ਇਟਲੀ ਦੀਆਂ ਸੰਗਤਾਂ ਵੱਲੋਂ ਗੁਰੂ ਦੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ, ਨਵੇਂ ਸਾਲ ਦੀ ਆਮਦ ਦਾ ਸਵਾਗਤ

ਰੋਮ ਇਟਲੀ (ਕੈਂਥ)ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਿਰਾਂ ਵਿੱਚ ਭਾਰਤੀ ਸਿੱਖ ਤੇ ਹਿੰਦੂ ਭਾਈਚਾਰੇ ਵੱਲੋਂ ਸਾਲ 2023 ਨੂੰ ਜੀ ਆਇਆ ਕਹਿਣ ਲਈ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਤੇ ਅਰਦਾਸ ਬੇਨਤੀ ਕੀਤੀ ਗਈ ਕਿ ਇਹ ਨਵਾਂ ਸਾਲ ਸਭ ਲਈ ਤੰਦੁਰਸਤੀ ਤੇ ਖੁਸ਼ੀਆਂ ਭਰਿਆ ਹੋਵੇ। ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਅਧੀਨ ਪੈਂਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸੰਗਤਾਂ ਵੱਲੋਂ ਸਾਲ 2022 ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ 2023 ਦੀ ਆਮਦ ਦਾ ਸਵਾਗਤ ਕਰਨ ਲਈ ਵਿਸੇ਼ਸ ਦੀਵਾਨ ਸਜਾਏ ਗਏ ਜਿਸ ਵਿੱਚ ਦੇਰ ਰਾਤ ਤੱਕ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਸਾਹਿਬਾਨ ਵੱਲੋਂ ਸਤਿਗੁਰਾਂ ਦੀ ਅੰਮ੍ਰਿਤਬਾਣੀ ਦੇ ਜਾਪ ਕੀਤੇ ਉਪੰਰਤ ਆਪਣੀਆਂ ਧਾਰਮਿਕ ਰਚਨਾਵਾਂ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।ਨਵੇਂ ਸਾਲ ਦੀ ਆਮਦ ਮੌਕੇ ਇਸ ਵਿਸੇ਼ਸ ਸਮਾਗਮ ਵਿੱਚ ਪਹੁੱਚੀ ਸੰਗਤ ਨੇ ਸਤਿਗੁਰੂ ਦੇ ਜੈਕਾਰਿਆ ਦੀ ਗੂੰਜ ਵਿੱਚ ਸਾਲ 2023 ਦਾ ਨਿੱਘਾ ਸਵਾਗਤ ਕੀਤਾ। ਇਸ ਸਮਾਗਮ ਮੌਕੇ ਵੱਖ-ਵੱਖ ਜੱਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜਿਆ ਅਤੇ ਗੁਰਬਾਣੀ ਤੋਂ ਸੇਧ ਲੈਕੇ ਨਵੇਂ ਸਾਲ 2023 ਨੂੰ ਅਤਿ ਸੁਖਦਾਇਕ ਬਣਾਉਣ ਲਈਸਤਿਗੁਰਾਂ ਦੇ ਦਿੱਤੇ ਉਪਦੇਸ਼ ਤੇ ਅਮਲ ਕਰਨ ਤੇ ਜੋ਼ਰ ਦਿੱਤਾ।ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਾਮ ਆਸਰਾ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਮਦ ਦੀ ਵਧਾਈ ਦਿੰਦਿਆਂ ਗੁਰੂ ਦੀ ਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਆ।

ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦੇ ਵਿਖੇ ਜਿੱਥੇ ਕੀਰਤਨੀ ਤੇ ਕਵੀਸ਼ਰ ਜੱਥਿਆਂ ਨੇ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਇਆ ਉੱਥੇ ਨੰਨੇ-ਮੁੰਨੇ ਬੱਚਿਆਂ ਵੀ ਆਪਣੀ ਸੁਰੀਲੀ ਆਵਾਜ਼ ਰਾਹੀ ਸੰਗਤਾਂ ਵਿੱਚ ਗੁਰੂ ਮਹਿਮਾ ਨਾਲ ਨਵਾਂ ਜੋਸ਼ ਭਰਿਆ।ਨਵੇਂ ਸਾਲ ਦੀ ਆਮਦ ਦੇ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦੇ ਦੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਨੇ ਪਹੁੰਚੀ ਸੰਗਤ ਨੂੰ ਨਵੇਂ ਸਾਲ 2023 ਦੀ ਆਮਦ ਉੱਤੇ ਵਿਸੇ਼ਸ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀਆਂ ਸੰਗਤਾਂ ਨੂੰ ਨਵੇਂ ਸਾਲ ਦੇ ਆਪਣੇ ਸਾਰੇ ਕਾਰਜ ਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕਰਨੇ ਚਾਹੀਦੇ ਹਨ।ਉਹਨਾਂ ਸੰਗਤਾਂ ਦਾ ਨਵੇਂ ਸਾਲ ਦੀ ਆਮਦ ਮੌਕੇ ਅੱਤ ਦੀ ਠੰਡ ਵਿੱਚ ਗੁਰਦੁਆਰਾ ਸਾਹਿਬ ਹਾਜ਼ਰੀ ਭਰਨ ਲਈ ਵਿਸੇ਼ਸ ਧੰਨਵਾਦ ਵੀ ਕੀਤਾ।ਇਹਨਾਂ ਸਮਾਗਮਾਂ ਵਿੱਚ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

Leave a Reply

Your email address will not be published. Required fields are marked *