October 22, 2024

ਸ਼੍ਰੋਮਣੀ ਅਕਾਲੀ ਦਲ ਐਨ,ਆਰ,ਆਈ ਵਿੰਗ ਇਟਲੀ ਨਿੱਤਰਿਆ ਜੱਥੇਦਾਰ ਹਰਪ੍ਰੀਤ ਸਿੰਘ ਦੀ ਹਮਾਇਤ ਉੱਤੇ

ਰੋਮ(ਕੈਂਥ)ਸਿਆਸੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀਓ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਾਨ ‘ਚ ਕੀਤੀ ਕੁਤਾਹੀ ਤੇ ਬੋਲੇ ਅਪਸ਼ਬਦਾਂ ਨੇ ਜਿੱਥੇ ਸਮੁੱਚੇ ਸਿੱਖ ਸਮਾਜ ਦੇ ਦਿਲਾਂ ਉਪੱਰ ਡੂੰਘੀ ਸੱਟ ਮਾਰੀ ਹੈ ਉੱਥੇ ਅਜਿਹੇ ਸਿੱਖੀ ਵਿਰੋਧੀ ਅਨਸਰਾਂ ਉਪੱਰ ਸਖ਼ਤ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਐਨ,ਆਰ,ਆਈ ਵਿੰਗ ਇਟਲੀ ਨੇ ਮੰਗ ਕਰਦਿਆ ਭਾਵੁਕ ਭਾਵਨਾ ਨਾਲ ਪ੍ਰਧਾਨ ਜਸਵੰਤ ਸਿੰਘ ਲਹਿਰਾ,ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ,ਜਨਰਲ ਸਕੱਤਰ ਹਰਦੀਪ ਸਿੰਘ ਬੋਦਲ,ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਅਰ,ਜਸਵਿੰਦਰ ਸਿੰਘ ਭਗਤੂਮਾਜਰਾ ਤੇ ਯੂਥ ਵਿੰਗ ਇਟਲੀ ਪ੍ਰਧਾਨ ਸੁਖਜਿੰਦਰ ਸਿੰਘ ਕਾਲਰੂ ਆਦਿ ਆਗੂਆਂ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਨੂੰ ਕਿਹਾ ਕਿ ਸਿੱਖ ਸਮਾਜ ਲਈ 5 ਤਖ਼ਤਾਂ ਦੇ ਪ੍ਰਧਾਨ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਹਨ ਉਹਨਾਂ ਦੀ ਸ਼ਾਨ ਦੇ ਖਿਲਾਫ਼ ਕੋਈ ਸਖ਼ਸ ਜਿਹੜਾ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਕੇ ਮੰਦਭਾਗੇ ਬੋਲ ਬੋਲਦਾ ਉਹ ਜਿੱਡਾ ਮਰਜ਼ੀ ਸ਼ਰਮਾਏਦਾਰ ਜਾਂ ਸਿਆਸੀ ਤਾਕਤ ਵਾਲਾ ਹੋਵੇ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ।ਸਿੱਖੀ ਤਾਂ ਸਭ ਨੂੰ ਮਾਣ-ਸਨਮਾਨ ਤੇ ਸਤਿਕਾਰ ਦੇਣਾ ਸਿਖਾਉਂਦੀ ਹੈ ਚਾਹੇ ਕੋਈ ਆਮ ਆਦਮੀ ਵੀ ਹੋਵੇ ਉਸ ਨੂੰ ਜਾਤੀ ਸੂਚਕ ਸ਼ਬਦ ਕਦੀ ਵੀ ਨਹੀ ਬੋਲਣੇ ਚਾਹੀਦੇ ਅਜਿਹਾ ਵਿਰਤਾਰਾ ਗੈਰ-ਸੰਵਿਧਾਨਕ ਤੇ ਸਿੱਖੀ ਸਿਧਾਂਤਾਂ ਦੇ ਉਲੱਟ ਹੈ।

ਸ਼੍ਰੋਮਣੀ ਅਕਾਲੀ ਦਲ ਐਨ ,ਆਰ, ਆਈ ਵਿੰਗ ਇਟਲੀ ਜੱਥੇਦਾਰ ਭਾਈ ਸਾਹਿਬ ਹਰਪ੍ਰੀਤ ਸਿੰਘ ਨਾਲ ਡੱਟਕੇ ਖੜ੍ਹਾ ਹੈ ਉਹਨਾਂ ਲਈ ਜੱਥੇਦਾਰ ਸਾਹਿਬ ਬਹੁਤ ਸਤਿਕਾਰਤ ਹਸਤੀ ਹਨ।ਆਗੂਆਂ ਨੇ ਆਪਣੇ ਵੱਲੋਂ ਸਮੂਹ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਾਰਾ ਭਾਈਚਾਰਾ ਜਾਤੀਵਾਦ ਤੋਂ ਉਪੱਰ ਉੱਠੇ ਤੇ ਅਜਿਹੇ ਸ਼ਬਦਾਂ ਨੂੰ ਬੋਲਣ ਤੋਂ ਗੁਰੇਜ ਕਰੇ ਜਿਸ ਨਾਲ ਆਪਣੀ ਭਾਈਚਾਰਕ ਸਾਂਝ ਲੀਰੋ-ਲੀਰ ਹੁੰਦੀ ਹੈ।ਜਿਹੜਾ ਗੁਰੂ ਦਾ ਅਸਲ ਸਿੱਖ ਹੈ ਉਹ ਤਾਂ ਜਾਤ-ਪਾਤ ਊਚ-ਨੀਚ ਤੋਂ ਕੋਹਾ ਦੂਰ ਹੈ।


ਫੋਟੋ ਕੈਪਸ਼ਨ-ਜਗਵੰਤ ਸਿੰਘ ਲਹਿਰਾ