂ ਵਿੱਚ ਕੁਝ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਵੋਟਾਂ ਵਿੱਚ ਜਿੱਤ ਹਾਸਿਲ ਕਰਦਿਆਂ ਆਪਣੀ-ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਰ ਇਸ ਵਾਰ ਪਹਿਲਾਂ ਤੋਂ ਵੀ ਵੱਧ ਇਟਲੀ ਦੀਆਂ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰਾਂ ਨੂੰ ਇਟਲੀ ਦੇ ਕਈ ਸੂਬਿਆਂ ਵਿੱਚ 8-9 ਜੂਨ 2024 ਦਿਨ ਸ਼ਨੀਵਾਰ ਤੇ ਐਤਵਾਰ ਨਗਰ ਕੌਂਸਲਾਂ ਦੀਆਂ ਵੋਟਾਂ ਵਿੱਚ ਖੜ੍ਹਾ ਕਰ ਇਟਲੀ ਦੇ ਭਾਰਤੀਆਂ ਨਾਲ ਮੁੱਢ ਤੋਂ ਜੁੜਨ ਦਾ ਕਾਬਲੇ ਤਾਰੀਫ਼ ਫੈਸਲਾ ਕਰ ਰਹੀਆਂ ਹਨ।

ਇਟਲੀ ਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਸਾਰਥਿਕ ਹੱਲ ਕਰਨ ਦੀ ਹਾਮੀ ਭਰਨ ਵਾਲੀ ਸਿਆਸੀ ਪਾਰਟੀ ਪਰਤੀਤੋ ਡੈਮੋਕਰਾਤੀਕੋ ਨੇ ਸੂਬੇ ਇਮਿਲੀਆ ਰੋਮਾਨਾ ਦੇ ਜਿ਼ਲ੍ਹਾ ਰਿਜੋਇਮੀਲੀਆ ਦੇ ਨਗਰ ਕੌਂਸਲ ਕਦਲਬੋਸਕੋ ਦੀ ਸੋਪਰਾ ਦੀਆਂ ਚੋਣਾਂ ਲਈ ਭਾਰਤੀ ਮੂਲ ਦੇ ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ (ਪੰਜਾਬ)ਦੇ ਪਿੰਡ ਭੀਣ ਦੇ ਜੰਮਪਲ ਨੌਜਵਾਨ ਮੁਨੀਸ਼ ਕੁਮਾਰ ਰਿਸ਼ੀ(24)ਪੁੱਤਰ ਮਨਜੀਤ ਪ੍ਰੀਤ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਿਸ ਨੂੰ ਇਲਾਕੇ ਦੇ ਭਾਰਤੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਤੇ ਪ੍ਰਵਾਸੀ ਭਾਈਚਾਰੇ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।14 ਅਕਤੂਬਰ 2007 ਈ:ਨੂੰ ਹੋਂਦ ਵਿੱਚ ਆਈ ਇਟਲੀ ਦੀ ਇਹ ਸਿਆਸੀ ਪਾਰਟੀ ਪਰਤੀਤੋ ਡੈਮੋਕਰਾਤੀਕ ਜਿਸ ਦੇ ਕੌਮੀ ਪ੍ਰਧਾਨ ਸਤੇਫਨੋ ਬੋਨਾਚੀਨੀ ਨੇ ਸਦਾ ਹੀ ਵਿਦੇਸ਼ੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਆਵਾਜ਼ ਬੁਲੰਦ ਕੀਤੀ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਚੋਣ ਮੈਦਾਨ ਵਿੱਚ ਪਹਿਲੀ ਵਾਰ ਉਤਰੇ ਭਾਰਤੀ ਮੂਲ ਦੇ ਨੌਜਵਾਨ ਮਨੀਸ਼ ਕੁਮਾਰ ਰਿਸ਼ੀ ਨੇ ਆਪਣੇ ਵਿਚਾਰ ਸਾਝੈ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਪ੍ਰਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ,ਉਹਨਾਂ ਦੀ ਮਿਹਨਤ ਦਾ ਪੂਰਾ ਹੱਕ ਤੇ ਉਹਨਾਂ ਦੀਆਂ ਕੀਮਤੀ ਜਾਨਾਂ ਦੀ ਕੰਮਾਂ ਦੌਰਾਨ ਸੁਰੱਖਿਆ ਵਰਗੇ ਗੰਭੀਰ ਮੁੱਦਿਆਂ ਉਪੱਰ ਕੰਮ ਕਰ ਰਹੀ ਹੈ ਜਿਸ ਨੂੰ ਅਮਲੀ ਜਾਮਾਂ ਉਹ ਲੋਕ ਵੱਲੋਂ ਦਿੱਤੇ ਜਿੱਤ ਦੇ ਫੱਤਵੇਂ ਮਗਰੋਂ ਪਹਿਨਾਉਣਗੇ।ਪਾਰਟੀ ਦੇ ਕੌਮੀ ਪ੍ਰਧਾਨ ਸਤੇਫਨੋ ਬੋਨਾਚੀਨੀ ਯੂਰਪੀਅਨ ਯੂਨੀਅਨ ਦੀਆਂ ਚੋਣਾਂ ਲੜ ਰਹੇ ਹਨ ਪਾਰਟੀ ਪ੍ਰਵਾਸੀਆਂ ਦੇ ਹੱਕਾਂ ਲਈ ਯੂਰਪੀਅਨ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰੇਗੀ।

ਰਿਸ਼ੀ ਨੇ ਕਿਹਾ ਜੇਕਰ ਇਟਲੀ ਦੇ ਭਾਰਤੀ ਆਪਣੇ ਬੱਚਿਆਂ ਦਾ ਭੱਵਿਖ ਸੁੱਰਖਿਅਤ ਕਰਨ ਚਾਹੁੰਦੇ ਹਨ ਤਾਂ ਜਿਹੜੇ ਵੀ ਭਾਰਤੀ ਉਮੀਦਵਾਰ ਖੜ੍ਹੇ ਹਨ ਉਹਨਾਂ ਨੂੰ ਵੋਟ ਪਾਕੇ ਕਾਮਯਾਬ ਜਰੂਰ ਕਰਨ ਜਿਹਨਾਂ ਕੋਲ ਇਟਾਲੀਅਨ ਨਾਗਰਿਕਤਾਂ ਹੈ ਉਹ ਭਾਰਤੀ ਇਟਾਲੀਅਨ ਲੋਕਾਂ ਦੇ ਬਰਾਬਰ ਹਨ ਬਸ ਲੋੜ ਹੈ ਉਹਨਾਂ ਨੂੰ ਆਪਣੀ ਤਾਕਤ ਨੂੰ ਜਾਣ ਕੇ ਸਹੀ ਫੈਸਲਾ ਕਰਨ ਦੀ ਉਹ ਫੈਸਲਾ ਜਿਹੜਾ ਕਿ ਲੋਕਾਂ ਦੇ ਹਿੱਤ ਵਿੱਚ ਤੇ ਲੋਕਾਂ ਦੇ ਭੱਵਿਖ ਲਈ ਇਤਿਹਾਸਕ ਫੈਸਲਾ ਹੋ ਸਕਦਾ ਹੈ।

Leave a Reply

Your email address will not be published. Required fields are marked *