ਸਾਹਿਤ ਸਭਾ ਵੱਲੋਂ ਪ੍ਰਵਾਸੀ ਸ਼ਾਇਰ ਬਿੰਦਰ ਕੋਲੀਆਂ ਵਾਲ ਦੀ ਕਿਤਾਬ (ਤਾਲਾਬੰਦੀ ਦੀ ਦਾਸਤਾਨ) ਲੋਕ ਅਰਪਣ, ਮੁਖਤਾਰ ਚੰਦੀ

ਸੁਲਤਾਨਪੁਰ ਲੋਧੀ,18 ਜਨਵਰੀ..ਜਿਉਂ ਜਿਉਂ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਹੈ, ਸੰਸਾਰ ਨੂੰ ਕੁਦਰਤੀ ਕਰੋਪੀਆਂ ਤੇ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰੋਨਾ ਮਹਾਮਾਰੀ ਵੀ ਮਨੁੱਖੀ ਗ਼ਲਤੀਆਂ ਦਾ ਨਤੀਜਾ ਹੈ, ਜਿਸ ਨਾਲ ਸਮੁੱਚਾ ਜਨਜੀਵਨ ਪ੍ਰਭਾਵਤ ਹੋਇਆ ਹੈ। ਇਸ ਗੰਭੀਰ ਮੁੱਦੇ ਬਾਬਤ ਪ੍ਰਵਾਸੀ ਭਾਰਤੀ ਲੇਖਕ ਬਿੰਦਰ ਕੋਲੀਆਂਵਾਲ ਦੀ ਲਿਖੀ ਕਿਤਾਬ ( ਤਾਲਾਬੰਦੀ ਦੀ ਦਾਸਤਾਨ )ਦੀ ਘੁੰਡ ਚੁਕਾਈ ਦਾ ਸਮਾਗਮ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ।

ਸਮਾਗਮ ਦੀ ਪ੍ਰਧਾਨਗੀ ਸੰਤ ਸੁਖਜੀਤ ਸਿੰਘ ਸੀਚੇਵਾਲ, ਮਾਸਟਰ ਅਜੀਤ ਸਿੰਘ, ਡਾ ਸਵਰਨ ਸਿੰਘ ਪ੍ਰਧਾਨ ਅਤੇ ਸਾਹਿਤ ਸਭਾ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ ਨੇ ਕੀਤੀ। ਸਮਾਗਮ ਦਾ ਸੰਚਾਲਨ ਉੱਘੇ ਸ਼ਾਇਰ ਮੁਖਤਾਰ ਸਿੰਘ ਚੰਦੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਆਖਿਆ ਕਿ ਬਿੰਦਰ ਵੱਲੋਂ ਲਿਖੀ ਤਾਲਾਬੰਦੀ ਦੀ ਦਾਸਤਾਂਨ ਨਿਵੇਕਲੀ ਪੁਸਤਕ ਹੈ , ਜਿਸ ਵਿਚ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਜਨਜੀਵਨ ਠੱਪ ਹੋਏ , ਮਨੁੱਖੀ ਅਤੇ ਦੇਸ਼ਾਂ ਦੇ ਰਿਸ਼ਤਿਆਂ ਦਾ ਤਿੜਕਣਾ, ਸਮਾਜਿਕ ਤੇ ਆਰਥਿਕ ਵਿਗਾੜ ਆਦਿ ਸਮੇਤ ਕਰੋਨਾ ਦੇ ਬੁਰੇ ਪ੍ਰਭਾਵਾਂ ਦਾ ਵਰਣਨ ਬਾਖ਼ੂਬੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਕਿਤਾਬ ਪੰਜਾਬੀ ਮਾਂ ਬੋਲੀ ਵਿਚ ਪਹਿਲੀ ਕਿਤਾਬ ਹੈ ਜੋ ਕਰੋਨਾ ਮਹਾਂਮਾਰੀ ਸੰਬੰਧੀ ਮਹੱਤਵਪੂਰਨ ਦਸਤਾਵੇਜ਼ ਹੈ।

ਇਸ ਮੌਕੇ ਬੋਲਦਿਆਂ ਬਿੰਦਰ ਕੋਲੀਆਂਵਾਲ ਨੇ ਆਪਣੇ ਸਾਹਿਤਕ ਸਫਰ ਅਤੇ ਤਾਲਾਬੰਦੀ ਦੀ ਦਾਸਤਾਨ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ-ਬੋਲੀ ਦਾ ਪਰਚਮ ਬੁਲੰਦ ਕਰ ਰਹੇ ਹਨ ਅਤੇ ਬੱਚਿਆਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਲਦੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲੋਂ ਤੋੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੰਜਾਬੀ ਬੋਲਣ ਤੇ ਜੁਰਮਾਨੇ ਕੀਤੇ ਜਾ ਰਹੇ ਹਨ। ਜੋ ਕਿ ਬਹੁਤ ਅਫਸੋਸਨਾਕ ਵਰਤਾਰਾ ਹੈ। ਇਸ ਲਈ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਲਈ ਹੋਰ ਜਾਗਰੂਕ ਅਤੇ ਸੁਹਿਰਦ ਹੋਣ ਦੀ ਲੋੜ ਹੈ। ਸਮਾਗਮ ਵਿੱਚ ਡਾ ਸਵਰਨ ਸਿੰਘ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੀ ਆਪਣੇ ਵਿਚਾਰ ਰੱਖੇ।

ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮੁਖਤਾਰ ਸਿੰਘ ਚੰਦੀ , ਕੁਲਵਿੰਦਰ ਕੰਵਲ, ਰਾਜ ਹਰੀਕੇ ਪੱਤਣ, ਗੁਰਲਾਲ ਹਰੀ ਕੇ,ਲਾਡੀ ਭੁੱਲਰ, ਸੁਖਬੀਰ ਮੁਹੱਬਤ,ਰਮਨ ਸਰਹਾਲੀ, ਸੰਦੀਪ ਸ਼ੇਖਮਾਂਗਾ , ਜੱਗਾ ਸ਼ੇਖਮਾਂਗਾ, ਮਾਸਟਰ ਦੇਸ਼ ਰਾਜ, ਦਲਜੀਤ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਉਘੇ ਵਾਤਾਵਰਨ ਗਾਇਕ ਬਲਵੀਰ ਸ਼ੇਰ ਪੁਰੀ ਨੇ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ ਬਿੰਦਰ ਕੋਲੀਆਂ ਵਾਲ ਦੇ ਦੋ ਗੀਤ ਪੰਜ – ਪਾਣੀ ਅਤੇ ਮਾਂਵਾਂ ਠੰਡੀਆਂ ਛਾਂਵਾਂ ਗਾਕੇ ਮਹਿਫ਼ਲ ਨੂੰ ਚਾਰ ਚੰਨ ਲਾਏ। ਕਿਤਾਬ ਰਿਲੀਜ਼ ਕਰਨ ਉਪਰੰਤ ਬਿੰਦਰ ਕੋਲੀਆਂ ਵਾਲ ਅਤੇ ਸੰਤ ਸੁਖਜੀਤ ਸਿੰਘ ਜੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਸੰਤੋਖ ਸਿੰਘ ਭਾਗੋਆਰਾਈਆਂ, ਸੁਰਿੰਦਰ ਪਾਲ ਸਿੰਘ ਸੋਢੀ ਨੰਬਰਦਾਰ ,ਦਿਆਲ ਸਿੰਘ ਏ ਏ ਓ ਪਾਵਰਕਾਮ,ਗੁਰਚਮਨ ਲਾਲ, ਜਗਮੋਹਨ ਸਿੰਘ ਥਿੰਦ, ਸੁਰਿੰਦਰ ਸਿੰਘ ਬੱਬੂ, ਵਰੁਣ ਸ਼ਰਮਾ, ਨਰੇਸ਼ ਕੁਮਾਰ ਹੈਪੀ , ਬਲਵਿੰਦਰ ਸਿੰਘ ਧਾਲੀਵਾਲ ਅਤੇ ਚੰਦਰ ਮੜੀਆਂ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *