ਗੁਰਦੁਆਰਾ ਸਾਹਿਬ ਦੇ ਸਥਾਪਨਾ ਦਿਵਸ ਦੇ 2 ਸਾਲ ਪੂਰੇ ਹੋਣ ਤੇ ਕਰਵਾਇਆ ਗਿਆ ਗੁਰਮਤਿ ਸਮਾਗਮ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ (ਲਾਤੀਨਾ) ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਸਥਾਪਨਾ ਦਿਵਸ ਦੇ 2 ਸਾਲ ਪੂਰੇ ਹੋਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ,ਇਸ ਸੰਬੰਧੀ 9 ਦਸੰਬਰ 2022 ਦਿਨ ਸ਼ੁੱਕਰਵਾਰ ਨੂੰ ਇਲਾਹੀ ਬਾਣੀ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਬੀਤੇ ਦਿਨ ਐਤਵਾਰ ਨੂੰ ਸੰਪੂਰਨਤਾ ਨਾਲ ਭੋਗ ਪਾਏ ਗਏ।
ਉਪਰੰਤ ਭਾਈ ਬਲਕਾਰ ਸਿੰਘ, ਭਾਈ ਵਿਕਰਮਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੇ ਕੀਰਤਨੀਏ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ , ਅਤੇ ਬੱਚਿਆਂ ਵਲੋਂ ਵੀ ਕੀਰਤਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ ਵੱਖ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਮੈਂਬਰ ਜਿਨ੍ਹਾਂ ਵਿੱਚ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਪੁਰਾਣਾ ਗੁਰੂ ਘਰ, ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਨਵਾਂ ਗੁਰੂ ਘਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਂਤਰੀ (ਰੋਮ) ਅਤੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ (ਰੋਮ) ਆਦਿ ਦੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਗੁਰਬਾਣੀ, ਕੀਰਤਨ ਸਰਵਣ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਪ੍ਰੰਬਧਕਾਂ ਵਲੋਂ ਵੱਖ ਵੱਖ ਗੁਰਦੁਆਰਿਆਂ ਤੋਂ ਆਏ ਪ੍ਰੰਬਧਕ ਕਮੇਟੀ ਮੈਂਬਰਾਂ ਦਾ ਗੁਰੂ ਘਰ ਦੀ ਬਖਸ਼ੀਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਮੂਹ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਨਿੱਕੇ ਜਿਹੇ ਸੁਨੇਹੇ ਤੇ ਇਸ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀ ਰੌਣਕ ਨੂੰ ਵਧਾਇਆ।

Leave a Reply

Your email address will not be published. Required fields are marked *