January 28, 2025

ਗੁਰਦੁਆਰੇ ਦੇ ਵਜ਼ੀਰ ਵੱਲੋਂ ਸੰਗਤ ਨੂੰ ਮਰਿਆਦਾ ਭੰਗ ਕਰਨ ਤੋਂ ਰੋਕਣ ਤੇ ਹੋਈ ਝੜਪ ਵਿੱਚ ਹੋ ਗਈ ਮਰਿਆਦਾ ਭੰਗ ਤੇ ਕਰ ਦਿੱਤੀ ਕੇਸਾਂ ਦੀ ਬੇਅਦਬੀ

ਰੋਮ(ਦਲਵੀਰ ਕੈਂਥ)ਬਾਬਾ ਲੱਖੀ ਸ਼ਾਹ ਵਣਜਾਰਾ ਗੁਰਦੁਆਰਾ ਸਾਹਿਬ ਪੌਂਤੇਕੂਰੋਨੇ ਅਲੇਸਾਂਦਰੀਆ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈਕੇ ਪ੍ਰਬੰਧਕਾਂ ਤੇ ਸੰਗਤਾਂ ਵਿੱਚ ਬਣਿਆ ਵਿਵਾਦ ਉਸ ਵੇਲੇ ਲੜਾਈ ਦਾ ਰੂਪ ਧਾਰਨ ਕਰ ਗਿਆ ਜਦੋਂ ਗੁਰਦੁਆਰਾ ਸਾਹਿਬ ਵਿਖੇ ਕਿਸੇ ਗੱਲ ਨੂੰ ਲੈਕੇ ਸੰਗਤਾਂ ਦੀ ਆਪਸ ਵਿੱਚ ਝੜਪ ਹੋ ਗਈ।ਪ੍ਰੈੱਸ ਨੂੰ ਮੌਜੂਦਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਦੀ ਜਦੋਂ ਚੋਣ ਕੀਤੀ ਗਈ ਤਾਂ ਕੁਝ ਸੰਗਤਾਂ ਵੱਲੋਂ ਇਸ ਦਾ ਵਿਰੋਧ ਕੀਤਾ ।ਗੁਰਦੁਆਰਾ ਸਾਹਿਬ ਵਿਖੇ ਅਜਿਹੇ ਵਤੀਰੇ ਨੂੰ ਦੇਖ ਜੋ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਹੀ ਇੱਕ ਰੂਪ ਹੈ ਸੰਬਧੀ ਗੁਰਦੁਆਰਾ ਸਾਹਿਬ ਦੇ ਵਜ਼ੀਰ ਨੇ ਸੰਗਤਾਂ ਨੂੰ ਹਲੂਣਾ ਦਿੰਦਿਆਂ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਮਨਮੱਤ ਵਾਲੇ ਕੰਮ ਕਰਨਾ ਗੁਰੂ ਦੇ ਸ਼ਰੀਕ ਬਣਨ ਵਾਂਗਰ ਹੈ ।ਗੁਰਦੁਆਰਾ ਸਾਹਿਬ ਦੇ ਵਜ਼ੀਰ ਨੇ ਜਦੋਂ ਅਜਿਹੀਆਂ ਫੱਟਕਾਰਾ ਗੁਰੂਘਰ ਦਾ ਮਾਹੌਲ ਖਰਾਬ ਕਰਨ ਵਾਲੀ ਸੰਗਤ ਨੂੰ ਪਾਈਆਂ ਤਾਂ ਅੱਗੋਂ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਨ ਵਾਲੀ ਸੰਗਤ ਨੇ ਬਾਬੇ ਨੂੰ ਅਪਸ਼ਬਦ ਬੋਲ ਦਿੱਤੇ ਜਿਸ ਦੇ ਨਾਲ ਕਈ ਸੰਗਤਾਂ ਜਿਹੜੀਆਂ ਕਿ ਗੁਰੂ ਘਰ ਦੇ ਵਜ਼ੀਰ ਦਾ ਬਹੁਤ ਮਾਣ-ਸਤਿਕਾਰ ਕਰਦੀਆਂ ਸਨ ਉਹਨਾਂ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਅੰਤ ਇਹ ਵਿਵਾਦ ਪਹਿਲਾਂ ਝੜਪ ਫਿਰ ਲੜਾਈ ਦਾ ਕਾਰਨ ਬਣ ਗਿਆ ਜਿਸ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਹੋਈ ਉੱਥੇ ਇੱਕ ਅੰਮ੍ਰਿਤਧਾਰੀ ਸਿੱਖ ਦੇ ਕੇਸਾਂ ਦੀ ਬੇਅਦਬੀ ਵੀ ਹੋਈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।ਜਿਸ ਉਪੱਰ ਮੌਜੂਦਾ ਪ੍ਰਬੰਧਕ ਕਮੇਟੀ ਨੇ ਡੂੰਘੇ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਬਿਰਤਾਰੇ ਦੀ ਘੋਰ ਨਿੰਦਿਆਂ ਕੀਤੀ ਹੈ।ਨਵੀਂ ਚੁਣੀ ਪ੍ਰਬੰਧਕ ਕਮੇਟੀ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਿਹੜੀ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਰਜ ਨਹੀਂ ਮਿਲਿਆ ਉਸ ਨੇ ਹੀ ਇਹ ਸਾਰਾ ਖਲੱਲ ਪਾਇਆ।ਉਹ ਚਾਹੁੰਦੇ ਸੀ ਕਿ ਗੁਰਦੁਆਰੇ ਦਾ ਪ੍ਰਬੰਧ ਉਹਨਾਂ ਹੀ ਲੈਣਾ ਇਸ ਲਈ ਉਹਨਾਂ ਨੂੰ ਚਾਹੇ ਜੋ ਮਰਜ਼ੀ ਕਰਨਾ ਪਵੇ।ਜਿਸ ਕਾਰਨ ਇਹ ਸਾਰੀ ਮਾਰੋਮਾਰ ਹੋਈ।ਇਸ ਸਾਰੇ ਘਟਨਾਕ੍ਰਮ ਸੰਬਧੀ ਜਦੋਂ ਇਸ ਪੱਤਰਕਾਰ ਨੇ ਦੂਜੀ ਸੰਗਤ ਨਾਲ ਰਾਫ਼ਤਾ ਕੀਤਾ ਤਾਂ ਉਹਨਾਂ ਕਿਹਾ ਕਿ ਮੌਜੂਦਾ ਪ੍ਰਬੰਧ ਕਮੇਟੀ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੀ ਹੈ ਜਿਸ ਨੂੰ ਸੰਗਤਾਂ ਨੇ ਪਿਛਲੇ ਸਮੇਂ ਇਹ ਗੁਜ਼ਾਰਿਸ ਕੀਤੀ ਸੀ ਕਿ ਉਹ ਹੁਣ ਹੋਰ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਮੌਕਾ ਦੇਣ ਪਰ ਪ੍ਰਬੰਧਕਾਂ ਨੇ ਸੰਗਤ ਦੀ ਕੋਈ ਨਹੀਂ ਸੁਣੀ।ਸੰਗਤ ਵਾਰ-ਵਾਰ ਕਹਿ ਕੇ ਥੱਕ ਚੁੱਕੀ ਸੀ ਫਿਰ ਇਹਨਾਂ ਨੇ ਆਪ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਦਾ ਪੁਨਰ ਗਠਨ ਕਰ ਦਿੱਤਾ ਤੇ ਸਿਰੋਪਾਓ ਪਾਕੇ ਜੈਕਾਰੇ ਲਗਾ ਦਿੱਤੇ।ਆਪੂ ਬਣੀ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਨੇ ਸਹਿਮਤੀ ਨਹੀਂ ਦਿੱਤੀ ।ਜਿਸ ਦਿਨ ਚੋਣ ਕਰਨ ਦਾ ਡਰਾਮਾ ਮੌਜੂਦਾ ਪ੍ਰਬੰਧਕਾਂ ਨੇ ਕੀਤਾ ਉਸ ਦਿਨ ਵੀ ਸੰਗਤ ਨੇ ਸਾਂਤਮਈ ਢੰਗ ਨਾਲ ਅਪੀਲ ਕੀਤੀ ਪਰ
ਪ੍ਰਬੰਧਕਾਂ ਦੇ ਹੋ ਰਹੇ ਵਿਰੋਧ ਕਾਰਨ ਹੀ ਇੱਕ ਗੁਰਸਿੱਖ ਦੇ ਕੇਸਾਂ ਦੀ ਤੇ ਗੁਰਮਰਿਆਦਾ ਦੀ ਬੇਅਦਬੀ ਹੋਈ ਹੈ ਜਿਸ ਗੁਰਸਿੱਖ ਨੂੰ ਪ੍ਰਬੰਧਕਾਂ ਦੇ ਇਸ਼ਾਰੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਉਹ ਇਸ ਵਕਤ ਜ਼ੇਰੇ ਇਲਾਜ ਹੈ।ਸਿਆਸਤ ਦਾ ਸਿ਼ਕਾਰ ਹੋਈ ਇਸ ਸੰਗਤ ਦੀ ਇਟਲੀ ਦੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਸ ਧੱਕੇਸ਼ਾਹੀ ਵਿਰੁੱਧ ਜਲਦ ਕੋਈ ਕਾਰਵਾਈ ਕਰਨ ਤਾਂ ਜੋ ਹੋਰ ਕੋਈ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਹੋ ਸਕੇ।ਇੱਥੇ ਇਹ ਵੀ ਵਿਚਾਰਨਯੋਗ ਹੈ ਇਟਲੀ ਵਿੱਚ ਬੇਸ਼ੱਕ ਸਿੱਖ ਧਰਮ ਦੇ ਗੁਰਦੁਆਰਾ ਸਾਹਿਬ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਪਰ ਅਫ਼ਸੋਸ ਇਸ ਦੇ ਨਾਲ ਹੀ ਕੁਝ ਸਿੱਖ ਆਗੂਆਂ ਵਿੱਚ ਚੌਧਰ ਦੀ ਲਾਲਸਾ ਵੀ ਸਿਖ਼ਰ ਵੱਲ ਹੈ ਜਿਸ ਦੇ ਚੱਲਦਿਆਂ ਸ਼ਰੇਆਮ ਸਿੱਖ ਮਰਿਆਦਾ ਦੀ ਧੱਜੀਆਂ ਉਡਾਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਣਨ ਦਾ ਜਾਂ ਮਾਲਕ ਬਣਨ ਦਾ ਗੌਰਖਧੰਦਾ ਇਟਲੀ ਦੇ ਚੁਫ਼ੇਰੇ ਜ਼ੋਰਾਂ ਤੇ ਹੈ।ਅਜਿਹੀਆਂ ਮਨਮੁੱਖ ਧਰਮ ਵਿਰੋਧੀ ਕੁਰੀਤੀਆਂ ਨੂੰ ਸਿੱਖ ਸੰਗਤਾਂ ਰੋਕਣ ਲਈ ਚਾਹੇ ਅੱਡੀਆਂ ਚੁੱਕ ਜੋ਼ਰ ਲਗਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਪਰਨਾਲਾ ਉੱਥੋ ਹਟੱਣ ਦਾ ਨਾਮ ਨਹੀਂ ਲੈ ਰਿਹਾ ।ਜੇਕਰ ਹਾਲਤ ਇਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪ੍ਰਸ਼ਾਸਨ ਨੇ ਸਾਨੂੰ ਸਮਾਗਮਾਂ ਦੀਆਂ ਪ੍ਰਵਾਨਗੀਆਂ ਦੇਣੀਆਂ ਬੰਦ ਕਰ ਦੇਣੀਆਂ ਹਨ ਕਿਉਂਕਿ ਉਸ ਨੂੰ ਇਸ ਗੱਲ ਦਾ ਸਦਾ ਹੀ ਇਹ ਖ਼ਦਸ਼ਾ ਬਣਿਆ ਰਹਿੰਦਾ ਹੈ ਕਿ ਇਹ ਲੋਕ ਕਦੀਂ ਵੀ ਆਪਸ ਵਿੱਚ ਲਹੂ ਲੂਹਾਣ ਹੋ ਸਕਦੇ ਹਨ।

You may have missed