ਇਟਲੀ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਮਾੜੇ ਵਕਤ ਅੱਗੇ ਹਾਰਿਆ ਜਿੰਦਗੀ ਦੀ ਜੰਗ,ਦਰੱਖਤ ਨਾਲ ਰੱਸਾ ਪਾ ਕੀਤੀ ਖੁਦਕਸ਼ੀ

ਇਟਲੀ ਵਿੱਚ ਕਈ ਭਾਰਤੀ ਨੌਜਵਾਨ ਬੁਰੇ ਵਕਤ ਦੀ ਚਪੇਟ ਵਿੱਚ ਆ ਕਰਦੇ ਹਨ ਖੁਦਕਸ਼ੀਆਂ..ਰੋਮ(ਕੈਂਥ) ਇਟਲੀ ਵਿੱਚ ਬਹੁਤ ਨੌਜਵਾਨ ਕਰਜ਼ਾ ਚੁੱਕ ਪੰਜਾਬ ਭਾਰਤ ਤੋਂ ਭੱਵਿਖ ਨੂੰ ਸੁਨਿਹਰੀ ਬਣਾਉਣ ਆਉਂਦੇ ਹਨ ਤੇ ਬਹੁਤੇ ਇਸ ਮਕਸਦ ਵਿੱਚ ਕਾਮਯਾਬ ਵੀ ਹੁੰਦੇ ਹਨ ਪਰ ਕੁਝ ਅਜਿਹੇ ਵੀ ਸਨ ਜਿਹੜੇ ਕਿ ਵਕਤ ਦੀ ਚੱਲ ਰਹੀ ਚੱਕੀ ਵਿੱਚ ਫਸ ਜਾਂਦੇ ਹਨ ਤੇ ਮਾਨਸਿਕ ਸੰਤੁਲਨ ਗੁਆਕੇ ਲਾਚਾਰੀ ਵਿੱਚ ਮੌਤ ਨੂੰ ਗਲੇ ਲਗਾ ਲੈਂਦੇ ਹਨ ਬਿਨ੍ਹਾਂ ਇਹ ਸੋਚੇ ਕਿ ਜਿਹੜੇ ਮਾਪਿਆਂ ਨੇ ਉਹਨਾਂ ਨੂੰ ਦਿਲ ਉਪੱਰ ਪਥੱਰ ਰੱਖ ਪ੍ਰਦੇਸ਼ ਤੋਰਿਆ ਹੈ ਉਹਨਾਂ ਦਾ ਕੌਣ ਸਹਾਰਾ ਬਣੂ।ਇਟਲੀ ਵਿੱਚ ਕਈ ਨੌਜਵਾਨ ਕੰਮਾਂਕਾਰਾਂ ਦੀਆਂ ਪ੍ਰੇਸ਼ਾਨੀ ਤੋਂ ਤੰਗ ਆਕੇ ਸਦਾ ਲਈ ਮੌਤ ਦੀ ਨੀਂਦ ਸੌਣ ਨੂੰ ਪਹਿਲ ਦੇ ਚੁੱਕੇ ਤੇ ਹਾਲੇ ਵੀ ਇਹ ਤਬਾਹੀਕੁੰਨ ਦੌਰ ਖਤਮ ਹੁੰਦਾ ਦਿਖਾਈ ਨਹੀਂ ਦਿੰਦਾ।ਅਜਿਹਾ ਦੌਰ ਜਿਹੜਾ ਨੌਜਵਾਨਾਂ ਨੂੰ ਨਸਿ਼ਆਂ ਵਿੱਚ ਗਹਿਗਚ ਕਰਕੇ ਖੁਦਕਸ਼ੀਆਂ ਕਰਨ ਵੱਲ ਮੌੜ ਰਿਹਾ ਹੈ।ਇਸ ਅੰਨੇ ਤੇ ਗੂੰਗੇ ਦੌਰ ਵਿੱਚ ਇਟਲੀ ਵਿੱਚ ਇੱਕ ਹੋਰ ਨੌਜਵਾਨ ਵੱਲੋਂ ਆਪਣੇ ਹੱਥੀ ਆਪਣੀ ਜਿੰਦਗੀ ਨੂੰ ਖਤਮ ਕਰਨ ਦਾ ਕੌਚਾ ਸੱਚ ਸਾਹਮ੍ਹਣੇ ਆਇਆ ਹੈ।ਇਟਲੀ ਦਾ ਲਾਸੀਓ ਸੂਬਾ ਜਿਸ ਜਿਲ੍ਹਾ ਲਾਤੀਨਾ ਵਿੱਚ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿਣ ਬਸੇਰਾ ਕਰਦਾ ਹੈ ਤੇ ਇਸ ਜਿ਼ਲ੍ਹੇ ਦੇ ਇਲਾਕੇ ਸਬਾਊਦੀਆ ਪੁਨਤੀਨੀਆਂ ਨੇੜੇ ਖੇਤੀਬਾੜੀ ਫਾਰਮ ਹਾਊਸ ਦੇ ਇੱਕ ਦਰੱਖਤ ਨਾਲ ਰੱਸੀ ਪਾ ਨੌਜਵਾਨ ਜਸਪ੍ਰੀਤ ਸਿੰਘ (30)ਨੇ ਆਤਮ ਹੱਤਿਆ ਕਰ ਲਈ ਜਿਸ ਦੀ ਖ਼ਬਰ ਮਿਲਦਿਆਂ ਹੀ ਇਟਾਲੀਅਨ ਪੁਲਸ ਲਾਸ਼ ਕਬਜੇ ਵਿੱਚ ਲੈ ਘਟਨਾ ਦੇ ਕਾਰਨ ਪਤਾ ਕਰਨ ਵਿੱਚ ਡੂੰਘਾਈ ਨਾਲ ਜਾਂਚ ਕਰਨ ਵਿੱਚ ਜੁੱਟ ਗਈ।ਸੂਤਰਾਂ ਅਨੁਸਾਰ ਜਸਪ੍ਰੀਤ ਸਿੰਘ ਮੋਗਾ ਜਿ਼ਲ੍ਹੇ ਨਾਲ ਸੰਬਧਤ ਸੀ ਤੇ ਉਸ ਨੂੰ ਇਟਲੀ ਆਏ 4-5 ਸਾਲ ਹੋ ਗਏ ਸਨ।ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਪਰ ਬਣੇ ਸਨ ਤੇ ਦਸੰਬਰ ਵਿੱਚ ਵਿਆਹ ਕਰਵਾਉਣ ਲਈ ਭਾਰਤ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਾ ਨਹੀਂ ਕਿਹੜੇ ਵਕਤ ਦਾ ਮਾਰਿਆ ਮੌਤ ਨੂੰ ਗਲ ਲਾ ਦੁਨੀਆਂ ਤੋਂ ਹੀ ਚਲਾ ਗਿਆ।ਮ੍ਰਿਤਕ ਨੇ ਆਤਮ ਹੱਤਿਆ ਕਿਉਂ ਕੀਤੀ ਇਸ ਦਾ ਕੋਈ ਠੋਸ ਕਾਰਨ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦਿਨੀਂ ਜਿਸ ਘਰ ਵਿੱਚ ਰਹਿੰਦਾ ਸੀ ਉਸ ਤੋਂ ਵੀ ਉਸ ਨੂੰ ਜਵਾਬ ਮਿਲ ਗਿਆ ਸੀ ।ਕਈ ਤਰ੍ਹਾਂ ਦੀਆਂ ਆਰਥਿਕ ਤੰਗੀਆਂ ਨੂੰ ਪਿੰਡੇ ਹੰਢਾਉਂਦਾ ਮਰਹੂਮ ਜਸਪ੍ਰੀਤ ਸਿੰਘ ਮਰਨ ਵੇਲੇ ਬਹੁਤ ਹੀ ਜਿ਼ਆਦਾ ਤੜਫਿਆ ਹੋਵੇਗਾ ਪਰ ਆਪਣੀ ਮੌਤ ਨਾਲ ਉਹ ਆਪਣੇ ਮਾਪਿਆਂ ਨੂੰ ਬੁੱਢੀ ਉਮਰੇ ਪਲ-ਪਲ ਮਰਨ ਲਈ ਜਿਊਂਦਾ ਛੱਡ ਗਿਆ ਹੈ।ਜਿ਼ਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਕਈ ਨੌਜਵਾਨਾਂ ਨੇ ਇਸ ਇਲਾਕੇ ਵਿੱਚ ਕੰਮਾਂਕਾਰਾਂ ਦੀਆਂ ਤੰਗੀਆਂ ਤਰੁੱਸ਼ੀਆਂ ਦੇ ਚੱਲਦਿਆਂ ਖੁਦਕਸ਼ੀ ਦਾ ਰਾਹ ਚੁੱਣਿਆ ਸੀ ਪਰ ਕੀ ਮਾਪਿਆਂ ਨੂੰ ਕਰਜ਼ੇ ਦੇ ਬੋਝ ਹੇਠ ਦੱਬ ਪ੍ਰਦੇਸ਼ ਆ ਰਹੇ ਉਹਨਾਂ ਨੌਜਵਾਨਾਂ ਦਾ ਇਹ ਫੈਸਲਾ ਦਰੁੱਸਤ ਹੈ ਜਿਹੜੇ ਕਿ ਆਉਂਦੇ ਤਾਂ ਇਟਲੀ ਘਰ ਦੀ ਗਰੀਬੀ ਦੂਰ ਕਰਨ ਹੈ ਤੇ ਬੁੱਢੇ ਮਾਪਿਆਂ ਦਾ ਸਹਾਰਾ ਬਣਨ ਹੈ ਪਰ ਇੱਥੋ ਦੇ ਹਾਲਤਾਂ ਤੋਂ ਤੰਗ ਆ ਜਿੰਦਗੀ ਦੀ ਜੰਗ ਲੜਨ ਨਾਲੋਂ ਬਿਹਤਰ ਮਰਨਾ ਸੌਖਾ ਸਮਝ ਦੇ ਹਨ।ਉਹਨਾਂ ਤਮਾਮ ਨੌਜਵਾਨਾਂ ਨੂੰ ਅਜਿਹੇ ਕਦਮ ਚੱਕਣ ਤੋਂ ਪਹਿਲਾਂ ਆਪਣੇ ਮਜ਼ਬੂਰ ਤੇ ਲਾਚਾਰ ਮਾਪਿਆਂ ਬਾਰੇ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂ ਕਿ ਜੇਕਰ ਖੁਦਕਸ਼ੀਆਂ ਨਾਲ ਮਰਨ ਵਾਲੇ ਨੌਜਵਾਨ ਆਪਣੇ ਮਾਪਿਆਂ ਪ੍ਰਤੀ ਰਤਾ ਵੀ ਚਿੰਤਤ ਹੋਣ ਤਾਂ ਉਹ ਅਜਿਹਾ ਫੈਸਲਾ ਕਿਸੇ ਵੀ ਤਰ੍ਹਾਂ ਦੇ ਮਾੜੇ ਹਾਲਤ ਵਿੱਚ ਨਹੀਂ ਕਰ ਸਕਦਾ।ਅਜਿਹੀਆਂ ਘਟਨਾਵਾਂ ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਲੱਕ ਤੋੜਨ ਵਿੱਚ ਕੋਈ ਨਹੀਂ ਛੱਡ ਰਹੀਆਂ ਪਰ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਅਜਿਹੇ ਵਕਤ ਦੇ ਝੰਬੇ ਨੋਜਵਾਨਾਂ ਦੀ ਬਾਂਹ ਫੜ੍ਹਨ ਲਈ ਸੰਜੀਦਗੀ ਦਿਖਾਉਣੀ ਚਾਹੀਦਾ ਅਜਿਹਾ ਕਰਨ ਨਾਲ ਕਈ ਘਰਾਂ ਦੇ ਚਿਰਾਗ ਬੁੱਝਣੋ ਬਚ ਸਕਦੇ ਹਨ।

Leave a Reply

Your email address will not be published. Required fields are marked *