ਅਮਰੀਕਾ ਵਿੱਚ ਡਿਲੀਵਰੀ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ ਵਿਅਕਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਨਿਊਯਾਰਕ (ਭਾਸ਼ਾ)- ਅਮਰੀਕਾ ਵਿੱਚ ਉਬੇਰ ਈਟਸ ਲਈ ਡਿਲੀਵਰੀ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ-ਅਮਰੀਕੀ ਵਿਅਕਤੀ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਸਾਹਮਣੇ ਆਈ। ਰਿਪੋਰਟ ਵਿਚ ਕਿਹਾ ਗਿਆ ਕਿ ਹਮਲਾਵਰ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਸ ਨੂੰ ਸੌ ਤੋਂ ਵੱਧ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।‘ਨਿਊਯਾਰਕ ਪੋਸਟ’ ਦੀ ਖ਼ਬਰ ਮੁਤਾਬਕ ਭਰਤਭਾਈ ਪਟੇਲ ‘ਤੇ ਮੰਗਲਵਾਰ ਨੂੰ ਨਿਊਯਾਰਕ ਦੇ ਲੋਅਰ ਈਸਟ ਸਾਈਡ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਬੇਰ ਈਟਸ ਲਈ ਡਿਲੀਵਰੀ ਕਰਨ ਵਾਲੇ ਨੇ ਮੰਗਲਵਾਰ ਨੂੰ ਅਖ਼ਬਾਰ ਨੂੰ ਦੱਸਿਆ ਕਿ ਦੋਸ਼ੀ ਨੇ ਬਿਨਾਂ ਕੁਝ ਕਹੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਕੁਝ ਨਹੀਂ ਕੀਤਾ। ਪਟੇਲ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ।ਪਟੇਲ (36) ਸ਼ਾਦੀਸ਼ੁਦਾ ਹੈ ਅਤੇ ਛੇ ਸਾਲ ਦੇ ਬੇਟੇ ਦਾ ਪਿਤਾ ਹੈ। ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਸੀਨ ਕੂਪਰ ਵਜੋਂ ਹੋਈ ਹੈ। ਖ਼ਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਪਟੇਲ ‘ਤੇ ਹਮਲਾ ਕਰਨ ਵਾਲਾ ਵਿਅਕਤੀ ਫਰਾਰ ਹੋ ਗਿਆ। ਜ਼ਖਮੀ ਪਟੇਲ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਪੁਲਸ ਨੇ ਬਾਅਦ ਵਿੱਚ 47 ਸਾਲਾ ਕੂਪਰ ਨੂੰ ਗ੍ਰਿਫ਼ਤਾਰ ਕਰ ਲਿਆ।

Leave a Reply

Your email address will not be published. Required fields are marked *