October 16, 2024

ਹਾਜ਼ਰਾ ਹਜ਼ੂਰ ਧੰਨ ਸ਼੍ਰੀ ਗ੍ਰੰਥ ਸਾਹਿਬ ਜੀਓ ਦੇ 420ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤੇ ਦਸਤਾਰ ਜਾਗਰੂਕਤਾ ਮਾਰਚ ਵਿੱਚ ਆਇਆ ਸੰਗਤ ਦਾ ਹੜ੍ਹ,ਖਾਲਸੇ ਦੇ ਜੈਕਾਰਿਆ ਨਾਲ ਗੂੰਜਿਆ ਕਰੇਮੋਨਾ

ਕਰੇਮੋਨਾ(ਦਲਵੀਰ ਕੈਂਥ)ਮਹਾਨ ਸਿੱਖ ਧਰਮ ਦੀ ਅਗਵਾਈ ਕਰ ਰਹੀ ਧੁਰ ਕੀ ਬਾਣੀ ਦੇ ਸਮੁੰਦਰ,36 ਮਹਾਂਪੁਰਸ਼ਾਂ ਦੀ ਆਤਮਿਕ ਜੋਤ ,ਚਵਰ ਤਖ਼ਤ ਛੱਤਰ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ 420ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤੇ ਦਸਤਾਰ ਜਾਗਰੂਕਤਾ ਮਾਰਚ ਇਟਲੀ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਸਿੱਖੀ ਦਾ ਝੰਡਾ ਯੂਰਪ ਵਿੱਚ ਬੁਲੰਦ ਕਰਨ ਲਈ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰੇਮੋਨਾ ਸ਼ਹਿਰ ਵਿਖੇ ਪੂਰਨ ਸਿੱਖ ਮਰਿਆਦਾ ਅਨੁਸਾਰ ਕਰਵਾਇਆ ਜਿਸ ਵਿੱਚ ਇਟਲੀ ਭਰ ਤੋਂ ਸੰਗਤਾਂ ਦਾ ਹੜ੍ਹ ਰੂਪੀ ਵਿਸ਼ਾਲ ਠਾਠਾਂ ਮਾਰਦਾ ਇੱਕਠ ਹੋਇਆ ਜਿਸ ਨੇ ਖਾਲਸੇ ਦੇ ਜੈਕਾਰੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ”ਨਾਲ ਕਰੇਮੋਨਾ ਸ਼ਹਿਰ ਨੂੰ ਚੁਫ਼ੇਰਿਓ ਗੂੰਜਣ ਲਗਾ ਦਿੱਤਾ।ਸ਼ਰਧਾ ਤੇ ਭਗਤੀ ਲਹਿਰ ਦੀਆਂ ਬਾਤਾਂ ਪਾਉਂਦੇ ਇਸ ਮਹਾਨ ਗੁਰਮਤਿ ਸਮਾਗਮ ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਗਰਾਊਂਡ ਵਿੱਚ ਮਾਰਚ ਕਰਦਿਆਂ ਕੀਤੀ ਗਈ ਉਪਰੰਤ ਸਜਾਏ ਗਏ ਵਿਸ਼ੇਸ ਪੰਡਾਲਾਂ ਵਿੱਚ ਗੁਰਬਾਣੀ ਦੇ ਜਾਪਾਂ ਦੀ ਸਮਾਪਤੀ ਹੁੰਦਿਆਂ ਗੁਰੂ ਸਾਹਿਬਾਨਾਂ ਦੀ ਚਰਨ ਛੂਹ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਆਈ ਪੰਥਕ ਸਖ਼ਸੀਅਤ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਮੰਤਰ ਮੁਗਧ ਕਰ ਦਿੱਤਾ।ਪੰਡਾਲ ਦੀਆਂ ਸੰਗਤਾਂ ਕਿਰਮੋਨਾ ਦੀ ਧਰਤੀ ਉਪੱਰ ਹੋ ਰਹੇ ਇਸ ਪਲੇਠੇ ਨਿਰੋਲ ਗੁਰਮਤਿ ਸਮਾਗਮ ਨੂੰ ਇੱਕ ਮਨ ਇੱਕ ਚਿੱਤ ਹੋ ਸਰਵਣ ਕਰ ਰਹੀਆਂ ਸਨ ਜਿਹਨਾਂ ਨੂੰ ਕੀਰਤਨ ਉਪੰਰਤ ਸਿੱਖ ਪੰਥ ਦੀ ਸਿਰਮੌਰ ਪੰਥਕ ਹਸਤੀ ਢਾਡੀ ਕਲਾ’ਚ ਭਰਪੂਰ ਢਾਡੀ ਜੱਥੇ ਗਿਆਨੀ ਪ੍ਰੇਮ ਸਿੰਘ ਪਦਮ ਤੇ ਸਾਥੀਆਂ ਨੇ ਮਹਾਨ ਸਿੱਖ ਧਰਮ ਦਾ ਲਾਸਾਨੀ ਇਤਿਹਾਸ ਆਪਣੀ ਬੇਬਾਕ ਤੇ ਦਮਦਾਰ ਆਵਾਜ਼ ਨਾਲ ਢਾਡੀ ਵਾਰਾਂ ਰਾਹੀ ਸਰਵਣ ਕਰਵਾਇਆ। ਸਮਾਗਮ ਦੀ ਵਿਲੱਖਣ ਦਿਖ ਪੰਜਾਬ ਦੇ ਕਿਸੇ ਇਤਿਹਾਸਕ ਗੁਰਮਿਤ ਸਮਾਗਮ ਦਾ ਭੁਲੇਖਾ ਪਾ ਰਹੀ ਸੀ।ਕਲਤੂਰਾ ਸਿੱਖ ਇਟਲੀ ਦੀ ਪ੍ਰਬਧੰਕ ਕਮੇਟੀ ਨੇ ਇਸ ਸਮਾਗਮ ਦੁਆਰਾ ਵੱਖਰੀ ਮਿਸਾਲ ਪੇਸ਼ ਕਰਦਿਆਂ ਇਹ ਸੁਨੇਹਾ ਦਿੱਤਾ ਕਿ ਗੁਰਮਤਿ ਸਮਾਗਮਾਂ ਵਿੱਚ ਸਿੱਖ ਮਰਿਆਦਾ ਵੀ ਉਸ ਤਰ੍ਹਾਂ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਇੱਕ ਸਿੱਖ ਦੇ ਜੀਵਨ ਵਿੱਚ ਸਿੱਖ ਮਰਿਆਦਾ ਲਾਜ਼ਮੀ ਹੈ।ਪ੍ਰਬੰਧਕਾਂ ਦਾ ਸਲਾਘਾਂਯੋਗ ਕਾਰਜ ਲੰਗਰਾਂ ਲਈ ਵਿਸ਼ੇਸ਼ ਤੌਰ ਤੇ ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਏ ਗਏ। ਇਸ ਗੁਰਮਤਿ ਸਮਾਗਮ ਵਿੱਚ ਦਸਤਾਰ ਅਤੇ ਦੁਮਾਲਿਆ ਦੇ ਮੁਕਾਬਲੇ ਵੀ ਹੋਏ ਜਿਹਨਾਂ ਵਿੱਚ ਮੁੰਡੇ ਅਤੇ ਕੁੜੀਆਂ ਨੇ ਛੇਂ ਵੱਖ ਵੱਖ ਗਰੁੱਪਾ ਵਿੱਚ ਭਾਗ ਲਿਆ।ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਪ੍ਰਤੀਯੋਗੀਆ ਨੂੰ ਸਨਮਾਨ ਕੀਤਾ ਗਿਆ। ਨੌਰਥ ਇਟਲੀ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਵਲੋ ਲੰਗਰਾਂ ਦੀਆ ਸੇਵਾਵਾਂ ਕੀਤੀਆ ਗਿਆ। ਸਮਾਗਮ ਵਿੱਚਇਟਲੀ ਭਰ ਤੋਂ ਸੰਗਤਾਂ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚੀਆਂ ਜਦੋਂ ਕਿ ਉੱਤਰੀ ਇਟਲੀ ਦੀਆ ਬਹੁ-ਗਿਣਤੀ ਕਮੇਟੀਆ ਨੇਂ ਸ਼ਮੂਲੀਅਤ ਕੀਤੀ।ਇਸ ਇਤਿਹਾਸ ਗੁਰਮਿਤ ਸਮਾਗਮ ਲਈ ਯੁਗੋ-ਯੁੱਗ ਅਟੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਕਲਗੀਧਰ ਸਾਹਿਬ ਸੰਨਯਵਾਨੀ ਕਰੋਚੇ (ਕਰੇਮੋਨਾ)ਤੋਂ ਸੰਗਤਾਂ ਨੂੰ ਰਹਿਮਤਾਂ ਦੀਆਂ ਬਖ਼ਸਿਸ਼ਾਂ ਕਰਨ ਪਹੁੰਚੇ।