ਪੰਜਾਬ ਦੀ ਜੰਮਪਲ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਪੜ੍ਹਾਈ ਕਰਕੇ ਹਾਸਲ ਕੀਤੀ ਨਰਸਿੰਗ ਦੀ ਡਿਗਰੀ

ਰੋਮ ਇਟਲੀ 27 ਦਸੰਬਰ (ਗੁਰਸ਼ਰਨ ਸਿੰਘ ਸੋਨੀ) ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਨੇਡਾ, ਅਮਰੀਕਾ ਅਤੇ ਇੰਗਲੈਂਡ ਵਾਂਗ ਯੂਰਪ ਦੇ ਦੇਸ਼ ਇਟਲੀ ਵਿੱਚ ਪੰਜਾਬੀ ਭਾਈਚਾਰਾ ਦਿਨੋ ਦਿਨ ਤਰੱਕੀ ਕਰਦਾ ਨਜ਼ਰ ਆ ਰਿਹਾ ਹੈ ਅਤੇ ਹੁਣ ਇਨ੍ਹਾਂ ਦੇ ਬੱਚੇ ਵੀ ਇਟਲੀ ਵਿੱਚ ਅਵੱਲ ਦਰਜੇ ਦੀਆਂ ਪੜ੍ਹਾਈਆ ਕਰਕੇ ਆਏ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ, ਬੀਤੇ ਦਿਨੀਂ ਇਟਲੀ ਵਿੱਚ ਪੰਜਾਬ ਦੇ ਜ਼ਿਲ੍ਹਾ ਅਤੇ ਸ਼ਹਿਰ ਜਲੰਧਰ ਦੇ ਫੇਸ -2 ਦੀ ਜੰਮਪਲ ਪੰਜਾਬਣ ਧੀ ਸਿਮਰਨਜੀਤ ਕੌਰ ਨੇ ਡਾਕਟਰੀ ਕਿੱਤੇ ਵਿੱਚ ਨਰਸ ਦੀ ਡਿਗਰੀ ਹਾਸਿਲ ਕਰਕੇ ਜਿਥੇ ਆਪਣੇ ਪਰਿਵਾਰ ਦਾ ਨਾਮ ਇਟਲੀ ਵਿੱਚ ਰੌਸ਼ਨ ਕੀਤਾ

ਉਥੇ ਇਟਲੀ ਵਿੱਚ ਵਸਦੇ ਪੰਜਾਬੀਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ, ਆਪਣੀ ਧੀ ਰਾਣੀ ਦੀ ਇਸ ਸਫਲਤਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪਿਤਾ ਗੁਰਮੀਤ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਸਾਡੇ ਧੀ ਨੇ ਇਟਾਲੀਅਨ ਭਾਸ਼ਾ ਵਿੱਚ ਨਰਸ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਕੌਰ ਨੇ ਪੰਜਾਬ ਤੋਂ ਆ ਕੇ ਪਹਿਲਾਂ ਆਮ ਸਕੂਲ ਵਿੱਚ ਪੜ੍ਹਾਈ ਕੀਤੀ ਉਪਰੰਤ ਉਸ ਨੇ ‘ ਊਦਨੇ ਯੂਨੀਵਰਸਿਟੀ ‘ ਤੋਂ ਮੈਡੀਕਲ ਦੀ ਪੜ੍ਹਾਈ ਕਰਕੇ ਅੱਜ ਇਹ ਡਿਗਰੀ ਹਾਸਲ ਹੋਈ ਹੈ, ਅਤੇ ਆਉਣ ਵਾਲੇ ਚੜਦੇ ਸਾਲ ਦੇ ਪਹਿਲੇ ਹਫਤੇ ਹੀ ‘ ਹੌਸਪੀਤਾਲੇ ਦੀ ਚਵੀਲੇ ਪੋਰਦੀਨੋਨੇ ‘ ਵਿਖੇ ਦਾਖਲ ਹੋ ਕੇ ਨੌਕਰੀ ਦੀ ਸ਼ੁਰੂਆਤ ਕਰੇਗੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਨੇ ਕਿਹਾ ਅੱਜ ਮੈਨੂੰ ਜ਼ੋ ਕੁਝ ਵੀ ਹਾਸਲ ਹੋਇਆ ਹੈ ਉਸ ਵਿੱਚ ਸਭ ਤੋਂ ਵੱਡਾ ਹੱਥ ਪ੍ਰਮਾਤਮਾ ਅਤੇ ਮੇਰੇ ਮਾਤਾ ਪਿਤਾ ਤੇ ਪਰਿਵਾਰ ਦਾ ਹੈ। ਜਿਨ੍ਹਾਂ ਨੇ ਮੈਨੂੰ ਪੜ੍ਹਾਈ ਪੂਰੀ ਕਰਨ ਲਈ ਹਰ ਤਰ੍ਹਾਂ ਦੀ ਮੱਦਦ ਕੀਤੀ, ਪਿਤਾ ਨੇ ਕਿਹਾ ਆਪਣੀ ਧੀ ਇਸ ਕਾਮਯਾਬੀ ਦੇ ਕਾਰਨ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।

ਦੱਸਣਯੋਗ ਹੈ ਕਿ ਸਿਮਰਨਜੀਤ ਕੌਰ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਉੱਤਰੀ ਇਟਲੀ ਦੇ ਸ਼ਹਿਰ ਪਾਸੀਆਨੌ ਦੀ ਪੋਰਦੀਨੋਨੇ ਵਿਖੇ ਰਹਿ ਰਹੀ ਹੈ ਅਤੇ ਇਥੋਂ ਦੇ ਹਸਪਤਾਲ ਵਿੱਚ ਆਪਣੀ ਨੌਕਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਰਹਿ ਰਹੇ ਪੰਜਾਬੀਆਂ ਦੇ ਮਨਾਂ ਵਿੱਚ ਸ਼ੱਕ ਰਹਿੰਦਾ ਹੈ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਹਾਸਿਲ ਕਰਵਾਉਂਦੇ ਹਾਂ ਤਾਂ ਇਟਲੀ ਵਿੱਚ ਵਿਦੇਸ਼ੀ ਹੋਣ ਕਰਕੇ ਨੌਕਰੀਆਂ ਨਹੀਂ ਮਿਲਣੀਆਂ ਜੋਕਿ ਗ਼ਲਤ ਸਾਬਤ ਹੋ ਰਿਹਾ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ ਇਟਲੀ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਕੇ ਹੁਣ ਤੱਕ ਬਹੁਤ ਸਾਰੇ ਭਾਰਤੀ ਭਾਈਚਾਰੇ ਦੇ ਬੱਚੇ ਵੱਖ ਵੱਖ ਖੇਤਰਾਂ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਹਾਸਿਲ ਕਾਰਨ ਵਿੱਚ ਕਾਮਯਾਬੀ ਪ੍ਰਾਪਤ ਕਰ ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਕਰਨਗੇ।

Leave a Reply

Your email address will not be published. Required fields are marked *