ਇਟਲੀ ਵਿੱਚ 8 ਅਤੇ 9 ਜੂਨ 2024 ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ‘ਚ ਪੰਜਾਬ ਦੇ ਪਿੰਡ ਕਰੀਹਾ(ਸ਼ਹੀਦ ਭਗਤ ਸਿੰਘ ਨਗਰ )ਦਾ ਨੌਜਵਾਨ ਵਰੂਨਜੋਤ ਸਿੰਘ ਵੀ ਉਤਰਿਆ ਚੋਣ ਅਖਾੜੇ ਵਿੱਚ

ਰੋਮ (ਦਲਵੀਰ ਕੈਂਥ) ਇਟਲੀ ਦੀ ਸਿਆਸਤ ਵਿੱਚ ਇਟਲੀ ਦੇ ਭਾਰਤੀਆਂ ਦੀ ਆਮਦ ਸਮੁੱਚੇ ਭਾਰਤੀ ਭਾਈਚਾਰੇ ਲਈ ਚੰਗਾ ਸੰਕੇਤ ਹੀ ਨਹੀਂ ਸਗੋਂ ਆਗਾਜ਼ ਹੈ ਉਸ ਇਨਕਲਾਬ ਦਾ ਜਿਹੜਾ ਭਾਰਤ ਤੇ ਇਟਲੀ ਦੇ ਆਪਸੀ ਸੰਬਧਾਂ ਵਿੱਚ ਨਿਵੇਕਲਾ ਪਿਆਰ ਪੈਦਾ ਕਰੇਗਾ।

ਅਯੋਕੇ ਦੌਰ ਵਿੱਚ ਇਟਲੀ ਦੀਆਂ ਤਮਾਮ ਰਾਜਸੀ ਪਾਰਟੀਆਂ ਨੂੰ ਇਹ ਗੱਲ ਭਲੀਭਾਂਤ ਸਮਝ ਲੱਗ ਚੁੱਕੀ ਹੈ ਕਿ ਇਟਲੀ ਵਿੱਚ ਹੁਣ ਭਾਰਤੀ ਲੋਕਾਂ ਨੂੰ ਸਰੀਕ ਬਣਾਉਣ ਸਮੇਂ ਦੀ ਮੁੱਖ ਮੰਗ ਹੈ। ਜਿਸ ਤਹਿਤ ਇਟਲੀ ਦੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਕਮੂਨੇ (ਨਗਰ ਕੌਂਸਲ ਜਾਂ ਨਿਗਮ) ਦੀਆਂ ਚੋਣਾਂ ਵਿੱਚ ਭਾਰਤੀ ਭਾਈਚਾਰੇ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।

ਇਸ ਮਿਸ਼ਨ ਅਧੀਨ ਹੀ ਪਿਛਲੇ ਇੱਕ ਦਹਾਕੇ ਤੋਂ ਇਟਲੀ ਦੀ ਸਿਆਸਤ ਵਿੱਚ ਹਲਚਲ ਮਚਾ ਰਹੀ ਲੀਬੇਰੀ ਦੀ ਸ਼ੇਲੀਏਰੇ ਪਾਰਟੀ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਕਿਸੇ ਸਮੇਂ ਤਹਿਕਲਾ ਮਚਾਉਣ ਵਾਲੇ ਮਰਹੂਮ ਸਿਆਸਤਦਾਨ ਜਤਿੰਦਰ ਸਿੰਘ ਕਰੀਹਾ ਸਾਬਕਾ ਵਿਧਾਇਕ ਤੇ ਆਗੂ ਸ਼੍ਰੋਮਣੀ ਅਕਾਲੀ ਦਲ(ਬ) ਦੇ ਜੱਦੀ ਪਿੰਡ ਕਰੀਹਾ (ਸ਼ਹੀਦ ਭਗਤ ਸਿੰਘ ਨਗਰ) ਦੇ ਜੰਮਪਲ ਮੁੱਛਪੁੱਟ ਗੱਭਰੂ ਵਰੂਨਜੋਤ ਸਿੰਘ (18) ਪੁੱਤਰ ਤਰਲੋਚਨ ਸਿੰਘ ਕਰੀਹਾ ਨੂੰ ਆਪਣੀ ਪਾਰਟੀ ਵੱਲੋਂ ਇਮੀਲੀਆ ਰੋਮਾਨਾ ਸੂਬੇ ਦੇ ਸ਼ਹਿਰ ਕਸਤੇਲ ਫਰਾਂਕੋ ਇਮੀਲੀਆ (ਮੋਦਨਾ) ਵਿਖੇ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਮੇਅਰ ਦੇ ਸਲਾਹਕਾਰ ਵਜੋਂ ਉਮੀਦਵਾਰ ਬਣਾਕੇ ਉਤਾਰਿਆ ਹੈ। ਜਿਸ ਨੂੰ ਇਟਾਲੀਅਨ, ਭਾਰਤੀ ਤੇ ਹੋਰ ਦੇਸ਼ਾਂ ਦੇ ਭਾਈਚਾਰੇ ਵੱਲੋਂ ਭਰਵੀਂ ਹਮਾਇਤ ਮਿਲ ਰਹੀ ਹੈ।

ਉਮੀਦਵਾਰ ਵਰੂਨਜੋਤ ਸਿੰਘ ਦੇ ਪਿਤਾ ਤਰਲੋਚਨ ਸਿੰਘ ਕਰੀਹਾ ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇ ਤੋਂ ਇਟਲੀ ਰਹਿਣ ਬਸੇਰਾ ਕਰ ਰਹੇ ਹਨ ਤੇ ਇਲਾਕੇ ਵਿੱਚ ਸਮਾਜ ਸੇਵੀ ਕਾਰਜਾਂ ਵਿੱਚ ਵਿਚਰਦੇ ਰਹਿੰਦੇ ਹਨ।ਇਸ ਮੌਕੇ “ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ”ਨਾਲ ਆਪਣੇ ਵਿਚਾਰ ਸਾਂਝੈ ਕਰਦਿਆਂ ਵਰੂਨਜੋਤ ਸਿੰਘ ਨੇ ਕਿਹਾ ਕਿ ਜੇਕਰ ਇਲਾਕੇ ਦਾ ਸਮੂਹ ਭਾਈਚਾਰਾ ਨੂੰ ਇਹਨਾਂ ਚੋਣਾਂ ਦੁਆਰਾ ਚੁਣ ਕੇ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਇਲਾਕੇ ਦੇ ਪ੍ਰਵਾਸੀਆਂ ਦੀਆਂ ਪੇਚੀਦਾ ਮੁਸ਼ਕਿਲਾਂ ਦੇ ਹੱਲ ਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੇ।ਉਹਨਾਂ ਅਪੀਲ ਕੀਤੀ ਹੈ ਹਰ ਭਾਰਤੀ ਜਿਸ ਲੋਕ ਇਟਾਲੀਅਨ ਨਾਗਰਿਕਤਾ ਹੈ ਉਹ ਇਹਨਾਂ ਚੋਣਾਂ ਵਿੱਚ ਵੋਟ ਜ਼ਰੂਰ ਪਾਵੇ।

Leave a Reply

Your email address will not be published. Required fields are marked *