October 10, 2024

ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ(ਅਰੇਸੋ)ਨੂੰ ਲੱਗੀ ਭਿਆਨਕ ਅੱਗ ਵਿੱਚ ਹੋਇਆਂ ਲੱਖਾਂ ਯੂਰੋ ਦਾ ਨੁਕਸਾਨ,ਅੰਮ੍ਰਿਤਬਾਣੀ ਦੇ 2 ਸਰੂਪ ਵੀ ਹੋਏ ਅਗਨ ਭੇਂਟ,ਸੰਗਤ ਵਿੱਚ ਸੋਗ

ਰੋਮ(ਦਲਵੀਰ ਕੈਂਥ)ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਬਾਲਕੇ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਹੋ ਸੇਵਾ ਨਿਭਾਉਣ ਵਾਲਾ ਤੁਸਕਾਨਾ ਸੂਬਾ ਦੇ ਜਿ਼ਲ੍ਹਾ ਅਰੇਸੋ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਨੂੰ ਅਸਹਿ ਤੇ ਦੁੱਖਦਾਇਕ ਸਦਮਾ ਉਂਦੋ ਪਹੁੰਚਿਆ ਜਦੋਂ ਬੀਤੀ ਰਾਤ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਫੋਨ ਦੁਆਰਾ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦਿਆ ਬੂਟਾ ਰਾਮ ਬੱਧਣ ਵਿੱਤ ਸਕੱਤਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ (ਅਰੇਸੋ)ਨੇ ਭਰੇ ਮਨ ਨਾਲ ਦੱਸਿਆ ਕਿ ਇਸ ਹਾਦਸਾ ਦਾ ਕਾਰਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਰਹਿ ਰਹੇ ਇਟਾਲੀਅਨ ਪਰਿਵਾਰ ਦੀਆਂ ਗੱਡੀਆਂ ਨੂੰ ਅੱਗ ਲੱਗਣਾ ਹੈ।ਗੱਡੀਆਂ ਨੂੰ ਲੱਗੀ ਅੱਗ ਦੀਆਂ ਲਪਟਾਂ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਰਾਹੀ ਅੰਦਰ ਆ ਗਈ ਜਿਸ ਨੇ ਕਿ ਫੁੱਲਾਂ ਵਾਂਗਰ ਮਹਿਕਾਂ ਮਾਰਦੇ ਗੁਰਦੁਆਰਾ ਸਾਹਿਬ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਧੰਨ ਸ਼੍ਰੀ ਅੰਮ੍ਰਿਤਬਾਣੀ ਦੇ 2 ਸਰੂਪ ਵੀ ਅਗਨ ਭੇਂਟ ਹੋ ਗਏ ਜਿਸ ਨਾਲ ਸਭ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਪਰ ਇਸ ਹਾਦਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸੀ ਰੰਗਤ ਨਾ ਦਿੱਤੀ ਜਾਵੇ ।ਸਭ ਸੰਗਤ ਨੂੰ ਇਹ ਅਪੀਲ ਹੈ ਇਹ ਘਟਨਾ ਇੱਕ ਹਾਦਸਾ ਹੈ ਜਿਸ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ ਦਾ ਕਰੀਬ 2 ਲੱਖ ਯੂਰੋ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਹੈ।ਸੰਨ 2018 ਵਿੱਚ ਇਹ ਇਹ ਮੁੱਲ ਦੀ ਇਮਾਰਤ ਸੰਗਤ ਨੇ 1 ਲੱਖ 50 ਹਜ਼ਾਰ ਯੂਰੋ ਦੀ ਲਈ ਸੀ ਜਿਸ ਦੀਆਂ ਕਿਸ਼ਤਾਂ ਵੀ ਹਾਲੇ ਰਹਿੰਦੀਆਂ ਹਨ ਤੇ ਇਸ ਵਾਪਰੀ ਬਹੁਤ ਹੀ ਦਿਲ ਚੀਰਨ ਵਾਲੀ ਘਟਨਾ ਨੇ ਸੰਗਤਾਂ ਲਈ ਗਮਗੀਨ ਮਾਹੌਲ ਬਣਾ ਦਿੱਤਾ ਹੈ।ਇਟਲੀ ਦੀਆਂ ਸਭ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਨੇ ਇਸ ਵਾਪਰੇ ਹਾਦਸੇ ਉਪੱਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।