ਸਤਿਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਵਸ ਮੌਕੇ ਬੋਰਗੋ ਹਰਮਾਦਾ ਵਿਖੇ ਲੱਗੀਆਂ ਰੌਣਕਾਂ,ਪਟਾਕੇ ਚਲਾਕੇ ਸੰਗਤਾਂ ਨੇ ਲਗਾਏ ਗੁਰੂ ਦੇ ਜੈਕਾਰੇ

ਰੋਮ(ਕੈਂਥ)ਸਿੱਖ ਧਰਮ ਮੋਢੀ ਤੇ 15 ਸਦੀਂ ਦੇ ਮਹਾਨ ਸਮਾਜ ਸੁਧਾਰਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ 553ਵੇਂ ਆਗਮਨ ਪੁਰਬ ਦੁਨੀਆਂ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਾਨੋ-ਸੌਕਤ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਟਲੀ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਅੱਜ ਸਵੇਰੇ ਤੋਂ ਹੀ ਬਹੁ ਗਿਣਤੀ ਵਿੱਚ ਨਤਮਸਤਕ ਹੋਈਆਂ। ਸਮੂਹ ਗੁਰਦੁਆਰਾ ਸਾਹਿਬ ਦੀ ਜਿੱਥੇ ਵਿਸੇ਼ਸ ਦੀਪਮਾਲਾ ਕੀਤੀ ਗਈ ਉੱਥੇ ਵਿਸ਼ਾਲ ਦੀਵਾਨ ਵੀ ਸਜਾਏ ਗਏ

ਜਿਹਨਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬਧੀ ਵਿਸਥਾਰਪੂਰਵਕ ਚਾਨਣਾ ਪਾਇਆ।ਇਟਲੀ ਦੇ ਲਾਸੀਓ ਸੂਬੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਕੀਤੀ ਦੀਪਮਾਲਾ ਦੇਖਣਯੋਗ ਸੀ।ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ)ਵਿਖੇ ਇਸ ਪਵਿੱਤਰ ਦਿਹਾੜੇ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਸੰਗਤਾਂ ਵੱਲੋਂ ਬਹੁਤ ਸ਼ਰਧਾਪੂਰਵਕ ਨਿਭਾਉਂਦਿਆਂ ਗੁਰੂ ਦੇ ਜੈਕਾਰੇ ਲਗਾਏ ਗਏ।

ਇਸ ਸੁਹਾਵਣੇ ਮਾਹੌਲ ਵਿੱਚ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ।ਗੁਰਪੁਰਬ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਕਵੀਸ਼ਰ ਜੱਥੇ ਗਿਆਨੀ ਅੰਗਰੇਜ਼ ਸਿੰਘ ਤੇ ਗਿਆਨੀ ਬਖਤਾਵਰ ਸਿੰਘ ਵੱਲੋਂ ਆਪਣੀ ਦਮਦਾਰ ਤੇ ਬੁਲੰਦ ਆਵਜ਼ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਕਵੀਸ਼ਰ ਵਾਰਾਂ ਰਾਹੀਂ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ।

ਨੰਨੇ ਮੁੰਨੇ ਬੱਚਿਆਂ ਵੱਲੋਂ ਵੀ ਸ਼ਬਦਾਂ ਗਾਕੇ ਹਾਜ਼ਰੀ ਲੁਆਈ ਗਈ।ਬੋਰਗੋ ਹਰਮਾਦਾ ਤੋਂ ਇਲਾਵਾ ਇਲਾਕੇ ਭਰ ਤੋਂ ਸੰਗਤਾਂ ਨੇ ਦੇਰ ਰਾਤ ਤੱਕ ਗੁਰਦੁਆਰਾ ਸਾਹਿਬ ਹਾਜ਼ਰੀ ਭਰੀ।

Leave a Reply

Your email address will not be published. Required fields are marked *