ਵਿਆਹ ਦੀਆਂ ਰਸਮਾਂ, ਵਿਆਹ ’ਚ ਸਰਬਾਲੇ ਦੀ ਸ਼ਾਨ

ਉਂਜ ਤਾਂ ਵਿਆਹ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦਾ ਚਿਹਰਾ ਖ਼ੁਸ਼ੀ ਨਾਲ ਖਿੜਿਆ ਹੁੰਦਾ ਹੈ ਕਿਉਂਕਿ ਵਿਆਹ ਹੁੰਦਾ ਹੀ ਚਾਵਾਂ ਭਰਿਆ ਹੈ। ਪਰ ਵਿਆਹ ਵਿਚ ਬਰਾਤੀਆਂ ਦੀ ਸ਼ਾਨ ਨਿਰਾਲੀ ਹੁੰਦੀ ਹੈ। ਹਰ ਬਰਾਤੀ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਆਪਣੀ ਪੂਰੀ ਟੌਹਰ ਖਿੱਚ ਕੇ ਬਰਾਤ ਆਇਆ ਹੁੰਦਾ ਹੈ। ਜਦੋਂ ਕੋਈ ਵੀ ਬਰਾਤ ਲੜਕੀ ਵਾਲਿਆਂ ਦੇ ਘਰ ਪਹੁੰਚਦੀ ਹੈ ਤਾਂ ਹਰ ਬਰਾਤੀ ਮਨ ਹੀ ਮਨ ਖ਼ੁਸ਼ ਹੁੰਦਾ ਹੈ, ਹੋਵੇ ਵੀ ਕਿਉਂ ਨਾ ਕਿਉਂਕਿ ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਦੀ ਨਜ਼ਰ ਹਰ ਬਰਾਤੀ ’ਤੇ ਜਾਂਦੀ ਹੈ ਅਤੇ ਬਰਾਤ ਦੇਖਣ ਲਈ ਪੂਰਾ ਪਿੰਡ ਢੁਕਿਆ ਹੁੰਦਾ ਹੈ।ਬਰਾਤ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਲਾੜਾ ਹੁੰਦਾ ਹੈ ਕਿਉਂਕਿ ਉਹ ਹੀ ਵਿਆਹ ਦਾ ਧੁਰਾ ਹੁੰਦਾ ਹੈ। ਉਸ ਦੁਆਲੇ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਘੁੰਮਦੀਆਂ ਹਨ। ਲਾੜੇ ਤੋਂ ਬਾਅਦ ਜੋ ਦੂਜਾ ਵਿਅਕਤੀ ਬਰਾਤ ਵਿਚ ਖਿੱਚ ਦਾ ਕੇਂਦਰ ਹੁੰਦਾ ਹੈ, ਉਹ ਹੈ ਸਰਬਾਲਾ। ਕਿਸੇ ਵੀ ਵਿਆਹ ਸਮੇਂ ਬਰਾਤ ਵਿਚ ਸਰਬਾਲੇ ਦੀ ਸ਼ਾਨ ਨਿਰਾਲੀ ਹੁੰਦੀ ਹੈ। ਭਾਵੇਂ ਸਰਬਾਲੇ ਦਾ ਵਿਆਹ ਨਹੀਂ ਹੋਣਾ ਹੁੰਦਾ, ਪਰ ਉਸ ਨੂੰ ਲਾੜੇ ਦੀ ਤਰ੍ਹਾਂ ਖ਼ੂਬ ਸ਼ਿੰਗਾਰ ਕੇ ਲਾੜੇ ਦੀ ਤਰ੍ਹਾਂ ਦਾ ਹੀ ਪਹਿਰਾਵਾ ਪਹਿਨਾਇਆ ਜਾਂਦਾ ਹੈ। ਇਸ ਤਰ੍ਹਾਂ ਬਰਾਤ ਦੇਖਣ ਵਾਲੇ ਦੀ ਨਜ਼ਰ ਲਾੜੇ ਤੋਂ ਹਟ ਕੇ ਸਰਬਾਲੇ ’ਤੇ ਹੀ ਟਿਕਦੀ ਹੈ। ਦਰਅਸਲ, ਸਰਬਾਲਾ ਲਾੜੇ ਦਾ ਸਹਿਯੋਗੀ ਸਾਥੀ ਹੁੰਦਾ ਹੈ।ਸਾਡੇ ਸਮਾਜ ਵਿਚ ਬਰਾਤ ਨਾਲ ਸਰਬਾਲੇ ਨੂੰ ਲੈ ਕੇ ਜਾਣ ਦੀ ਰਸਮ ਪੁਰਾਤਨ ਸਮੇਂ ਤੋਂ ਪ੍ਰਚੱਲਿਤ ਹੈ। ਉਹ ਲਾੜੇ ਤੋਂ ਛੋਟਾ ਉਸ ਦਾ ਭਰਾ, ਰਿਸ਼ਤੇਦਾਰੀ ਵਿਚੋਂ ਲੱਗਦਾ ਕੋਈ ਛੋਟਾ ਭਰਾ ਜਾਂ ਘਰ ਦਾ ਹੀ ਕੋਈ ਹੋਰ ਛੋਟਾ ਬੱਚਾ ਹੁੰਦਾ ਹੈ। ਲਾੜੇ ਦੇ ਨਾਲ ਸਰਬਾਲੇ ਦੀਆਂ ਵੀ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਕਿ ਮਹਿੰਦੀ ਲਗਾਉਣਾ, ਬਰਾਤ ਚੜ੍ਹਨ ਤੋਂ ਪਹਿਲਾਂ ਸਲਾਮੀ ਲਗਾਉਣਾ, ਭਾਬੀਆਂ ਵੱਲੋਂ ਸੁਰਮਾ ਪਾਉਣਾ ਅਤੇ ਬਰਾਤ ਚੜ੍ਹਨ ਸਮੇਂ ਕੱਚਾ ਦੁੱਧ ਪਿਲਾਉਣਾ। ਇਹ ਸਾਰੀਆਂ ਰਸਮਾਂ ਸਰਬਾਲੇ ਦੇ ਆਤਮ ਵਿਸ਼ਵਾਸ ਨੂੰ ਹੋਰ ਪੱਕਾ ਕਰਦੀਆਂ ਹਨ। ਉਸ ਨੂੰ ਹਰ ਸਮੇਂ ਲਾੜੇ ਦੇ ਨਾਲ ਹੀ ਰਹਿਣ, ਲਾੜੇ ਵਾਲੀ ਹੀ ਗੱਡੀ ਵਿਚ ਬੈਠਣ ਵਰਗੀਆਂ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ। ਸਰਬਾਲੇ ਦੇ ਨਾਲ ਰਹਿਣ ਨਾਲ ਲਾੜਾ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਅਤੇ ਉਸ ਨੂੰ ਵੀ ਆਪਣੇ ਛੋਟੇ ਸਾਥੀ ’ਤੇ ਪੂਰਾ ਮਾਣ ਹੁੰਦਾ ਹੈ।ਜਿਸ ਤਰ੍ਹਾਂ ਵਿਆਹ ਵਿਚ ਸਮੇਂ-ਸਮੇਂ ’ਤੇ ਅਲੱਗ-ਅਲੱਗ ਕਿਸਮ ਦੀਆਂ ਸਿੱਠਣੀਆਂ, ਸੁਹਾਗ ਦੇ ਗੀਤ ਅਤੇ ਘੋੜੀਆਂ ਆਦਿ ਗਾਈਆਂ ਜਾਂਦੀਆਂ ਹਨ, ਉਸ ਤਰ੍ਹਾਂ ਹੀ ਸਰਬਾਲੇ ਦੀ ਸ਼ਾਨ ਵਿਚ ਕਈ ਲੋਕ ਗੀਤ ਵਿਆਹ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਜਿਵੇਂ ਜੰਝ ਚੜ੍ਹਨ ਸਮੇਂ ਗੀਤ ਗਾਇਆ ਜਾਂਦਾ ਹੈ:ਵਿਆਹ ਵਿਚ ਸਰਬਾਲੇ ਦੇ ਪਹਿਰਾਵੇ ਅਤੇ ਉਸ ਦੀ ਟੌਹਰ ਨੂੰ ਹੋਰ ਉਜਾਗਰ ਕਰਨ ਲਈ ਘਰ ਵਾਲੇ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ ਅਤੇ ਇਸ ਤਰ੍ਹਾਂ ਸਰਬਾਲੇ ਦੀ ਸ਼ਾਨ ਦੇਖਣ ਵਾਲੀ ਹੁੰਦੀ ਹੈ।ਲੜਕੇ ਵਾਲਿਆਂ ਦੇ ਘਰ ਵਿਆਹ ਦੀ ਚਿੱਠੀ ਜਾਂਦੇ ਸਾਰ ਜਿੱਥੇ ਲਾੜੇ ਲਈ ਕੱਪੜਿਆਂ ਦੀ ਖ਼ਰੀਦੋ-ਫਰੋਖਤ ਸ਼ੁਰੂ ਹੋ ਜਾਂਦੀ ਹੈ, ਉੱਥੇ ਸਰਬਾਲੇ ਲਈ ਵੀ ਲਾੜੇ ਦੇ ਪਹਿਰਾਵੇ ਨਾਲ ਮੇਲ ਖਾਂਦੇ ਵਿਸ਼ੇਸ਼ ਕੱਪੜੇ ਖ਼ਰੀਦੇ ਜਾਂਦੇ ਹਨ। ਲਾੜਾ ਤਾਂ ਭਾਵੇਂ ਵੱਡਾ ਹੋਣ ਕਰਕੇ ਆਪਣੇ ਕੱਪੜੇ ਆਪ ਖ਼ਰੀਦ ਲਵੇ, ਪਰ ਸਰਬਾਲੇ ਦੇ ਕੱਪੜੇ ਘਰਦਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਖ਼ਰੀਦੇ ਜਾਂਦੇ ਹਨ। ਲਾੜੇ ਨਾਲ ਸਰਬਾਲਾ ਕਿਉਂ ਭੇਜਿਆ ਜਾਂਦਾ ਹੈ, ਇਸ ਬਾਰੇ ਭਾਵੇਂ ਬਹੁਤੀ ਜਾਣਕਾਰੀ ਨਹੀਂ ਮਿਲਦੀ, ਪਰ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੁਰਾਣੇ ਸਮਿਆਂ ਵਿਚ ਬਰਾਤ ਨੂੰ ਲੜਕੀ ਵਾਲਿਆਂ ਦੇ ਘਰ ਪੁੱਜਣ ਵਿਚ ਕਈ ਦਿਨ ਲੱਗ ਜਾਂਦੇ ਸਨ। ਇਸ ਦੌਰਾਨ ਲੰਬੇ ਰਸਤੇ ਹੋਣ ਕਾਰਨ ਰਸਤੇ ਵਿਚ ਲੁੱਟਾਂ ਖੋਹਾਂ ਵੀ ਹੋ ਜਾਂਦੀਆਂ ਸਨ, ਜਿਸ ਦੌਰਾਨ ਅਣਹੋਣੀ ਘਟਨਾ ਵੀ ਵਾਪਰ ਜਾਂਦੀ ਸੀ, ਇਸ ਲਈ ਲਾੜੇ ਦੇ ਬਦਲ ਵਜੋਂ ਸਰਵਾਲੇ ਨੂੰ ਬਰਾਤ ਦੇ ਨਾਲ ਭੇਜਿਆ ਜਾਂਦਾ ਸੀ ਤਾਂ ਹੀ ਉਸ ਦੇ ਲਾੜੇ ਵਾਂਗ ਹੀ ਸਾਰੇ ਸ਼ਗਨ ਕੀਤੇ ਜਾਂਦੇ ਸਨ। ਇਸ ਤਰ੍ਹਾਂ ਉਹ ਲਾੜੇ ਦਾ ਸਹਿਯੋਗੀ ਹੁੰਦਾ ਸੀ। ਸਾਡੇ ਸੱਭਿਆਚਾਰ ਵਿਚੋਂ ਹੁਣ ਸਰਬਾਲਾ ਗਾਇਬ ਹੋ ਰਿਹਾ ਹੈ, ਹੁਣ ਕੁਝ ਹੀ ਅਜਿਹੀਆਂ ਬਰਾਤਾਂ ਆਉਂਦੀਆਂ ਹਨ ਜਿਸ ਵਿਚ ਸਰਬਾਲਾ ਨਜ਼ਰ ਆਉਂਦਾ ਹੈ।

Leave a Reply

Your email address will not be published. Required fields are marked *