September 25, 2025

ਆਉ ਅਸੀਂ ਤੁਹਾਨੂੰ ਉਡੀਕ ਰਹੇ ਹਾਂ !! ਮੈਂ ਵੀ ਮੰਡ ਦਾ ਇੱਕ ਪੀੜਤ ਕਿਸਾਨ ਹਾਂ ! ਜਤਿੰਦਰ ਸਿੰਘ ਮੁੰਡਾ ਪਿੰਡ 9872280835 ਤਹਿਸੀਲ ਖਡੂਰ ਸਾਹਿਬ ਜਿਲ੍ਹਾ ਤਰਨ ਤਾਰਨ !!

ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ! ਮੈਂ ਇਹ ਬਿਰਤਾਂਤ ਲਿਖਣਾ ਨਹੀ ਸੀ ਚਾਹੁੰਦਾ ! ਪਰ ਕਈ ਵਾਰ ਕੁਝ ਛੋਟੀਆਂ ਗੱਲਾਂ ਹੀ ਕੁਝ ਕਹਿਣ ਲਈ ਮਜਬੂਰ ਕਰ ਦਿੰਦੀਆਂ ਹਨ ! ਅੱਜ ਕਿਸੇ ਵੀਰ ਨੇ ਨੰਬਰ ਸੈਂਡ ਕਰਕੇ ਹਰਜਿੰਦਰ ਵੀਰ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਨੰਬਰ ਘਮੁੱਕੜ ਨਾਮਾ ਗਰੁੱਪ ਵਿੱਚ ਸ਼ਾਮਲ ਕਰ ਲਓ ! ਬੜਾ ਮਾਣ ਮਹਿਸੂਸ ਹੋਇਆ ਜਦੋਂ ਹਰਜਿੰਦਰ ਵੀਰ ਨੇ ਕਿਹਾ ਕਿ ਗਰੁੱਪ ਦੀ ਗਿਣਤੀ ਪੂਰੀ ਹੈ ! ਕਪੈਸਿਟੀ ਫੁੱਲ ਹੈ ਹੁਣ ਤਾਂ ਜਦੋਂ ਕੋਈ ਗਰੁੱਪ ਲੈਫਟ ਕਰੇਗਾ ਤਦ ਹੀ ਹੋ ਸਕੇਗਾ ! ਬੜਾ ਮਾਣ ਮਹਿਸੂਸ ਹੋਇਆਂ ਕਿ ਮੈਂ ਪੰਜਾਬ ਦੇ ਤਕਰੀਬਨ 1000 ਤੋ ਵੱਧ ਲੋਕ ਜੋ ਕਿ ਕਲਾ ਤੇ ਸਾਹਿਤ ਜਾਂ ਜਿੰਦਗੀ ਦੇ ਸ਼ਾਹ ਅਸਵਾਰ ਹਨ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ !

ਅੱਜ ਸਾਰਾ ਪੰਜਾਬ ਹੜਾਂ ਦੀ ਮਾਰ ਝੱਲ ਰਿਹਾ ਹੈ ! ਸ਼ੋਸ਼ਲ ਮੀਡੀਆ ਉੱਤੇ ਹਰ ਪਾਸੇ ਚਰਚਾ ਹੋ ਰਹੀ ਹੈ ! ਕਈ ਚੰਗੇ ਤੇ ਕੁਝ ਕੁ ਬੁਰੇ ਤਜਰਬੇ ਲੋਕ ਸਾਂਝੇ ਕਰ ਰਹੇ ਹਨ ! ਅੱਜ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਹੈ ਕਿ ਮੈਂ ਤੁਹਾਨੂੰ ਹੜ ਦੀ ਮਾਰ ਦੇ ਅਸਲ ਅਸਰ ਕੀ ਪੈਂਦੇ ਹਨ ਤੁਹਾਡੇ ਨਾਲ ਬਿਹਤਰ ਸਾਂਝੇ ਕਰ ਸਕਦਾ ਹਾਂ !

ਮੈਂ ਦਰਿਆ ਬਿਆਸ ਦੇ ਕੰਢੇ ਵੱਸੇ ਪਿੰਡ ਮੁੰਡਾ ਪਿੰਡ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਦਾ ਜੰਮਪਲ ਹਾਂ ! ਦਸਵੀਂ ਪਿੰਡ ਦੇ ਹਾਈ ਸਕੂਲ ਤੋਂ ਕਰਨ ਬਾਅਦ 10+2 ਸਨਮਤੀ ਸਾਇੰਸ ਕਾਲਜ ਜਗਰਾਉਂ ਤੋਂ ਕੀਤੀ ! ਫਿਰ ਗਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ !

ਨੌ ਪੱਤੀਆਂ ਦਾ ਇਹ ਪਿੰਡ ਮਾਝੇ ਦੇ ਵੱਡੇ ਪਿੰਡਾਂ ਦੀ ਗਿਣਤੀ ਵਿੱਚ ਆਉਂਦਾ ਹੈ ! ਹੜ ਨਾਲ ਇਸ ਦਾ ਵਾਹ ਵਾਸਤਾ ਮੁੱਢ ਕਦੀਮ ਤੋਂ ਰਿਹਾ ਹੈ ! ਦਰਿਆ ਬਿਆਸ ਕਦੇ ਪਿੰਡ ਦੇ ਬਿਲਕੁਲ ਨਜ਼ਦੀਕ ਵਗਦਾ ਸੀ ਜੋ ਕਿ ਸਮੇਂ ਨਾਲ ਆਪਣਾ ਮੁਹਾਣ ਬਦਲ ਕੇ ਪਿੰਡ ਨਾਲੋਂ 4 ਤੋਂ 5 ਕਿੱਲੋਮੀਟਰ ਦੂਰ ਵੱਗਣ ਲੱਗਾ ! ਪਿੰਡ ਦੀ ਕੁੱਲ ਜ਼ਮੀਨ ਲਗਭਗ 4600 ਏਕੜ ਹੈ ਜਿਸ ਵਿੱਚੋਂ 2300 ਏਕੜ ਜ਼ਮੀਨ ਉੱਤੇ ਮਾਝੇ ਵਾਲੀ ਹੈ ਤੇ ਤਕਰੀਬਨ 2300 ਏਕੜ ਜ਼ਮੀਨ ਮੰਡ ਵਿੱਚ ਦਰਿਆ ਬਿਆਸ ਦੇ ਕੰਢੇ ਹੈ ! ਇਸਤੋਂ ਬਿਨਾਂ ਮੇਰੇ ਪਿੰਡ ਦੇ ਕਿਸਾਨਾਂ ਕੋਲ ਕਪੂਰਥਲਾ ਰਿਆਸਤ ਦੀ ਤਕਰੀਬਨ 1000 ਏਕੜ ਜ਼ਮੀਨ ਵੀ ਹੈ ਜੋ ਕਿ ਦਰਿਆ ਦੇ ਸਾਡੇ ਪਿੰਡ ਵਾਲੇ ਪਾਸੇ ਰਹਿ ਗਈ ਸੀ ! ਉਹ ਜਮੀਨ ਵੀ ਕਾਸ਼ਤਕਾਰਾਂ ਨੇ ਸਰਕਾਰਾਂ ਨੂੰ ਬਣਦੀ ਕੀਮਤ ਉਸ ਸਮੇਂ ਦੇ ਕਾਨੂੰਨ ਅਨੁਸਾਰ ਅਦਾ ਕਰਕੇ ਰਜਿਸਟਰੀਆਂ ਆਪਣੇ ਨਾਮ ਕਰਵਾਈਆਂ ਹੋਈਆਂ ਹਨ ! ਕਹਿਣ ਦਾ ਭਾਵ ਇਹ ਹੈ ਕਿ ਬਹੁਤੇ ਲੋਕਾਂ ਦੀ ਸੋਚ ਇਹ ਬਣੀ ਹੋਈ ਹੈ ਕਿ ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਦਰਿਆ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ! ਪਰ ਭਰਾਵੋਂ ਦੁਹਾਈ ਰੱਬ ਦੀ ਤੁਹਾਨੂੰ ਦੱਸਾਂ ਕਿ ਕਾਗਜ਼ਾਂ ਵਿੱਚ ਦਰਿਆ ਦੀ ਕੋਈ ਜਮੀਨ ਨਹੀ ਹੈ ! ਦਰਿਆ ਲੋਕਾਂ ਦੀ ਮਾਲਕੀ ਜਮੀਨ ਵਿੱਚ ਵੱਗਦਾ ਹੈ ! ਮੈਂ ਆਪਣੇ ਪਿੰਡ ਦੇ ਕੁਝ ਪਰਿਵਾਰਾਂ ਨੂੰ ਜਾਣਦਾ ਹਾਂ ਜਿਹੜੇ 20 ਤੋ ਲੈ ਕੇ 30 ਕਿੱਲੇ ਦੇ ਮਾਲਕ ਸਨ ਤੇ ਚੰਗੀ ਭਲੀ ਸਰਦਾਰਾਂ ਵਾਲੀ ਜਿੰਦਗੀ ਬਤੀਤ ਕਰਦੇ ਸਨ ਪਰ ਉਹਨਾਂ ਦੀ ਜ਼ਮੀਨ ਦਰਿਆ ਵਿੱਚ ਆ ਗਈ ਤੇ ਹੁਣ ਉਹ ਵਿਚਾਰੇ ਆਪਣਾ ਜੀਵਨ ਬਸਰ ਕਰਨ ਲਈ ਨਿੱਕੇ ਮੋਟੇ ਕੰਮ ਕਰ ਰਹੇ ਹਨ ! ਸਰਦਾਰ ਕੰਮੀ ਬਣਾ ਦਿੱਤੇ ਸਰਕਾਰਾਂ ਦੇ ਨਿਕੰਮੇ ਪ੍ਰਬੰਧਾਂ ਨੇ ! ਮੁੱਕਦੀ ਗੱਲ ਅਸੀਂ ਦਰਿਆ ਦੀ ਕੋਈ ਵੀ ਜ਼ਮੀਨ ਮੁਫ਼ਤ ਨਹੀਂ ਵਾਹ ਰਹੇ !
ਬਾਕੀ ਸਾਡੇ ਲੋਕ ਮਹਾਂ ਦਾਨੀ ਹਨ ! ਖੇਤੀ ਦਾ ਕੋਈ ਵੀ ਸੀਜ਼ਨ ਹਾੜੀ ਜਾਂ ਸਾਉਣੀ ਸ਼ੁਰੂ ਕਰਨ ਲੱਗਿਆਂ ਅਸੀਂ ਖਵਾਜਾ ਪੀਰ ਨੂੰ ਦੇਗਾਂ ਦਿੰਦੇ ਹਾਂ! ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਨਾਲ ਖੇਤੀ ਸ਼ੁਰੂ ਕਰਦੇ ਹਾਂ ! ਸਾਡੇ ਕਿਸਾਨ ਇਕੱਠੇ ਹੋ ਕੇ ਆਪਣੇ ਵਿੱਤ ਅਨੁਸਾਰ ਉਗਰਾਹੀ ਕਰਦੇ ਹਨ ! ਫਿਰ ਦਰਿਆ ਦੇ ਕੰਢੇ ਮਿੱਟੀ ਪਾਕੇ ਆਰਜ਼ੀ ਬੰਨ ਲਾਉਂਦੇ ਹਨ ! ਉਸ ਬੰਨ ਦੇ ਥੱਲੇ ਜੋ ਵੀ ਜਮੀਨ ਆਉਂਦੀ ਹੈ ਕੋਈ ਵੀ ਕਿਸਾਨ ਉਸ ਬਦਲੇ ਕੋਈ ਵੀ ਮੁਆਵਜ਼ਾ ਆਪਣੇ ਭਾਈਚਾਰੇ ਕੋਲੋਂ ਨਹੀਂ ਮੰਗਦਾ ! ਸਰਕਾਰਾਂ ਨੇ ਤਾਂ ਦੇਣਾ ਹੀ ਕੀ ?

ਫਿਰ ਜਿਵੇਂ ਜਿਵੇਂ ਦਰਿਆ ਵਿੱਚ ਪਾਣੀ ਵੱਧਦਾ ਹੈ ਤਾਂ ਮੇਰੇ ਪਿੰਡ ਦੇ ਬਹਾਦਰ ਲੋਕ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਉਡੀਕੇ ਬਿਨਾਂ ਹੀ ਆਪਣੇ ਬੰਨ ਦੀ ਮਜ਼ਬੂਤੀ ਲਈ ਜੂਝਣਾ ਸੁਰੂ ਕਰ ਦਿੰਦੇ ਹਨ ! ਕੋਈ ਜਿੰਨੇ ਜੋਗਾ ਹੁੰਦਾ ਹੈ ਉਹ ਉਸਤੋਂ ਵੱਧ ਸਮਰੱਥਾ ਨਾਲ ਸੇਵਾ ਵਿੱਚ ਜੁਟ ਜਾਂਦਾ ਹੈ ! ਬਿਲਕੁਲ ਇੰਜ ਜਿਵੇਂ ਫੌਜੀ ਬਾਡਰਾਂ ਦੀ ਰਾਖੀ ਕਰਦੇ ਹਨ ! ਦਿਨ ਪੁਰ ਰਾਤ ਸੰਘਰਸ਼ ਚੱਲਦਾ ਹੈ ! ਲੋਕਾਂ ਨੂੰ ਪਤਾ ਵੀ ਹੁੰਦਾ ਹੈ ਕਿ ਸਾਡੀਆਂ ਕੋਸ਼ਿਸ਼ਾਂ ਬਹੁਤ ਨਿੱਕੀਆਂ ਹਨ ਇਸ ਅਥਾਹ ਪਾਣੀ ਅੱਗੇ ਪਰ ਇਹ ਮਾਝੇ ਦੇ ਅਸਲੀ ਯੋਧੇ ਲੱਗੇ ਰਹਿੰਦੇ ਹਨ ! ਕਦੇ ਜਾਪ ਕਰਦੇ ਕਦੇ ਇੱਕ ਦੂਜੇ ਨੂੰ ਟਿੱਚਰਾਂ ਮਖੌਲ ਕਰਦੇ ਕਦੇ ਅਰਦਾਸ ਕਰਦੇ ਕਿ ਇਹ ਸੀਜ਼ਨ ਸਿਰੇ ਚੜ੍ਹ ਜਾਵੇ ! ਕਿ ਕੁੜੀ ਦਾ ਵਿਆਹ ਹੋ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੱਲ ਸਕੇ ਕਿ ਕਿਸੇ ਦੁਕਾਨਦਾਰ ਤੋ ਲਿਆ ਉਧਾਰ ਮੋੜਿਆ ਜਾ ਸਕੇ ! ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਰੁੱਝੇ ਇਹ ਲੋਕ ਬੰਨ ਤੇ ਮਿੱਟੀ ਪਾਉਂਦੇ ਰਹਿੰਦੇ ਹਨ !

ਕਈ ਵਾਰ ਇਹਨਾਂ ਲੋਕਾਂ ਨਾਲ ਜੁੜੇ ਸੰਤ ਮਹਾਂਪੁਰਸ਼ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਆ ਖੜਦੇ ਹਨ ! ਉਹ ਵੀ ਆਪਣੇ ਵਿੱਤ ਅਨੁਸਾਰ ਜ਼ੋਰ ਅਜ਼ਮਾਉਂਦੇ ਹਨ ਤੇ ਸੇਵਾ ਕਰਦੇ ਹਨ ! ਪਰ ਆਖ਼ਰ ਉਹ ਦਿਨ ਵੀ ਆ ਜਾਂਦਾ ਹੈ ਜਦ ਸਾਰੀਆਂ ਕੋਸ਼ਿਸ਼ਾਂ ਤੇ ਸਾਰੇ ਕੀਤੇ ਕਰਾਏ ਨੂੰ ਇੱਕ ਤੀਲੇ ਵਾਂਗ ਇਹ ਆਬ ਰੌੜ ਕੇ ਲੈ ਜਾਂਦਾ ਹੈ ! ਸਾਰਾ ਕੁਝ ਖਤਮ ਹੋ ਜਾਂਦਾ ਹੈ ! ਆਸ ਉਮੀਦ ਤੇ ਸੁਪਨਿਆਂ ਦੀ ਮੌਤ ਹੋ ਜਾਂਦੀ ਹੈ !

ਪਰ ਫਿਰ ਵੀ ਇਹ ਨਿਮਾਣਾ ਜਿਹਾ ਕਿਸਾਨ ਹੱਥ ਜੋੜ ਕੇ ਜੋਦੜੀ ਕਰਦਾ ਹੈ ਕਿ ਹੇ ਰੱਬਾ ! ਤੇਰੀ ਰਜ਼ਾ ਮਨਜ਼ੂਰ ਹੈ ! ਜੀਆਂ ਦੀ ਸਲਾਮਤੀ ਚਾਹੀਦੀ ਹੈ ਫ਼ਸਲ ਤਾਂ ਅਗਲੇ ਵਰ੍ਹੇ ਸਹੀ ! ਮਾਲ ਡੰਗਰਾਂ ਦੀ ਸੁੱਖ ਮੰਗਦਾ ਹੈ ! ਫਿਰ ਉਹ ਆਪਣੇ ਤੋ ਮਾੜੇ ਨੂੰ ਕਹਿੰਦੇ ਹਨ ਕਿ ਡੋਲ ਨਾ ਜਾਵੀਂ ! ਅਸੀਂ ਤੇਰੇ ਨਾਲ ਹਾਂ ! ਗੱਲ ਹੀ ਕੋਈ ਨਹੀਂ ! ਫ਼ਿਕਰ ਨਾ ਕਰੀਂ ! ਰੱਬ ਵਾਧੂ ਦੇਵੇਗਾ ! ਜਦੋ ਇਹ ਹੌਂਸਲਾ ਦੇਖੀ ਦਾ ਹੈ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ! ਇੰਜ ਲੱਗਦਾ ਹੈ ਕਿ ਰੱਬ ਤਾਂ ਨਾਲ ਖੜਾ ਹੈ ! ਪਰ ਸਰਕਾਰਾਂ ਨਹੀਂ ਹੁੰਦੀਆਂ

ਹੁੰਦੇ ਹਨ ਤਾਂ ਲੀਡਰ ਜਿਨ੍ਹਾਂ ਨੇ ਅਗਲੀ ਸਰਕਾਰ ਬਣਾਉਣੀ ਹੁੰਦੀ ਹੈ ! ਉਹ ਜਦੋਂ ਮੇਰੇ ਪਿੰਡ ਆਉਂਦੇ ਹਨ ! ਆਮ ਕਿਸਾਨ ਨਾਲ ਫੋਕੀ ਹਮਦਰਦੀ ਕਰਨ ! ਫੋਟੋਆਂ ਲਵਾਉਣ ਤੇ ਅਖਬਾਰਾਂ ਟੀ ਵੀ ਚੈਨਲਾਂ ਵਿੱਚ ਛਪਵਾਉਣ ਲਈ! ਉਸ ਦਿਨ ਉਨ੍ਹਾਂ ਦੇ ਗੰਨਮੈਨ ਪਿੱਛੇ ਹੋ ਜਾਂਦੇ ਸਨ ! ਉਸ ਸਮੇਂ ਉਨ੍ਹਾਂ ਨੂੰ ਮੇਰੇ ਪਿੰਡ ਦੇ ਸਧਾਰਨ ਕਿਸਾਨ ਕੋਲੋ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਹੁੰਦਾ ! ਉਹ ਮੇਰੇ ਪਿੰਡ ਦੇ ਕਿਸਾਨ ਨੂੰ ਬੁੱਕਲ ਵਿੱਚ ਲੈਦੇ ਹਨ ! ਅਫ਼ਸੋਸ ਕਰਦੇ ਹਨ ! ਉਨ੍ਹਾਂ ਨੂੰ ਇਹ ਜਤਾਇਆ ਜਾਂਦਾ ਹੈ ਕਿ ਤੁਸੀਂ ਪਿਛਲੀ ਵਾਰ ਦੂਜੀ ਧਿਰ ਨੂੰ ਵੋਟਾਂ ਪਾ ਕੇ ਗਲਤੀ ਕੀਤੀ ਸੀ ! ਜੇ ਸਾਨੂੰ ਪਾਈਆਂ ਹੁੰਦੀਆਂ ਤਾਂ ਇਹ ਤਾਂ ਕੋਈ ਵੱਡਾ ਮਸਲਾ ਹੀ ਨਹੀਂ ਸੀ ! ਉਹ ਖੜੇ ਖਲੋਤੇ ਕੰਕਰੀਟ ਦਾ ਬਹੁਤ ਵੱਡਾ ਬੰਨ ਬਣਾ ਦਿੰਦੇ ਹਨ ! ਉਨ੍ਹਾਂ ਦੀ ਪਾਰਟੀ ਦਾ ਕੋਈ ਕੌਮੀ ਜਾਂ ਵੱਡਾ ਲੀਡਰ ਵੀ ਨਾਲ ਆਕੇ ਉਸ ਬੰਨ ਦੀ ਪ੍ਰੋੜਤਾ ਕਰ ਦਿੰਦਾ ਹੈ ! ਅਸ਼ੀ ਜੈਕਾਰੇ ਲਾ ਦਿੰਦੇ ਹਾਂ ! ਸਾਨੂੰ ਪਲ ਦੀ ਪਲ ਲੱਗਦਾ ਹੈ ਕਿ ਸਾਡੀ ਤਾਂ ਕੋਈ ਸਮੱਸਿਆ ਬਚੀ ਹੀ ਨਹੀਂ !

ਹੁਣ ਦੂਜਾ ਸਿਆਸਤਦਾਨ ਜਿਸਦੀ ਸਰਕਾਰ ਹੈ ਉਹ ਆਉਂਦਾ ਹੈ ! ਨਾਲ ਡੀ ਸੀ ,ਤਹਿਸੀਲਦਾਰ, ਬੀ ਡੀ ਓ , ਡੀ ਐਸ਼ ਪੀ , ਐਸ ਐੱਚ ਓ ਤੇ ਹੋਰ ਪਤਾ ਨਹੀਂ ਕਿੰਨੇ ਅਧਿਕਾਰੀ ਜਿਹੜੇ ਮੇਰੇ ਪਿੰਡ ਦੇ ਸਧਾਰਨ ਕਿਸਾਨ ਨੇ ਦੇਖੇ ਵੀ ਨਹੀਂ ਹੁੰਦੇ! ਉਹ ਆਉਂਦੇ ਹਨ ! ਗੰਨਮੈਨ ਪਹਿਲਾਂ ਅੱਗੇ ਹਨ ! ਸਿਰਫ ਸੱਤਾਧਾਰੀ ਧੜੇ ਦੇ ਕਿਸਾਨ ਜਾਂ ਆਗੂ ਅੱਗੇ ਜਾ ਸਕਦੇ ਹਨ ! ਦੂਜੇ ਕਿਸਾਨਾਂ ਸਿਰਫ਼ ਸੁਣ ਸਕਦੇ ਹਨ ! ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਉਨ੍ਹਾਂ ਲਈ ਬਹੁਤ ਕੰਮ ਕੀਤਾ ! ਇਹ ਤੁਹਾਡੇ ਬੰਨ ਲਈ ਸਾਰਾ ਪ੍ਰਬੰਧ ਕਰ ਲਿਆ ਗਿਆ ਸੀ ਪਰ ਸਰਕਾਰ ਕੋਲ ਫੰਡਾਂ ਦੀ ਘਾਟ ਕਾਰਨ ਕਿਸਾਨਾਂ ਦਾ ਇਹ ਬੰਨ ਨਹੀਂ ਬਣ ਸਕਿਆ ! ਬਾਕੀ ਇਸ ਸਾਲ ਇਹ ਕੁਦਰਤੀ ਆਫ਼ਤ ਬਹੁਤ ਵੱਡੀ ਸੀ ! ਜੇ ਬੰਨ ਬਣਿਆ ਵੀ ਹੁੰਦਾ ਤਾਂ ਵੀ ਇਸ ਪਾਣੀ ਅੱਗੇ ਰੁੜ ਹੀ ਜਾਣਾ ਸੀ ! ਇਹ ਗੱਲ ਮੇਰੇ ਪਿੰਡ ਦੇ ਸਧਾਰਨ ਕਿਸਾਨ ਨੂੰ ਸੱਚੀ ਲੱਗਦੀ ਹੈ ! ਉਹ ਖੁਸ਼ ਹੁੰਦਾ ਹੈ ਕਿ ਸਰਕਾਰਾਂ ਨੂੰ ਕਿਸਾਨਾਂ ਦਾ ਫ਼ਿਕਰ ਹੈ ! ਫਿਰ ਕੋਈ ਵੱਡਾ ਲੀਡਰ ਕਹਿੰਦਾ ਹੈ ਕਿ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ! ਕਿਸਾਨ ਪਟਵਾਰੀ ਵੱਲ ਵੇਖਦੇ ਹਨ ! ਹੁਣ ਪਟਵਾਰੀ ਉਨ੍ਹਾਂ ਦਾ ਰੱਬ ਬਣ ਬੱਸ ਗਿਰਦਾਵਰੀ ਕਰ ਦੇਵੇ ! ਉਸ ਲਈ ਉਹ ਸੇਵਾ ਕਰਨ ਲਈ ਵੀ ਤਿਆਰ ਹੈ !

ਫਿਰ ਮੇਰੇ ਪਿੰਡ ਕਿਸਾਨ ਯੂਨੀਅਨ ਵਾਲੇ ਆਉਂਦੇ ਹਨ ! ਉਨ੍ਹਾਂ ਨਾਲ ਮੇਰੇ ਪਿੰਡ ਤੋਂ ਕੋਈ ਮੇਰਾ ਚਾਚਾ , ਤਾਇਆ ਜਾਂ ਭਤੀਜਾ ਹੁੰਦਾ ਹੈ ! ਉਹ ਮੇਰੇ ਸਧਾਰਨ ਕਿਸਾਨਾਂ ਨੂੰ ਦੱਸਦਾ ਹੈ ਕਿ ਇਹ ਉਹ ਮਹਾਨ ਕਿਸਾਨ ਲੀਡਰ ਹਨ ਜਿਨ੍ਹਾਂ ਦਿੱਲੀ ਮੋਰਚਾ ਜਿੱਤ ਲਿਆ ਸੀ ਆਪਣੇ ਬੰਨ ਦੀ ਲੜਾਈ ਤਾਂ ਬਹੁਤ ਹੀ ਨਿੱਕੀ ਜਿਹੀ ਗੱਲ ਹੈ ! ਤੁਸੀਂ ਬੱਸ ਇਹਨਾਂ ਨੂੰ ਚੰਦਾ ਦਿਓ ਤੇ ਇਹਨਾਂ ਦੀ ਪਾਰਟੀ ਦੇ ਮੈਂਬਰ ਬਣੋ ! ਮੇਰੇ ਸਧਾਰਨ ਕਿਸਾਨ ਔਖੇ ਵੇਲੇ ਲਈ ਸਾਂਭ ਕੇ ਰੱਖੋ ਕੁਝ ਰੁਪਈਏ ਇਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ ! ਇਹ ਉਹਨਾਂ ਦੀ ਰਸੀਦ ਦਿੰਦੇ ਹਨ ਤੇ ਮੇਰੇ ਪਿੰਡ ਦੇ ਸਧਾਰਨ ਕਿਸਾਨ ਨੂੰ ਲੱਗਦਾ ਹੈ ਕਿ ਜਿਵੇਂ ਇਹ ਰਸੀਦ ਬੰਨ ਬੰਨੇ ਜਾਣ ਦਾ ਫੁਰਮਾਨ ਹੋਵੇ !

ਫਿਰ ਪਾਣੀ ਲਹਿ ਜਾਂਦਾ ਹੈ ! ਜ਼ਮੀਨ ਰੇਤ ਦੇ ਢੇਰ ਹੇਠਾਂ ਗਵਾਚ ਜਾਂਦੀ ਹੈ ! ਵੱਟ ਬੰਨਾਂ ਜਿਸ ਬਾਬਤ ਚਾਚਾ ਭਤੀਜਾ ਕਈ ਵਾਰ ਲੜੇ ਸੀ ਪਤਾ ਹੀ ਨਹੀਂ ਲੱਗਦਾ ਸੀ ਕੀ ਕਿੱਥੇ ਗਈ ! ਮੰਡ ਰਾਜਸਥਾਨ ਬਣ ਚੁੱਕਾ ਸੀ ! ਸਾਰੇ ਪਾਸੇ ਰੇਤ ਹੀ ਰੇਤ ! ਲੋਕ ਬੇ ਜ਼ਮੀਨੇ ਬਣ ਗਏ !

ਮੈਂ ਕਾਫ਼ੀ ਯੂ ਟਿਊਬਰਾਂ ਨੂੰ ਕਿਹਾ ਕਿ ਭਾਈ ਸਾਡੀ ਕਵਰੇਜ ਕਰ ਦਿਓ ! ਬਣਦੀ ਫੀਸ ਦੇਣ ਲਈ ਵੀ ਤਿਆਰ ਸਾਂ ਪਰ ਕੋਈ ਵੀਰ ਨਹੀਂ ਬਹੁੜਿਆ ! ਅਸੀਂ ਪੰਜਾਬ ਵਿੱਚ ਹੀ ਪੰਜਾਬ ਦਾ ਹਿੱਸਾ ਹੁੰਦਿਆਂ ਰਾਜਸਥਾਨ ਦੇ ਵਸਨੀਕ ਬਣ ਗਏ ਸੀ ! ਬਹੁਤ ਗੁਹਾਰ ਲਾਈ ਪਰ ਕੋਈ ਨ ਬਹੁੜਿਆ !

ਫਿਰ ਮੈਂ ਖਾਲਸਾ ਏਡ ਨੂੰ ਬੇਨਤੀ ਕੀਤੀ ! ਉਹਨਾਂ ਦੇ ਸੇਵਾਦਾਰ ਜਸਪ੍ਰੀਤ ਸਿੰਘ ਦਹੀਆ ਤੇ ਦਵਿੰਦਰ ਸਿੰਘ ਮੌਕਾ ਵੇਖਣ ਆਏ ! ਦੇਖਣ ਤੋ ਬਾਅਦ ਉਹ ਕੰਨਾਂ ਨੂੰ ਹੱਥ ਲਾ ਗਏ ! ਖਾਲਸਾ ਏਡ ਦਾ ਅਸੀਂ ਦੇਣ ਹੀ ਨਹੀਂ ਦੇ ਸਕਦੇ ! ਖਾਲਸਾ ਏਡ ਨੇ ਤਿੰਨ ਮਹੀਨੇ ਮੇਰੇ ਪਿੰਡ ਦੇ ਸਧਾਰਨ ਕਿਸਾਨਾਂ ਨਾਲ ਕੰਮ ਕੀਤਾ ! ਜ਼ਮੀਨ ਦੇ ਮਾਲਕ ਦੁਬਾਰਾ ਬਣਾਇਆ ! ਰੇਤ ਨੂੰ ਜ਼ਮੀਨ ਵਿੱਚ ਹੀ ਦੱਬ ਕੇ ਉੱਪਰ ਮਿੱਟੀ ਪਾ ਕੇ ਜ਼ਮੀਨਾਂ ਫਸਲਾਂ ਜੋਗੀਆਂ ਕੀਤੀਆਂ !
ਇਹ 2023 ਵਿੱਚ ਵਾਪਰਿਆ ਸੀ ਤੇ ਜਨਵਰੀ 2024 ਤੋਂ ਖਾਲਸਾ ਏਡ ਨੇ ਸੇਵਾ ਸ਼ੁਰੂ ਕੀਤੀ ਸੀ ! ਤਕਰੀਬਨ ਤਿੰਨ ਕਰੋੜ ਰੁਪਏ ਸਾਡੇ ਪਿੰਡ ਦੇ ਕਿਸਾਨਾਂ ਲਈ ਖ਼ਾਲਸਾ ਏਡ ਨੇ ਖ਼ਰਚੇ ! ਪਰ ਇੱਥੇ ਵੀ ਮੈਨੂੰ ਇੱਕ ਅਫ਼ਸੋਸ ਹੈ ਕਿ ਕਿਸੇ ਵੀ ਮੀਡੀਆ ਅਦਾਰੇ ਨੇ ਖਾਲਸਾ ਏਡ ਦੀ ਇਸ ਸੇਵਾ ਦੀ ਕਵਰੇਜ ਨਹੀਂ ਕੀਤੀ ! ਨਾਮੀ ਯੂ ਇਊਬਰ ਆਪਣੇ ਇਨ ਬਾਕਸ ਅੱਜ ਵੀ ਚੈੱਕ ਕਰ ਸਕਦੇ ਹਨ ਕਿ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਪਰ ਕੋਈ ਨਹੀਂ ਆਇਆ ! ਕੁਝ ਕੁ ਨਾਮ ਲਿਖਣਾ ਚਾਹੁੰਦਾ ਹਾਂ ! ਕਿਉਂਕਿ ਮੈਂ ਤੇ ਮੇਰੇ ਸਰਕਲ ਨੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ! ਅਤੇ ਇਨ੍ਹਾਂ ਦੀ ਮਦਦ ਕੀਤੀ ਲਾਇਕ ਕੁਮੈਂਟ ਤੇ ਸਬਕਰਾਈਬ ਕਰਕੇ ! ਜਿਵੇਂ ਮੱਕੜ ਵੀਰ SMTV, ਨਵਰੀਤ ਸਿਵੀਆ ਅੱਖਰ , ਸੁਖਜਿੰਦਰ ਲੋਪੋ ਸ਼ੌਂਕੀ ਸਰਦਾਰ , ਮਿੱਟੀ , ਰਤਨਦੀਪ , ਸਤਨਾਮ ਮਾਣਕ , ਜਤਿੰਦਰ ਪੰਨੂ , ਰੁਪਿੰਦਰ ਸੰਧੂ , ਨਵਜੋਤ ਧਾਲੀਵਾਲ ਆਦਿ ਹੋਰ ਬਹੁਤ ਸੱਜਣ ਜਿਨ੍ਹਾਂ ਦੇ ਨਾਮ ਵਿਸਰ ਗਏ ! ਪਰ ਸਾਡੇ ਪਿੰਡ ਦੀ ਇਹ ਸਟੋਰੀ ਲੋਕਾਂ ਦੇ ਸਾਹਮਣੇ ਨਹੀਂ ਆਈ ! ਖਾਲਸਾ ਏਡ ਨੇ ਵੀ ਚੁੱਪ ਚੁਪੀਤੇ ਹੀ ਸੇਵਾ ਕਰਨ ਨੂੰ ਪਹਿਲ ਦਿੱਤੀ !

ਹੁਣ ਮੇਰੇ ਪਿੰਡ ਨਾਲ ਦੁਬਾਰਾ ਇਹੋ ਦੁਖਾਂਤ ਵਾਪਰ ਗਿਆ ਹੈ ! ਹੁਣ ਇਹ ਕਹਿਰ 2023 ਨਾਲੋਂ ਕਿਤੇ ਜ਼ਿਆਦਾ ਵੱਡਾ ਹੈ ! ਨਾਲੇ ਮੇਰੇ ਪਿੰਡ ਦੇ ਕਿਸਾਨ ਪਹਿਲਾਂ ਹੀ ਟੁੱਟੇ ਪਏ ਸਨ ! ਦੁਬਾਰਾ ਇਸ ਬਿਪਤਾ ਲਈ ਕੋਈ ਵੀ ਕਿਸਾਨ ਤਿਆਰ ਨਹੀਂ ਸੀ । ਅਸੀਂ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋਕੇ ਆਪਣੀ ਜ਼ਮੀਨ ਦੀ ਮਾਲਕੀ ਦੇ ਹਿਸਾਬ ਨਾਲ ਪ੍ਰਤੀ ਏਕੜ ਉਗਰਾਹੀ ਕੀਤੀ । ਤੇ ਉਸ ਰੁਪਏ ਨਾਲ ਬੰਨ ਦੀ ਮੁਰੰਮਤ ਕੀਤੀ! ਮਿੱਟੀ ਪਾਈ , ਤੋੜੇ ਲਾਏ , ਨੋਚਾਂ ਲਾਈਆਂ, ਪਰ ਸਭ ਕੁਝ ਫਿਰ ਵਿਅਰਥ ਗਿਆ ਤੇ ਪਾਣੀ ਜਿੱਤ ਗਿਆ !

ਸਭਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਸਰਕਾਰੀ ਯੋਜਨਾ ਇਸ ਖ਼ਿੱਤੇ ਦੇ ਬੰਨ ਬਾਬਤ ਬਣਦੀ ਹੈ ਜਾਂ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਸਾਡੇ ਪਿੰਡ ਦੇ ਸਧਾਰਨ ਕਿਸਾਨਾਂ ਦੀ ਰਾਏ ਨਾਲ ਯੋਜਨਾ ਬਣਾਈ ਜਾਵੇ ! ਬਾਕੀ ਮੇਰੇ ਪਿੰਡ ਨੂੰ ਰਾਸ਼ਨ , ਪਸ਼ੂਆਂ ਦਾ ਚਾਰਾ ਜਾਂ ਹੋਰ ਕਿਸੇ ਚੀਜ਼ ਵਸਤ ਦੀ ਲੋੜ ਨਹੀਂ ਹੈ ਪਰ ਕਿਰਪਾ ਕਰਕੇ ਜਦੋਂ ਪਾਣੀ ਲਹਿ ਜਾਵੇ ਤਾਂ ਸਾਡੀਆਂ ਜ਼ਮੀਨਾਂ ਨੂੰ ਫਸਲਾਂ ਬੀਜਣ ਯੋਗ ਬਣਾਇਆ ਜਾਵੇ ! ਇਸ ਲਈ ਸਾਨੂੰ ਤੁਹਾਡੀ ਵੱਡੀ ਲੋੜ ਹੈ ! ਸਾਨੂੰ ਡੀਜ਼ਲ, ਪੋਕ ਲਾਈਨ ਮਸ਼ੀਨਾਂ, JCB , ਰੱਸੀ , ਖਾਲੀ ਤੋੜੇ ਤੇ ਮਿੱਟੀ ਆਦਿ ਦੀ ਲੋੜ ਹੈ ! ਆਉ ਅਸੀਂ ਤੁਹਾਨੂੰ ਉਡੀਕ ਰਹੇ ਹਾਂ !! ਮੈਂ ਵੀ ਮੰਡ ਦਾ ਇੱਕ ਪੀੜਤ ਕਿਸਾਨ ਹਾਂ !
ਜਤਿੰਦਰ ਸਿੰਘ ਮੁੰਡਾ ਪਿੰਡ
9872280835
ਤਹਿਸੀਲ ਖਡੂਰ ਸਾਹਿਬ
ਜਿਲ੍ਹਾ ਤਰਨ ਤਾਰਨ !!

You may have missed