August 27, 2026

ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਾਸਤੇ ਇਟਲੀ ਦੇ ਵਿੱਚ ਮੋਹਰਲੀ ਕਤਾਰ ਵਿੱਚ ਜਾਣੀ ਜਾਂਦੀ ਸੰਸਥਾ ਕਲਤੂਰਾ ਸਿੱਖ ਇਟਲੀ

ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵਾਸਤੇ ਇਟਲੀ ਦੇ ਵਿੱਚ ਮੋਹਰਲੀ ਕਤਾਰ ਵਿੱਚ ਜਾਣੀ ਜਾਂਦੀ ਸੰਸਥਾ ਕਲਤੂਰਾ ਸਿੱਖ ਇਟਲੀ, ਜੋ ਸਿੱਖੀ ਨੂੰ ਪ੍ਰਫੁਲਿਤ ਕਰਨ ਵਾਸਤੇ ਸਮੇਂ ਸਮੇਂ ਉਪਰਾਲੇ ਕਰਦੀ ਰਹਿੰਦੀ ਹੈ ਉਨ੍ਹਾਂ ਵੱਲੋਂ ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਗੁਰਮਤਿ ਸਮਾਗਮ ਸ਼ਹਿਰ ਸੰਤਾ ਇਲਾਰੀਆ ਦੀ ਐਨਸਾ(ਰਿਜੋਮਿਲੀਆ) ਵਿਖੇ 5 ਸਤੰਬਰ ਦਿਨ ਸ਼ਨੀਵਾਰ ਨੂੰ ਕਲਤੂਰਾ ਸਿੱਖ ਇਟਲੀ ਅਤੇ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲਾ ਵੱਲੋਂ ਇਟਲੀ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਮਤਿ ਵਿਦਿਆਲਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਵਿਦਿਆਰਥੀ ਗੁਰਬਾਣੀ ਦੇ ਜਾਪ ਕਰਨਗੇ। ਉਪਰੰਤ ਪਹੁੰਚੇ ਹੋਏ ਜੱਥੇ ਭਾਈ ਮੱਖਣ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਢਾਡੀ ਭਾਈ ਹਰਦੀਪ ਸਿੰਘ ਮਾਨੋਚਾਹਲ ਅਤੇ ਉਨ੍ਹਾਂ ਦੇ ਸਾਥੀ ਅਤੇ ਸੰਤ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਇੱਥੇ ਵਰਨਣ ਯੋਗ ਹੈ ਕਿ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਜੋ ਪਿਛਲੇ ਸਾਲ ਤੋਂ ਗੁਰੂ ਦੀ ਮਰਿਯਾਦਾ ਪਹਿਲੇ ਪੰਗਤ ਪਾਛੇ ਸੰਗਤ ਬਹਾਲ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਕੇ ਲੰਗਰ ਪੰਗਤ ਵਿੱਚ ਬਿਠਾ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਛਕਾਏ ਜਾਣਗੇ। ਸਾਰੀਆਂ ਧਾਰਮਿਕ ਸੰਸਥਾਵਾਂ, ਗਤਕਾ ਅਕੈਡਮੀਆਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਹੁੰਮ ਹੁੰਮਾ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

You may have missed