ਦੁਨੀਆਂ ਭਰ ਵਿੱਚ 2021 ਵਿੱਚ 81,100 ਔਰਤਾਂ ਦੀ ਹੋਈ ਬੇਰਹਿਮੀ ਨਾਲ ਹੱਤਿਆ ਤੇ 45000 ਨੂੰ ਮੌਤ ਦੇ ਘਾਟ ਉਤਾਰਨ ਵਾਲਾ ਦੋਸ਼ੀ ਔਰਤ ਦਾ ਪਤੀ ਜਾਂ ਸਾਕ ਸਬੰਧੀ

ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿੱਚ 25 ਨਵੰਬਰ ਨੂੰ ਮਨਾਇਆ ਗਿਆ ਅੰਤਰਰਾਸ਼ਟਰੀ ਦਿਵਸ

ਰੋਮ(ਦਲਵੀਰ ਕੈਂਥ)ਇਸ ਖ਼ਬਰ ਨੂੰ ਪੜ੍ਹਕੇ ਹੈਰਾਨੀ ਦੇ ਨਾਲ ਪ੍ਰੇਸ਼ਾਨੀ ਵੀ ਹੋ ਰਹੀ ਹੈ ਕਿ ਜਿਸ ਔਰਤ ਦੇ ਬਿਨ੍ਹਾਂ ਸੰਸਾਰ ਅਧੂਰਾ ਤੇ ਬੇਜਾਨ ਹੈ ਉਸ ਨੂੰ ਡਿਜੀਟਲ ਅਖਵਾਉਣ ਵਾਲੇ ਜਮਾਨੇ’ਚ ਅਣਚਾਹੀ ਦਰਦਨਾਕ ਮੌਤ ਦੇਣ ਵਾਲੇ ਬਹੁਤੇ ਹੱਤਿਆਰੇ ਪੀੜਤਾਂ ਦੇ ਆਪਣੇ ਪਰਿਵਾਰ ਵਾਲੇ ਹੀ ਹਨ।

ਇਸ ਕੌੜੇ ਸੱਚ ਦਾ ਖੁਲਾਸਾ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿੱਚ 25 ਨਵੰਬਰ ਨੂੰ ਮਨਾਏ ਅੰਤਰਰਾਸ਼ਟਰੀ ਦਿਵਸ ਮੌਕੇ ਸੰਯੁਕਤ ਰਾਸ਼ਟਰ ਨੇ ਆਪਣੀ ਵਿਸੇ਼ਸ ਰਿਪੋਰਟ ਵਿੱਚ ਕਰਦਿਆਂ ਕਿਹਾ ਕਿ ਔਰਤ ਨੂੰ ਦੁਨੀਆਂ ਭਰ ਵਿੱਚ ਮੌਤ ਦੇ ਘਾਟ ਉਤਾਰਨ ਵਾਲੇ ਕੇਸਾਂ ਦੇ ਵਿਸ਼ਵਵਿਆਪੀ ਅੰਕੜੇ ਦਰਸਾਉਂਦੇ ਹਨ ਕਿ ਅੱਧ ਤੋਂ ਵੱਧ ਔਰਤਾਂ ਨੂੰ ਦਰਦਨਾਕ ਮੌਤ ਉਸ ਦੇ ਪਤੀ,ਸਾਥੀ,ਜਾਂ ਹੋਰ ਸਾਕ ਸੰਬਧੀ ਦੁਆਰਾ ਦਿੱਤੀ ਜਾ ਰਹੀ ਹੈ।ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਪਿਛਲੇ ਸਾਲ ਸੰਨ 2021 ਵਿੱਚ 81,100 ਔਰਤਾਂ ਦੀ ਹੱਤਿਆਂ ਹੋਈ ਜਿਹਨਾਂ ਵਿੱਚੋਂ 45000 ਔਰਤਾਂ ਨੂੰ (56%)ਨੂੰ ਉਹਨਾਂ ਦੇ ਆਪਣੇ ਪਿਆਰਿਆਂ ਹੀ ਮੌਤ ਦੀ ਸਜਾ ਦਿੱਤੀ ਹੈ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਹ ਅੰਕੜੇ ਚਿੰਤਾਜਨਕ ਹਨ।ਕਈ ਕੇਸਾਂ ਵਿੱਚ ਔਰਤਾਂ ਨੂੰ ਲਿੰਗ ਕਾਰਨ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਸੰਨ 2021 ਵਿੱਚ ਕਈ ਅਜਿਹੇ ਕੇਸ ਵੀ ਦੇਖੇ ਗਏ ਜਿੱਥੇ 10 ਹੋਈਆਂ ਮੌਤਾਂ ਵਿੱਚ 4 ਔਰਤਾਂ ਨੂੰ ਦੀ ਮੌਤ ਨੂੰ ਨਾਰੀ-ਨਾਸ਼ਕ ਅਨਸਰਾਂ ਵੱਲੋਂ ਗਿਣਿਆ ਹੀ ਨਹੀਂ ਗਿਆ।ਪਿਛਲੇ ਸਾਲ ਆਪਣਿਆ ਵੱਲੋਂ ਮਿਲੀ ਮੌਤ ਵਿੱਚ ਏਸ਼ੀਆ ਦੀਆਂ ਔਰਤਾਂ ਦੀ ਗਿਣਤੀ 17,800 ਸਭ ਤੋਂ ਵੱਧ ਹੈ ਜਦੋਂ ਕਿ ਰਿਪੋਰਟ ਅਨੁਸਾਰ ਅਫ਼ਰੀਕਾ ਵਿੱਚ ਔਰਤਾਂ ਜਾਂ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਦੁਆਰਾ ਮਾਰੇ ਜਾਣ ਦਾ ਖਤਰਾ ਜਿ਼ਆਦਾ ਹੈ।ਰਿਪੋਰਟ ਅਨੁਸਾਰ ਅਮਰੀਕਾ ਵਿੱਚ1.4,ਓਨੇਸ਼ੀਆ ਵਿੱਚ 1.2,ਏਸ਼ੀਆ ਵਿੱਚ 0.8 ਅਤੇ ਯੂਰਪ ਵਿੱਚ 0.6 ਦੇ ਮੁਕਾਬਲੇ ਅਫ਼ਰੀਕਾ ਵਿੱਚ ਲਿੰਗ ਅਧਾਰਿਤ ਹੱਤਿਆਵਾਂ ਦੀ ਦਰ 2.5 ਪ੍ਰਤੀ 100,000 ਔਰਤ ਆਬਾਦੀ ਵਿੱਚ ਅਨੁਮਾਨਿਤ ਹੈ।

ਸਰਵੇਂ ਅਨੁਸਾਰ ਸੰਨ 2020 ਵਿੱਚ ਕੋਵਿਡ ਮਹਾਂਮਾਰੀ ਦੀ ਸੁਰੂਆਤ ਉਤਰੀ ਅਮਰੀਕਾ ਅਤੇ ਪੱਛਮੀ,ਦੱਖਣੀ ਯੂਰਪ ਵਿੱਚ ਔਰਤਾਂ ਦੀ ਹੱਤਿਆਵਾਂ ਵਿੱਚ ਮਹੱਤਵਪੂਰਨ ਵਾਧੇ ਨਾਲ ਮੇਲ ਖਾਂਦੀ ਹੈ।ਅਮਰੀਕਾ ਸਮੇਤ 25 ਯੂਰਪੀਅਨ ਦੇਸ਼ਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਧਾ ਵੱਡੇ ਪੱਧਰ ਤੇ ਪਤੀਆਂ ਅਤੇ ਸਾਥੀਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਕਰਨ ਹੋਇਆ ਹੈ।ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਵਕੀਲ ਮੈਡਮ ਬਾਰਬਰਾ ਜੇਮੈਨਜ ਸਨਟੀਆਜੀਓ ਦਾ ਇਸ ਹੈਰਾਨਕੁੰਨ ਤੱਥਾਂ ਪ੍ਰਤੀ ਕਹਿਣਾ ਹੈ ਕਿ ਘਰੇਲੂ ਹਿੰਸਾ ਨੂੰ ਹਾਲੇ ਵੀ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਇੱਕ ਨਿੱਜੀ ਪਰਿਵਾਰਕ ਮਾਮਲੇ ਵਜੋਂ ਹੀ ਦੇਖਿਆ ਜਾਂਦਾ ਹੈ।ਬਹੁਤੇ ਵਕੀਲ ਅਤੇ ਪੁਲਸ ਵਾਲੇ ਅਕਸਰ ਅਜਿਹੇ ਕੇਸਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜਦੋਂਕਿ ਅੰਕੜਿਆਂ ਵਿੱਚ ਹਿੰਸਾ ਦੇ ਦੂਜੇ ਰੂਪਾਂ ਦੇ ਨਤੀਜੇ ਵਜੋਂ ਹੋਈਆਂ ਹੱਤਿਆਵਾਂ ਦਰਜ਼ ਹੋਣੀਆਂ ਚਾਹੀਦੀਆਂ ਹਨ ਜਿਵੇਂ ਇੱਕ ਔਰਤ ਜੋ ਜਬਰ ਜਿਨਾਹ ਦੀ ਸਿ਼ਕਾਰ ਹੋਣ ਕਾਰਨ ਆਤਮ ਹੱਤਿਆ ਕਰ ਲੈੰਦੀ ਹੈ ਜਾਂ ਜਬਰ-ਜਿਨਾਹ ਦੀ ਸਿ਼ਕਾਰ ਔਰਤ ਗਰਬਵਤੀ ਹੋ ਜਾਂਦੀ ਹੈ ਤੇ ਜਣੇਪੇ ਦੌਰਾਨ ਮਰ ਜਾਂਦੀ ਹੈ।

ਬਹੁਤ ਸਾਰੇ ਦੇਸ਼ਾਂ ਵਿੱਚ ਹਾਲੇ ਵੀ ਅਜਿਹੇ ਕਾਨੂੰਨ ਹਨ ਜੋ ਔਰਤਾਂ ਜਾਂ ਕੁੜੀਆਂ ਨਾਲ ਵਿਤਕਰਾ ਕਰਦੇ ਹਨ ਜਿਸ ਵਿੱਚ ਉਹ ਵੀ ਸ਼ਾਮਲ ਹਨ ਜੋ ਵਿਆਹ ਦੇ ਅੰਦਰ ਜਬਰ-ਜਿਨਾਹ ਦੀ ਇਜ਼ਾਜ਼ਤ ਦਿੰਦੇ ਹਨ ਜਾਂ ਦੋਸ਼ੀਆਂ ਨੂੰ ਪੀੜਤਾਂ ਨਾਲ ਵਿਆਹ ਕਰਕੇ ਸਜ਼ਾ ਤੋਂ ਬਚਣ ਦੀ ਇਜਾਜ਼ਤ ਦਿੰਦੇ ਹਨ।ਸਹੀ ਅਰਥਾਂ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਦੁਨੀਆਂ ਭਰ ਵਿੱਚ ਬਹੁਤ ਕੁਝ ਬਦਲਣ ਦੀ ਲੋੜ ਹੈ ਜਿਸ ਲਈ ਔਰਤਾਂ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਹਿਮ ਜਰੂਰਤ ਹੈ।

Leave a Reply

Your email address will not be published. Required fields are marked *