ਮਾਸਕੋ ਨੇ ਪੋਲੈਂਡ ‘ਤੇ ਰੂਸੀ ਮਿਜ਼ਾਈਲਾਂ ਦੇ ਹਮਲੇ ਦੀ ਰਿਪੋਰਟ ਨੂੰ ‘ਭੜਕਾਹਟ’ ਦੱਸਿਆ

ਰੂਸ-ਯੂਕ੍ਰੇਨ ਜੰਗ ਦੇ ਵਿਚਕਾਰ ਪੋਲੈਂਡ ‘ਤੇ ਮਿਜ਼ਾਈਲ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਕਹਿਣਾ ਹੈ ਕਿ ਜੋ ਮਿਜ਼ਾਈਲਾਂ ਪੋਲੈਂਡ ‘ਚ ਡਿੱਗੀਆਂ, ਉਹ ਰੂਸ ਤੋਂ ਨਹੀਂ ਦਾਗੀਆਂ ਗਈਆਂ ਸਨ। ਉੱਥੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਟੋ ਦੇ ਮੈਂਬਰ ਦੇਸ਼ ਪੋਲੈਂਡ ਦੇ ਖੇਤਰ ‘ਤੇ ਡਿੱਗੀਆਂ ਮਿਜ਼ਾਈਲਾਂ ਯੂਕ੍ਰੇਨ ਦੀਆਂ ਸਨ। ਦਰਅਸਲ ਰੂਸੀ ਹਮਲੇ ਨੂੰ ਰੋਕਣ ਲਈ ਯੂਕ੍ਰੇਨ ਨੇ ਵੀ ਮਿਜ਼ਾਈਲਾਂ ਦਾਗੀਆਂ ਸਨ, ਜੋ ਪੋਲੈਂਡ ਦੀ ਸਰਹੱਦ ਵਿੱਚ ਜਾ ਡਿੱਗੀਆਂ ਸਨ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ।

ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਿਸ਼ਵ ਨੇਤਾਵਾਂ ਨਾਲ ਹੰਗਾਮੀ ਬੈਠਕ ‘ਚ ਰੂਸ ਵਲੋਂ ਯੂਕ੍ਰੇਨ ਦੇ ਨਾਗਰਿਕਾਂ ‘ਤੇ ਕੀਤੀ ਗਈ ਬੰਬਾਰੀ ਨੂੰ ਬੇਰਹਿਮੀ ਕਰਾਰ ਦਿੱਤਾ ਹੈ। ਦੱਸ ਦਈਏ ਕਿ ਪੋਲੈਂਡ ‘ਚ ਮਿਜ਼ਾਈਲ ਡਿੱਗਣ ਤੋਂ ਬਾਅਦ ਬਾਈਡੇਨ ਨੇ ਜੀ-7 ਦੇਸ਼ਾਂ ਅਤੇ ਨਾਟੋ ਮੈਂਬਰ ਦੇਸ਼ਾਂ ਦੀ ਐਮਰਜੈਂਸੀ ਬੈਠਕ ਬੁਲਾਈ ਸੀ। ਬਾਈਡੇਨ ਨੇ ਬੈਠਕ ਦੌਰਾਨ ਕਿਹਾ ਕਿ ਅਸੀਂ ਪੂਰਬੀ ਪੋਲੈਂਡ ਵਿਚ ਹੋਏ ਨੁਕਸਾਨ ਅਤੇ ਪੋਲੈਂਡ ਤੋਂ ਹੋਏ ਹਮਲੇ ਦੀ ਜਾਂਚ ਦਾ ਸਮਰਥਨ ਕਰਦੇ ਹਾਂ। ਬਾਈਡੇਨ ਨੇ ਕਿਹਾ ਕਿ ਅਸੀਂ ਇਸ ਸਮੇਂ ਯੂਕ੍ਰੇਨ ਦਾ ਪੂਰਾ ਸਮਰਥਨ ਕਰ ਰਹੇ ਹਾਂ। ਅਸੀਂ ਰੂਸ ਖ਼ਿਲਾਫ਼ ਜੰਗ ਵਿੱਚ ਉਸ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਦੇ ਰਹਾਂਗੇ। ਦੂਜੇ ਪਾਸੇ ਸਰਹੱਦ ‘ਤੇ ਵਧਦੇ ਤਣਾਅ ਤੋਂ ਬਾਅਦ ਪੋਲੈਂਡ ਨੇ ਆਪਣੀ ਫ਼ੌਜ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਪੋਲੈਂਡ ਨੇ ਰੂਸ ਦੇ ਰਾਜਦੂਤ ਨੂੰ ਕੀਤਾ ਤਲਬ
ਇਸ ਦੇ ਨਾਲ ਹੀ ਪੋਲੈਂਡ ਨੇ ਇਸ ਮਾਮਲੇ ‘ਚ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਪੋਲੈਂਡ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਮੰਤਰਾਲੇ ਦੇ ਬੁਲਾਰੇ ਲੁਕਾਜ ਜੈਸੀਨਾ ਨੇ ਕਿਹਾ ਕਿ ਅਸੀਂ ਤੁਰੰਤ ਘਟਨਾ ਬਾਰੇ ਵਿਸਥਾਰਪੂਰਵਕ ਸਪੱਸ਼ਟੀਕਰਨ ਮੰਗਿਆ ਹੈ। ਨਿਊਜ਼ ਏਜੰਸੀ ਏਐਨਆਈ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਪੋਲੈਂਡ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਖੇਤਰ ‘ਚ ਡਿੱਗਿਆ ਰਾਕੇਟ ਰੂਸ ‘ਚ ਬਣਿਆ ਸੀ। ਦੂਜੇ ਪਾਸੇ ਪੋਲੈਂਡ ਵੱਲੋਂ ਨਾਟੋ ਦੀ ਧਾਰਾ 4 ਦੇ ਆਧਾਰ ‘ਤੇ ਕੀਤੀ ਗਈ ਬੇਨਤੀ ਦੇ ਤਹਿਤ ਅੱਜ ਨਾਟੋ ‘ਚ ਸ਼ਾਮਲ ਮੈਂਬਰ ਦੇਸ਼ਾਂ ਦੇ ਰਾਜਦੂਤਾਂ ਦੀ ਇਸ ਮਾਮਲੇ ‘ਚ ਮੀਟਿੰਗ ਹੋਵੇਗੀ। ਨਾਟੋ ਦੇ ਆਰਟੀਕਲ 4 ਦੇ ਅਨੁਸਾਰ, ਮੈਂਬਰ ਦੇਸ਼ ਦੀ ਸੁਰੱਖਿਆ ਲਈ ਚਿੰਤਾ ਦਾ ਕੋਈ ਵੀ ਮੁੱਦਾ ਉਠਾ ਸਕਦੇ ਹਨ। ਇਹ ਜਾਣਕਾਰੀ ਯੂਰਪੀ ਡਿਪਲੋਮੈਟਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।

ਰੂਸ ਨੇ ਕੀਤਾ ਇਨਕਾਰ
ਮਾਸਕੋ ਨੇ ਪੋਲੈਂਡ ‘ਤੇ ਰੂਸੀ ਮਿਜ਼ਾਈਲਾਂ ਦੇ ਹਮਲੇ ਦੀ ਰਿਪੋਰਟ ਨੂੰ ‘ਭੜਕਾਹਟ’ ਦੱਸਿਆ ਹੈ। ਨਿਊਜ਼ ਏਜੰਸੀ ਏਐਫਪੀ ਨੇ ਇਹ ਜਾਣਕਾਰੀ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਰੂਸੀ ਮਿਜ਼ਾਈਲਾਂ ਨੇ ਪੋਲਿਸ਼ ਖੇਤਰ ‘ਤੇ ਹਮਲਾ ਕੀਤਾ ਹੈ। ਰਿਪੋਰਟ ਦਾ ਵਰਣਨ ਕਰਦੇ ਹੋਏ, ਇਸ ਨੂੰ “ਜੰਗ ਦੀ ਵਧਦੀ ਸਥਿਤੀ ਦੇ ਵਿਚਕਾਰ ਇੱਕ ਜਾਣਬੁੱਝ ਕੇ ਭੜਕਾਹਟ” ਵਜੋਂ ਦਰਸਾਇਆ ਗਿਆ ਸੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਵੱਲੋਂ ਯੂਕ੍ਰੇਨ-ਪੋਲੈਂਡ ਸਰਹੱਦ ਨੂੰ ਨਿਸ਼ਾਨਾ ਬਣਾ ਕੇ ਕੋਈ ਹਮਲਾ ਨਹੀਂ ਕੀਤਾ ਗਿਆ।

ਨਾਟੋ ਦੇ ਸਕੱਤਰ ਜਨਰਲ ਨੇ ਪੋਲੈਂਡ ਦੇ ਰਾਸ਼ਟਰਪਤੀ ਨਾਲ ਕੀਤੀ ਗੱਲ
ਨਾਟੋ ਦੇ ਸੱਕਤਰ ਜਨਰਲ ਜੇਨਸ ਸਟੋਲਟਨਬਰਗ ਨੇ ਪੋਲੈਂਡ ਵਿੱਚ ‘ਵਿਸਫੋਟ’ ਦੀਆਂ ਰਿਪੋਰਟਾਂ ‘ਤੇ ਪੋਲਿਸ਼ ਰਾਸ਼ਟਰਪਤੀ ਆਂਡਰੇਜ਼ ਡੂਡਾ ਨਾਲ ਗੱਲ ਕੀਤੀ, ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ, ਤੱਥਾਂ ਦੀ ਸਥਾਪਨਾ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਰਾਸ਼ਟਰਪਤੀ ਆਂਦਰੇਜ ਡੂਡਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਹੈ।ਉੱਧਰ ਦੇਸ਼ ਦੇ ਖੇਤਰ ‘ਤੇ ਮਿਜ਼ਾਈਲਾਂ ਡਿੱਗਣ ਦੀਆਂ ਰਿਪੋਰਟਾਂ ਤੋਂ ਬਾਅਦ ਪੋਲੈਂਡ ਦੇ ਪ੍ਰਧਾਨ ਮੰਤਰੀ ਮੈਟਿਊਜ਼ ਮੋਰਾਵੀਕੀ ਨੇ ਮੰਤਰੀ ਪ੍ਰੀਸ਼ਦ ਦੀ ਸੁਰੱਖਿਆ ਪ੍ਰੀਸ਼ਦ ਕਮੇਟੀ ਦੀ ਬੈਠਕ ਬੁਲਾਈ। ਸਰਕਾਰ ਦੇ ਬੁਲਾਰੇ ਪਿਓਟਰ ਮੂਲਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਰਾਵੀਕੀ ਨੇ ਤੁਰੰਤ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਮਾਮਲਿਆਂ ਲਈ ਮੰਤਰੀ ਮੰਡਲ ਦੀ ਕਮੇਟੀ ਬੁਲਾਈ ਹੈ।

Leave a Reply

Your email address will not be published. Required fields are marked *