April 18, 2025

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਲੈਰੋ(ਬਰੇਸ਼ੀਆ)ਵੱਲੋਂ 26ਵਾਂ ਵਿਸ਼ਾਲ ਨਗਰ ਕੀਰਤਨ 12 ਅਪ੍ਰੈਲ ਨੂੰ,ਹੈਲੀਕਾਪਟਰ ਰਾਹੀ ਗੁਰੂ ਸਾਹਿਬ ਦੀ ਸਵਾਰੀ ਉਪੱਰ ਹੋਵੇਗੀ ਫੁੱਲਾਂ ਦੀ ਵਰਖਾ

ਰੋਮ(ਦਲਵੀਰ ਸਿੰਘ ਕੈਂਥ)ਵਿਸਾਖੀ ਵਾਲੇ ਦਿਨ ਦਸਮੇਸ ਪਿਤਾ ਸਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਨੇ ਦੁਨੀਆਂ ਦਾ ਵਿਲੱਖਣ ਤੇ ਨਿਰਾਲਾ ਪੰਥ ਖਾਲਸਾ ਪੰਥ ਸਾਜਿਆ ਤੇ ਖ਼ਾਲਸੇ ਦੇ ਪ੍ਰਗਟ ਦਿਵਸ ਨੂੰ ਪਰਮਾਤਮ ਕੀ ਮੌਜ ਕਹਿੰਦਿਆਂ ਇਸ ਨੂੰ ਆਪਣੇ ਰੂਪ ਦੇ ਰੁਤਬੇ ਨਾਲ ਨਿਵਾਜਿਆ ।ਸਿੱਖ ਕੌਮ ਦੀ ਬਹਾਦਰੀ ਤੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਣ ਵਾਲੇ ਇਸ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੀ ਧਰਤੀ ਉਪੱਰ ਵੱਡੇ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ)ਵੱਲੋਂ 26ਵਾਂ ਵਿਸ਼ਾਲ ਨਗਰ ਕੀਰਤਨ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਸਿੰਘ ਸਭਾਵਾਂ ਦੇ ਭਰਪੂਰ ਸਹਿਯੋਗ ਨਾਲ 12 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਯੂਰਪ ਭਰ ਤੋਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕੇਸਰੀ ਰੰਗ ਰੰਗੀਆ ਹਾਜ਼ਰੀ ਭਰਨਗੀਆਂ।ਇਸ ਵਿਸ਼ਾਲ ਕੀਰਤਨ ਮੌਕੇ ਗੁਰੂ ਸਾਹਿਬ ਦੀ ਸਵਾਰੀ ਉਪੱਰ ਹੈਲੀਕਾਪਰ ਦੁਆਰਾ ਫੁੱਲਾਂ ਦੀ ਵਰਖਾ ਵੀ ਅਲੋਕਿਕ ਨਜ਼ਾਰਾ ਪੇਸ਼ ਕਰੇਗੀ।ਇਸ ਮੌਕੇ ਜਿੱਥੇ ਨਾਮੀ ਪੰਥਕ ਸਖ਼ਸੀਅਤਾਂ ਸੰਗਤ ਦੇ ਦਰਸ਼ਨ ਕਰਨਗੀਆਂ ਉੱਥੇ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤੀਨਏ ਤੇ ਕਥਾਵਾਚਕ ਵੀ ਸੰਗਤਾਂ ਨੂੰ ਲਾਸਾਨੀ ਕੁਰਬਾਨੀਆਂ ਨਾਲ ਭਰੇ ਮਹਾਨ ਸਿੱਖ ਧਰਮ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਉਣਗੇ।ਸਿੱਖ ਮਾਰਸਲ ਆਰਟ ਗੱਤਕਾ ਕਲਾ ਦੇ ਗੈਰਤ ਅੰਗੇਜ ਕਾਰਨਾਮੇ ਵੀ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਵੱਲੋਂ ਦਿਖਾਏ ਜਾਣਗੇ ।ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਇਸ ਵਿਸ਼ਾਲ 26ਵੇਂ ਨਗਰ ਕੀਰਤਨ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸੂਬੇ ਦਾ ਵਿਸ਼ਾਲ ਨਗਰ ਕੀਰਤਨ ਹੁੰਦਾ ਹੈ ਜਿਸ ਵਿੱਚ ਯੂਰਪ ਭਰ ਤੋਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰੀ ਭਰਦੀਆਂ ਹਨ।ਇਸ ਨਗਰ ਕੀਰਤਨ ਵਿੱਚ ਸਭ ਸੰਗਤ ਨੂੰ ਹੁੰਮਹੁੰਮਾਂ ਕੇ ਪਹੁੰਚਣ ਦੀ ਪ੍ਰਬੰਧਕਾਂ ਵੱਲੋਂ ਸਨਿਮਰ ਅਪੀਲ ਹੈ।

You may have missed