ਬੇਸ਼ੱਕ ਇਟਲੀ ਨੂੰ ਅਗਾਂਹਵਧੂ ਵਿਚਾਰਾਂ ਤੇ ਨਿਡਰ ਸੋਚ ਦੀ ਮਲਿਕਾ ਮੈਡਮ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਸਰਕਾਰ ਮਿਲ ਗਈ ਹੈ.ਪਰ..?

ਰੋਮ (ਦਲਵੀਰ ਕੈਂਥ) : ਬੇਸ਼ੱਕ ਇਟਲੀ ਨੂੰ ਅਗਾਂਹਵਧੂ ਵਿਚਾਰਾਂ ਤੇ ਨਿਡਰ ਸੋਚ ਦੀ ਮਲਿਕਾ ਮੈਡਮ ਜੌਰਜੀਆ ਮੇਲੋਨੀ ਦੀ ਅਗਵਾਈ ਵਾਲੀ ਸਰਕਾਰ ਮਿਲ ਗਈ ਹੈ, ਜਿਹੜੀ ਕਿ ਇਟਲੀ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਦਿਨ-ਰਾਤ ਇਕ ਕਰ ਰਹੀ ਹੈ ਪਰ ਸਾਲ 2022 ਦੀ ਜਨਗਣਨਾ ਰਿਪੋਰਟ ਸਰਕਾਰ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਐਲਾਨ ਕਰਦੀ ਨਜ਼ਰ ਆ ਰਹੀ ਹੈ। ਇਸ ਅਨੁਸਾਰ ਇਟਲੀ ‘ਚ ਗਰੀਬੀ ਜਿੱਥੇ ਦੌੜਦੀ ਹੋਈ ਪੈਰ ਪਸਾਰ ਰਹੀ ਹੈ, ਉੱਥੇ ਦੇਸ਼ ਦੀ ਘੱਟ ਰਹੀ ਜਨਸੰਖਿਆ ਵੀ ਇਟਲੀ ਦੇ ਸੁਨਹਿਰੀ ਭਵਿੱਖ ਨੂੰ ਕਾਲਖ ਮਲਦੀ ਦਿਸ ਰਹੀ ਹੈ।


ਜਨਗਣਨਾ 2022 ਦੀ ਰਿਪੋਰਟ ਮੁਤਾਬਕ ਇਟਲੀ ਦੇ ਬਾਸ਼ਿੰਦਿਆਂ ਦੀ ਆਰਥਿਕਤਾ ਨਿਰੰਤਰ ਨਿਘਾਰ ਵੱਲ ਹੈ ਤੇ ਲੋਕਾਂ ਦੀ ਵਿਸ਼ੇਸ਼ ਅਧਿਕਾਰਾਂ ਪ੍ਰਤੀ ਅਸਹਿਣਸ਼ੀਲਤਾ ਵੱਧ ਰਹੀ ਹੈ, ਜਿਸ ਨੂੰ ਸਥਿਰ ਕਰਨ ਲਈ ਲੋਕਾਂ ਅੰਦਰ ਲਾਮਬੰਦ ਹੋਣ ਦੀ ਇੱਛਾ ਵੀ ਮਰ ਰਹੀ ਜਾਪਦੀ ਹੈ। ਦੇਸ਼ ਅੰਦਰ ਨੌਜਵਾਨਾਂ ਦੀ ਗਿਣਤੀ ਘੱਟ ਰਹੀ ਹੈ ਤੇ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਰੂਸ ਅਤੇ ਯੂਕ੍ਰੇਨ ਦੀ ਲੜਾਈ ਤੋਂ ਲੋਕ ਘਬਰਾ ਰਹੇ ਹਨ ਤੇ ਆਬਾਦੀ ਦੇ 10 ‘ਚੋਂ 6 ਲੋਕ ਵਿਸ਼ਵ ਯੁੱਧ ਲੱਗਣ ਤੋਂ ਡਰ ਰਹੇ ਹਨ। ਇਟਲੀ ਦੇ ਲੋਕਾਂ ਨੂੰ ਵਰਤਮਾਨ ਤੇ ਭਵਿੱਖ ਦੋਵਾਂ ਦੀ ਚਿੰਤਾ ਸਤਾ ਰਹੀ ਹੈ। ਦੇਸ਼ ਦੇ ਲੋਕ ਅਨੇਕਾਂ ਤਰ੍ਹਾਂ ਦੇ ਸੰਕਟਾਂ ਨਾਲ ਲੜਾਈ ਲੜ ਰਹੇ ਹਨ, ਜਿਵੇਂ ਕੋਵਿਡ, ਯੁੱਧ, ਮਹਿੰਗਾਈ ਅਤੇ ਊਰਜਾ ਸੰਕਟ ਪਰ ਇਸ ਦੇ ਬਾਵਜੂਦ ਲੋਕ ਆਸ਼ਾਵਾਦੀ ਹਨ।

ਦੇਸ਼ ਦੀ ਆਬਾਦੀ ਦੇ 92.7 ਫ਼ੀਸਦੀ ਇਟਾਲੀਅਨ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੇਸ਼ ਵਿੱਚ ਮਹਿੰਗਾਈ ਦਾ ਮਾਤਮ ਜਲਦੀ ਖਤਮ ਨਹੀਂ ਹੋਵੇਗਾ। 76.4 ਫ਼ੀਸਦੀ ਇਹ ਮੰਨਦੇ ਹਨ ਕਿ ਅਗਲੇ ਸਾਲ ਵੀ ਉੇਨ੍ਹਾਂ ਦੀ ਆਮਦਨ ਵਿੱਚ ਕੋਈ ਖਾਸ ਵਾਧਾ ਨਹੀਂ ਹੋਵੇਗਾ। 70 ਫ਼ੀਸਦੀ ਇਹ ਮੰਨਦੇ ਹਨ ਉਨ੍ਹਾਂ ਦਾ ਮਹਿੰਗਾਈ ਕਾਰਨ ਜੀਵਨ ਪੱਧਰ ਡਗਮਗਾ ਜਾਏਗਾ। ਰਿਪੋਰਟ ਅਨੁਸਾਰ ਦੇਸ਼ ਦੇ ਆਰਥਿਕ ਖੇਤਰ ਵਿੱਚ ਪੂਰਨ ਨਿਰਾਸ਼ਾਵਾਦ ਦੇ ਇਸ ਮਾਹੌਲ ਨੇ ਦੇਸ਼ ਦੀਆਂ ਮਸ਼ਹੂਰ ਹਸਤੀਆਂ, ਹਾਕਮ ਜਮਾਤਾਂ, ਅਮੀਰਾਂ ਦੇ ਕਿਰਦਾਰਾਂ ‘ਤੇ ਵੱਖਰੀ ਰੌਸ਼ਨੀ ਪਾਈ ਹੈ, ਜਿਹੜੇ ਕਿ ਸਮਾਜਿਕ ਅਸਮਾਨਤਾਵਾਂ ਤੇ ਵੱਧ ਰਹੀ ਅਸੰਤੁਸ਼ਟੀ ਪ੍ਰਤੀ ਕੋਈ ਕਾਰਵਾਈ ਕਰਨ ਤੋਂ ਚੁੱਪ ਹਨ। ਹੋਰ ਤਾਂ ਹੋਰ ਲੋਕਾਂ ਦੀ ਰਾਜਨੀਤੀ ਵਿੱਚ ਵੀ ਦਿਲਚਸਪੀ ਖਤਮ ਹੋ ਰਹੀ ਹੈ। ਲੋਕ ਵੋਟ ਪਾਉਣ ਨੂੰ ਵੀ ਤਰਜੀਹ ਨਹੀਂ ਦੇ ਰਹੇ, ਜੋ ਕਿ ਚਿੰਤਾਜਨਕ ਹੈ। ਇਸ ਤੋਂ ਇਲਾਵਾ ਅੱਧ ਤੋਂ ਵੱਧ ਇਟਾਲੀਅਨ ਲੋਕਾਂ ਨੂੰ ਅਪਰਾਧਾਂ ਦਾ ਸ਼ਿਕਾਰ ਹੋਣ ਦਾ ਡਰ ਹੈ।

ਹਾਲਾਂਕਿ ਪਿਛਲੇ ਦਹਾਕਿਆਂ ਦੀਆਂ ਅਪਰਾਧਿਕ ਰਿਪੋਰਟਾਂ ਵਿੱਚ 25.4 ਫ਼ੀਸਦੀ ਗਿਰਾਵਟ ਆਈ ਹੈ। ਆਤਮਹੱਤਿਆਵਾਂ ‘ਚ 42.4 ਫ਼ੀਸਦੀ ਦੀ ਕਮੀ, ਡਕੈਤੀ ਕੇਸਾਂ ‘ਚ 48.2 ਫ਼ੀਸਦੀ ਦੀ ਕਮੀ ਅਤੇ ਘਰਾਂ ‘ਚ ਚੋਰੀ ਦੇ ਕੇਸਾਂ ‘ਚ 47.5 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ, ਜਦੋਂ ਕਿ 2012 ਤੋਂ ਜਿਣਸੀ ਹਿੰਸਾ ਵਾਲੇ ਕੇਸਾਂ ਵਿੱਚ 12.5 ਫ਼ੀਸਦੀ ਤੇ ਜਬਰੀ ਵਸੂਲੀ ਵਾਲੇ ਕੇਸਾਂ ‘ਚ 55.2 ਫ਼ੀਸਦੀ ਇਜ਼ਾਫਾ ਹੋਇਆ। ਇਸ ਦੇ ਨਾਲ ਹੀ ਡਿਜੀਟਲ ਅਪਰਾਧਾਂ ਵਿੱਚ ਵੀ ਤੇਜ਼ੀ ਦੇਖੀ ਗਈ ਹੈ। ਜਨਗਣਨਾ ਦੀ ਰਿਪੋਰਟ ਅਨੁਸਾਰ ਹੀ ਸਾਲ 2021 ਵਿੱਚ ਪੂਰਨ ਗਰੀਬੀ ਵਾਲੇ 20 ਲੱਖ ਨੇੜੇ ਪਰਿਵਾਰ ਸਨ, ਜੋ ਕੁਲ ਆਬਾਦੀ ਦੇ 7.5 ਫ਼ੀਸਦੀ ਦੇ ਬਰਾਬਰ ਸਨ। ਵਿਦਿਆਰਥੀ ਵਰਗ ਦੀ ਵੀ ਗਿਣਤੀ ਸਕੂਲਾਂ ਵਿੱਚ ਘੱਟ ਰਹੀ ਹੈ। ਕਲਾਸ ਰੂਮ ਲਗਾਤਾਰ ਖਾਲੀ ਹੁੰਦੇ ਜਾ ਰਹੇ ਹਨ। ਦੇਸ਼ ਵਿੱਚ ਨੀਟ ਭਾਵ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ ਜਿਹੜੇ ਕਿ ਨਾ ਪੜ੍ਹਦੇ ਤੇ ਨਾ ਹੀ ਕੰਮ ਕਰਦੇ ਹਨ। ਦੂਜੇ ਪਾਸੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ।

Leave a Reply

Your email address will not be published. Required fields are marked *