ਇਟਲੀ ‘ਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹੋਈ ਹਾਦਸਾਗ੍ਰਸਤ, 59 ਲਾਸ਼ਾਂ ਮਿਲੀਆਂ, ਕਈ ਅਜੇ ਵੀ ਲਾਪਤਾ

ਰੋਮ (ਦਲਵੀਰ ਕੈਂਥ) : ਇਟਲੀ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਇਕ ਹੋਰ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇਕ ਕਿਸ਼ਤੀ ਨਾਲ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਵਿੱਚ 180 ਤੋਂ ਵੱਧ ਪ੍ਰਵਾਸੀ ਸਫ਼ਰ ਕਰ ਰਹੇ ਸਨ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰ ਗਿਆ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ‘ਚ ਹੁਣ ਤੱਕ 59 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਦੋਂ ਕਿ ਕਈ ਹੋਰਨਾਂ ਲੋਕਾਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਹੁਣ ਤੱਕ 80 ਦੇ ਕਰੀਬ ਲੋਕਾਂ ਨੂੰ ਰਾਹਤ ਕਰਮਚਾਰੀਆਂ ਵੱਲੋਂ ਬਚਾਇਆਂ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ 21 ਨੂੰ ਹਸਪਤਾਲ ਭੇਜਿਆ ਗਿਆ ਹੈ। ਇਹ ਕਿਸ਼ਤੀ ਕਈ ਦਿਨ ਪਹਿਲਾਂ ਅਫਗਾਨਿਸਤਾਨ, ਈਰਾਨ ਅਤੇ ਹੋਰ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਲੈ ਕੇ ਤੁਰਕੀ ਤੋਂ ਰਵਾਨਾ ਹੋਈ ਸੀ ਅਤੇ ਤੂਫਾਨੀ ਮੌਸਮ ਵਿੱਚ ਹਾਦਸਾਗ੍ਰਸਤ ਹੋ ਗਈ ਸੀ, ਜਿਸ ਤੋਂ ਬਾਅਦ ਤੱਟ ਰੱਖਿਅਕ, ਸਰਹੱਦੀ ਪੁਲਸ ਅਤੇ ਫਾਇਰਫਾਈਟਰ ਕਿਸ਼ਤੀ ਬਚਾਅ ਦੇ ਯਤਨਾਂ ਵਿੱਚ ਸ਼ਾਮਲ ਹੋਏ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਟਲੀ ਦੇ ਸਮੁੰਦਰੀ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ, ਜਿਨ੍ਹਾਂ ਵਿੱਚ ਬਿਹਤਰ ਭਵਿੱਖ ਬਣਾਉਣ ਦੇ ਸੁਪਨੇ ਸਜਾ ਕੇ ਖਤਰਿਆਂ ਨਾਲ ਭਰਿਆ ਇਹ ਸਫ਼ਰ ਕਰਨ ਵਾਲੇ ਕਈ ਪ੍ਰਵਾਸੀਆਂ ਨੂੰ ਮੌਤ ਹੀ ਮਿਲੀ ਹੈ। ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਰਾਸ਼ਟਰਪਤੀ ਸਿਰਜਿਓ ਮਤਿਰੇਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਮੀਦ ਪ੍ਰਗਟਾਈ ਹੈ ਕਿ ਯੂਰਪੀਅਨ ਯੂਨੀਅਨ ਇਸ ਨੂੰ ਸੰਜੀਦਗੀ ਨਾਲ ਵਿਚਾਰੇਗੀ

Leave a Reply

Your email address will not be published. Required fields are marked *