ਇਟਲੀ ‘ਚ ਪੰਜਾਬੀ ਨੌਜਵਾਨ ਦੀ ਮੌਤ

ਰੋਮ (ਕੈਂਥ) : ਮਾਪਿਆਂ ਲਈ ਦੁਨੀਆ ‘ਚ ਸਭ ਤੋਂ ਵੱਡਾ ਬੋਝ ਹੁੰਦਾ ਹੈ ਜਵਾਨ ਪੁੱਤ ਦੀ ਅਰਥੀ ਦਾ, ਜਿਸ ਨੂੰ ਮੋਢਿਆਂ ‘ਤੇ ਚੁੱਕਣ ਸਮੇਂ ਸੀਨਾ ਪਾਟ ਜਾਂਦਾ ਹੈ। ਅਜਿਹੇ ‘ਚ ਜੇ ਪੁੱਤ ਦੀ ਵਿਦੇਸ਼ ਵਿੱਚ ਭਰ ਜਵਾਨੀ ‘ਚ ਮੌਤ ਹੋ ਜਾਵੇ ਤਾਂ ਹਾਲਤ ਨੂੰ ਬਿਆਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹਾ ਹੀ ਮੰਦਭਾਗਾ ਸਮਾਂ ਗਰੀਬ ਕਿਸਾਨ ਅਮਰੀਕ ਸਿੰਘ ‘ਤੇ ਉਦੋਂ ਆ ਗਿਆ, ਜਦੋਂ ਉਨ੍ਹਾਂ ਦੇ ਇਟਲੀ ਦੇ ਕਲਾਬਰੀਆ ਸੂਬੇ ਵਿੱਚ ਰਹਿੰਦੇ ਪੁੱਤ ਸਤਨਾਮ ਸਿੰਘ (32) ਦੀ ਬੀਤੀ ਰਾਤ ਪੇਟ ਵਿੱਚ ਤਿੱਖਾ ਦਰਦ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਦੋਸਤ ਗੁਰਬਾਜ ਸਿੰਘ ਨੇ ਪ੍ਰੈੱਸ ਨੂੰ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਸਤਨਾਮ ਸਿੰਘ ਦੇ ਪੇਟ ਵਿੱਚ ਦਰਦ ਹੋਣ ‘ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਮੁਤਾਬਕ ਪੇਟ ਦੀ ਕੋਈ ਨਾੜੀ ਫਟਣ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ।

ਮ੍ਰਿਤਕ ਸਤਨਾਮ ਸਿੰਘ ਜੋ ਕਿ ਕੋਸੈਂਸਾ ਜ਼ਿਲ੍ਹੇ ਦੇ ਤੁਰਾਨੋ ਸੋਕਾਲੋ ਵਿੱਚ ਰਹਿ ਕੇ ਦਿਹਾੜੀ-ਦੱਪਾ ਕਰਕੇ ਆਪਣਾ ਡੰਗ ਟਪਾਉਂਦਾ ਸੀ, ਪਿੱਛੋਂ ਭਾਰਤ ਦੇ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ, ਜਿਸ ਨੇ ਨਵੇਂ ਸਾਲ ਭਾਰਤ ਜਾ ਕੇ ਵਿਆਹ ਕਰਵਾਉਣਾ ਸੀ। ਇਸੇ ਸਾਲ 8 ਜਨਵਰੀ ਨੂੰ ਉਸ ਦੀ ਮੰਗਣੀ ਹੋਈ ਸੀ। ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਭਾਰਤ ਤੋਂ ਫੋਨ ਰਾਹੀਂ ਦੱਸਿਆ ਕਿ ਨੌਜਵਾਨ ਪੁੱਤ ਦੀ ਅਚਨਚੇਤ ਮੌਤ ਨਾਲ ਉਸ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ। ਅਮਰੀਕ ਸਿੰਘ (ਜੋ ਕਿ ਕਿਸੇ ਸਮੇਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਉੱਤਰ ਪ੍ਰਦੇਸ਼ ਚਲਾ ਗਿਆ ਸੀ) ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਚੰਗਾ ਭਵਿੱਖ ਬਣਾਉਣ 9 ਸਾਲ ਪਹਿਲਾਂ ਉਸ ਨੇ ਸਤਨਾਮ ਸਿੰਘ ਨੂੰ ਕਰਜ਼ਾ ਚੁੱਕ ਕੇ ਇਟਲੀ ਭੇਜਿਆ ਸੀ ਤੇ 8 ਸਾਲਾਂ ਬਾਅਦ ਉਹ ਇਟਲੀ ਪੱਕਾ ਹੋਇਆ ਸੀ।

Leave a Reply

Your email address will not be published. Required fields are marked *