ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਦੀ ਲਿਖੀ “ ਠੱਲ “ ਕਿਤਾਬ ਲੋਕ ਅਰਪਣ

* ਸਰਵ ਸਾਂਝੇ ਸਾਹਿਤ ਦਾ ਅਨੁਵਾਦ ਹੀ ਵਿਸ਼ਵ ਨੂੰ ਸਦਭਾਵਨਾ ਦੀ ਸਾਂਝੀ ਮਾਲ੍ਹਾ ਵਿੱਚ ਪਰੋ ਸਕਦਾ ਹੈ , ਪ੍ਰੋ ਜਸਪਾਲ ਸਿੰਘ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿੱਖੇ ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਰਜਾ ਸ਼ਾਹ ਦੇ ਤੀਜੇ ਕਾਵਿ ਸੰਗ੍ਰਹਿ ” ਠੱਲ ” ਦਾ ਲੋਕ ਅਰਪਨ ਦੋਵੇਂ ਪੰਜਾਬਾਂ ਦੇ ਸਾਂਝੇ ਸ਼ਾਇਰਾਂ ਵਲੋਂ ਯੂਰਪੀ ਪੰਜਾਬੀ ਲੇਖਕਾਂ ਲਈ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ । ਜ਼ਿਕਰਯੋਗ ਹੈ ਕਿ ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਾਹਿਤਿਕ ਸਮਾਗਮ ਵਿੱਚ ਇਟਲੀ ਵੱਸਦੇ ਦੋਵੇਂ ਪੰਜਾਬਾਂ ਦੇ ਸ਼ਾਹਮੁਖੀ ਅਤੇ ਗੁਰਮੁਖੀ ਦੇ ਸਾਂਝੇ ਲੇਖਕ ਇਕੱਤਰ ਹੋਏ । ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਹ ਸਾਹਿਤਿਕ ਸਮਾਗਮ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ ਜਦੋਂ ਮਿਲਾਨ ਸ਼ਹਿਰ ਦੇ ਦੋ ਕੌਂਸਲਰ ਵੀਚੈਂਨਸੀ ਅਤੇ ਅਮੀਕੇਲੇ ਸਮੇਤ ਇਟਲੀ ਪਾਕਿਸਤਾਨ ਅੰਬੈਂਸੀ ਦੇ ਰਾਜਦੂਤ ਜਨਾਬ ਮੁਹੰਮਦ ਵਾਲਿਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨਾ ਸਾਹਿਤ ਦੇ ਸਾਂਝੇ ਯਤਨਾਂ ਦੀ ਸਰਾਹਨਾ ਕਰਦਿਆਂ ਭਵਿੱਖੀ ਸਹਿਯੋਗ ਦਾ ਵਾਅਦਾ ਵੀ ਕੀਤਾ।ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਲੇਖਕ ਰਜਾ ਸ਼ਾਹ ਦੇ ਤੀਜੇ ਕਾਵਿ ਸੰਗ੍ਰਹਿ ਠੱਲ ਤੇ ਇਕੱਤਰ ਹੋਏ ਇਟਲੀ ਦੇ ਪੰਜਾਬੀ ਲੇਖਕਾਂ ਵਲੋਂ ਪੁਸਤਕ ਤੇ ਵਿਚਾਰ ਚਰਚਾ ਕਰਦਿਆਂ ਕਿਹਾ ਗਿਆ ਕੇ ਰਜ਼ਾ ਸ਼ਾਹ ਅਪਣੀ ਧਰਤੀ ਅਤੇ ਲੋਕਾਂ ਨਾਲ ਜੁੜਿਆ ਲੋਕ ਕਵੀ ਹੈ ਜੋ ਵਿਦੇਸ਼ੀ ਧਰਤੀ ਤੇ ਰਹਿੰਦਿਆ ਵੀ ਆਪਣੀ ਮਿੱਟੀ ਦੀ ਮਹਿਕ ਤੋਂ ਵੱਖ ਨਹੀਂ ਹੋਇਆ। ਉਸਦੀ ਕਵਿਤਾ ਦੇਸ਼ ਤੋਂ ਪ੍ਰਦੇਸ਼ ਦਾ ਸਫ਼ਰ ਤਹਿ ਕਰਦਿਆਂ ਅਨੇਕਾ ਸਵਾਲ ਖੜੇ ਕਰਦੀ ਹੈ। ਪੁਸਤਕ ਦੀ ਵਿਚਾਰ ਚਰਚਾ ਵਿੱਚ ਮਲਿਕ ਸਾਹਿਬ , ਗੌਰੀ ਸਾਹਿਬ ,ਜਨਾਬ ਮਹਮੂਦ ਅਸ਼ਗਰ ਚੌਧਰੀ ਅਤੇ ਦਲਜਿੰਦਰ ਰਹਿਲ ਸਮੇਤ ਪ੍ਰੋ ਜਸਪਾਲ ਸਿੰਘ ਇਟਲੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨਾ ਨੇ ਕਿਹਾ ਕੇ ਰਜ਼ਾ ਸ਼ਾਹ ਦਾ ਸ਼ਾਹ ਮੁੱਖੀ ਵਿੱਚ ਛਪਿਆ ਕਾਵਿ ਸੰਗ੍ਰਹਿ ਗੁਰਮੁਖੀ ਵਿੱਚ ਵੀ ਅਨੁਵਾਦ ਹੋਣਾ ਚਾਹੀਦਾ ਹੈ ਤਾਂ ਕੇ ਅਸੀਂ ਦੋਵੇਂ ਪੰਜਾਬਾਂ ਦੇ ਵਿਸ਼ਵ ਪੱਧਰੀ ਸਾਂਝੇ ਕਾਵਿ ਸੁਨੇਹੇ ਪੰਜਾਬੀ ਦੀਆਂ ਦੋਵੇਂ ਬੋਲੀਆਂ ਵਿੱਚ ਸਮਝ ਕੇ ਅੱਗੇ ਤੋਰ ਸਕੀਏ। ਪ੍ਰੋ ਜਸਪਾਲ ਸਿੰਘ ਹੁਰਾਂ ਇਹ ਵੀ ਕਿਹਾ ਕਿ ਅਜੋਕੇ ਗਲੋਬਲੀ ਯੁੱਗ ਵਿੱਚ ਸਾਰਥਿਕ ਸਾਹਿਤ ਦਾ ਅਨੁਵਾਦ ਹੀ ਵਿਸ਼ਵ ਨੂੰ ਸਾਂਝੀਵਾਲਤਾ ਦੀ ਇੱਕ ਮਾਲਾ ਵਿੱਚ ਪਰੋ ਸਕਦਾ ਹੈ। ਯੂਰਪੀ ਪੱਧਰ ਤੇ ਹੋਏ ਇਸ ਸਾਹਿਤਕ ਸਮਾਗਮ ਵਿੱਚ ਇਟਲੀ ਸਮੇਤ ਫਰਾਂਸ , ਸਵੀਡਨ ਅਤੇ ਯੂ ਕੇ ਤੋਂ ਵੀ ਪੰਜਾਬੀ ਲੇਖਕ ਸ਼ਾਮਿਲ ਹੋਏ ਜਿਨ੍ਹਾਂ ਵਿਦੇਸ਼ੀ ਧਰਤੀ ਤੇ ਹੋਏ ਮਾਂ ਬੋਲੀ ਪੰਜਾਬੀ ਦੇ ਇਸ ਸਾਂਝੇ ਸਹਿਤਿਕ ਸਮਾਗਮ ਦੀ ਸਰਾਹਨਾ ਕੀਤੀ।ਇਸ ਸਹਿਤਿਕ ਸਮਾਗਮ ਵਿੱਚ ਇਕੱਤਰ ਹੋਏ ਲੇਖਕਾਂ ਵਲੋਂ ਕੀਤੇ ਮੁਸ਼ਾਇਰੇ ਵਿੱਚ ਹੋਰਨਾਂ ਤੋਂ ਇਲਾਵਾ ਜਨਾਬ ਜ਼ਫ਼ਰ ਮੀਰ, ਮੁਹੰਮਦ ਸ਼ਰੀਫ਼ ਚੀਮਾ , ਅਹਿਮਦ ਮੁਮਤਾਜ ਸਾਹਿਬ ,ਜੀਮ ਫੇ ਗੌਰੀ , ਬਿਸਾਰਤ ਜਗਵੀ ਸਾਹਿਬ ,ਪ੍ਰੋ ਜਸਪਾਲ ਸਿੰਘ , ਦਲਜਿੰਦਰ ਰਹਿਲ , ਫ਼ੈਸਲ ਬੱਟ ਸਾਹਿਬ , ਨਵਾਜ਼ ਸਾਹਿਬ , ਜ਼ਨਾਬ ਮਹਿਮੂਦ ਅਸ਼ਗਰ ਚੌਧਰੀ , ਜ਼ਨਬ ਮੁਹੰਮਦ ਵਾਲੀਕ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਵਿੱਚ ਰਜ਼ਾ ਸ਼ਾਹ ਦੁਆਰਾ ਪੇਸ਼ ਕੀਤੀ ਪੰਜਾਬੀ ਸ਼ਾਇਰੀ ਨੇ ਸਾਰੇ ਸਰੋਤਿਆਂ ਨੂੰ ਅੰਤ ਤੱਕ ਮੰਤਰ ਮੁਗਧ ਕਰੀਂ ਰੱਖਿਆ।

Leave a Reply

Your email address will not be published. Required fields are marked *