December 23, 2025

ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ

ਰੋਮ(ਦਲਵੀਰ ਸਿੰਘ ਕੈਂਥ)ਇਟਲੀ ਦਾ ਲਾਸੀਓ ਸੂਬਾ ਜਿੱਥੇ ਕਿ ਬਹੁ ਗਿਣਤੀ ਪ੍ਰਵਾਸੀਆਂ ਦਾ ਰਹਿਣ ਬਸੇਰਾ ਹੈ ਇਸ ਇਲਾਕੇ ਦੀਆਂ ਸੜਕਾਂ ਸਦਾ ਹੀ ਚਾਹੇ ਉਹ ਲਿੰਕ ਸੜਕਾਂ ਹਨ ਜਾਂ ਮੁੱਖ ਮਾਰਗ ਪ੍ਰਵਾਸੀਆਂ ਲਈ ਬਹੁਤ ਵਾਰ ਉਂਦੋ ਕਾਲ ਬਣ ਜਾਂਦੀਆਂ ਹਨ ਜਦੋਂ ਕੋਈ ਪ੍ਰਵਾਸੀ ਸਾਇਕਲ ਉਪੱਰ ਆਪਣੇ ਕੰਮ ਨੂੰ ਆਉਂਦਾ ਜਾਂ ਜਾਂਦਾ ਹੈ ਤਾਂ ਤੇਜ ਰਫ਼ਤਾਰ ਵਾਹਨ ਇਹਨਾਂ ਨੂੰ ਅਜਿਹੀ ਟੱਕਰ ਮਾਰਦੇ ਹਨ ਕਿ ਸਾਇਕਲ ਸਵਾਰ ਪ੍ਰਵਾਸੀ ਦੀ ਘਟਨਾ ਸਥੱਲ ਉਪੱਰ ਹੀ ਮੌਤ ਹੋ ਜਾਂਦੀ ਹੈ।ਅਜਿਹਾ ਹੀ ਇਕ ਹਾਦਸਾ ਸੂਬੇ ਦੇ ਮੁੱਖ ਮਾਰਗ ਪੁਨਤੀਨਾ 148 ਉਪੱਰ ਬੀਤੀ ਰਾਤ ਸਬਾਊਦੀਆ (ਲਾਤੀਨਾ)ਇਲਾਕੇ ਵਿੱਚ ਉਂਦੋ ਹੋਇਆ ਜਦੋਂ ਇਕ ਪ੍ਰਵਾਸੀ ਭਾਰਤੀ ਆਪਣੇ ਕੰਮ ਤੋਂ ਛੁੱਟੀ ਕਰ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵਾਲੇ ਪਾਸੇ ਜਾ ਰਿਹਾ ਸੀ ਕਿ ਬੋਰਗੋ ਲੀਵੀ ਵਾਲੇ ਪਾਸੇ ਨੂੰ ਮੁੜਨ ਮੌਕੇ ਇੱਕ ਤੇਜ਼ ਰਫ਼ਤਾਰ ਫੌਰ ਵਹੀਲਰ ਦੀ ਚਪੇਟ ਵਿੱਚ ਆ ਗਿਆ।ਟੱਕਰ ਇੰਨੀ ਜਿ਼ਆਦਾ ਜਬਰਦਸਤ ਸੀ ਭਾਰਤੀ ਨੌਜਵਾਨ ਦੀ ਘਟਨਾ ਦੇ ਕੁਝ ਮਿੰਟਾਂ ਬਾਅਦ ਹੀ ਮੌਤ ਹੋ ਗਈ ਬੇਸ਼ੱਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲਸ ਪਹੁੰਚ ਗਈ ਪਰ ਉਸ ਸਮੇਂ ਤੱਕ ਸਭ ਕੁਝ ਖਤਮ ਹੋ ਗਿਆ ਸੀ।ਮ੍ਰਿਤਕ ਪਰਮਜੀਤ ਪੰਮਾ(43)ਭਾਰਤ ਦੇ ਪੰਜਾਬ ਸੂਬੇ ਦੇ ਜਿ਼ਲ੍ਹਾ ਸ਼ਹੀਦ ਭਗਤ ਸਿੰਘ ਦੇ ਪਿੰਡ ਹੇੜੀਆਂ ਨਾਲ ਸੰਬਧਤ ਸੀ ਜਿਹੜਾ ਕਿ 2-3 ਸਾਲ ਪਹਿਲਾਂ ਹੀ ਭੱਵਿਖ ਨੂੰ ਬਿਹਤਰ ਬਣਾਉਣ ਤੇ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ਪਰ ਇੱਥੇ ਪਹਿਲਾਂ ਉਸ ਨੂੰ ਇਟਲੀ ਪੱਕਾ ਕਰਵਾਉਣ ਦੇ ਨਾਮ ਉਪੱਰ ਇੱਕ ਏਜੰਟ ਨੇ ਲੁੱਟਿਆ ਤੇ ਹੁਣ ਕਿਸਮਤ ਨੇ ਲੁੱਟ ਲਿਆ।ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚਿਆਂ ਨੂੰ ਰੋ਼ਦਿਆਂ ਛੱਡ ਗਿਆ ਹੈ।ਪੁਲਸ ਪ੍ਰਸ਼ਾਸ਼ਨ ਅਨੁਸਾਰ ਇਸ ਹਾਦਸਾ ਦਾ ਮੁੱਖ ਕਾਰਨ ਮ੍ਰਿਤਕ ਵੱਲੋਂ ਸਾਇਕਲ ਦਾ ਗਲਤ ਥਾਂ ਤੋਂ ਮੌੜ ਕੱਟਣਾ ਦੱਸਿਆ ਜਾ ਰਿਹਾ ਹੈ।