ਇਟਲੀ ਵਿੱਚ ਪੰਜਾਬੀਆਂ ਦੀਆਂ ਆਪਸੀ ਫੌਜਦਾਰੀਆਂ ਸਮੁੱਚੇ ਭਾਈਚਾਰੇ ਲਈ ਬਣ ਰਹੀ ਸ਼ਰਮਿੰਦੀ ਦਾ ਵੱਡਾ ਕਾਰਨ

*ਬੋਰਗੋ ਹਰਮਾਦਾ ਵਿਖੇ ਹੋਈ ਤਿੱਖੀ ਝੜਪ ਸਥਾਨਕ ਪੁਲਸ ਲਈ ਬਣ ਰਹੀ ਸਿਰਦਰਦੀ*

ਰੋਮ—ਇਟਲੀ ਵਿੱਚ ਜਦੋ ਤੋਂ ਭਾਰਤੀ ਲੋਕਾਂ ਨੇ ਆਪਣੀ ਕਾਬਲੀਅਤ ਦੇ ਝੰਡੇ ਬੁਲੰਦ ਕੀਤੇ ਉਂਦੋ ਤੋਂ ਹੀ ਆਪਣੀ ਚੌਧਰਬਾਜੀ ਦੇ ਦਮਗੱਜੇ ਮਾਰਦਿਆਂ ਕਈ ਅਜਿਹੇ ਹਿੰਸਕ ਕਾਂਡ ਵੀ ਕੀਤੇ ਜਿਸ ਨਾਲ ਇਟਲੀ ਵਿੱਚ ਰਹਿਣ ਬਸੇਰਾ ਕਰਦਾ ਸਮੁੱਚਾ ਭਾਰਤੀ ਭਾਈਚਾਰਾ ਸਿਰਫ਼ ਸ਼ਰਮਸਾਰ ਹੀ ਨਹੀਂ ਹੋਇਆ ਸਗੋਂ ਇਟਾਲੀਅਨ ਪ੍ਰਸ਼ਾਸ਼ਨ ਦੀਆਂ ਨਜ਼ਰਾਂ ਵਿੱਚ ਹੀਰੋ ਤੋਂ ਜੀਰੋ ਹੁੰਦਾ ਵੀ ਨਜ਼ਰੀ ਆ ਰਿਹਾ ਹੈ।ਇਟਲੀ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਤਕਰੀਬਨ ਭਾਰਤੀਆਂ ਦੀ ਕੋਈ ਨਾ ਕੋਈ ਕਿਹਾ ਸੁਣੀ ਹੋਈ ਹੀ ਰਹਿੰਦੀ ਹੈ।

ਹਾਲ ਹੀ ਵਿੱਚ ਇਟਲੀ ਦੇ ਮਿੰਨੀ ਪੰਜਾਬ ਦੇ ਕਿਤਾਬ ਨਾਲ ਜਾਣਿਆ ਜਾਂਦਾ ਰਾਜਧਾਨੀ ਰੋਮ ਦਾ ਸੂਬਾ ਲਾਸੀਓ ਜਿਹੜਾ ਕਿ ਗੈਰ-ਕਾਨੂੰਨੀ ਭਾਰਤੀਆਂ ਨੂੰ ਆਪਣੀ ਬੁੱਕਲ ਦਾ ਨਿੱਘ ਹੀ ਨਹੀਂ ਦਿੰਦਾ ਸਗੋਂ ਉਹਨਾਂ ਨੂੰ ਕਾਮਯਾਬੀ ਦੀਆਂ ਪੌੜੀਆਂ ਚੜ੍ਹਨਾ ਵੀ ਸਿਖਾਉਂਦਾ ਹੈ ਇਸ ਇਲਾਕੇ ਵਿੱਚ ਇੱਕ ਵਾਰ ਫਿਰ ਭਾਰਤੀ ਪੰਜਾਬੀਆਂ ਦੀਆਂ ਹਾਊਮੈ ਭਰੀਆਂ ਕਾਰਵਾਈ ਨੂੰ ਲੈਕੇ ਖੜ੍ਹਕੀਆਂ ਡਾਗਾਂ ਸਥਾਨਕ ਇਟਾਲੀਅਨ ਮੀਡੀਏ ਲਈ ਖੂਬ ਸੁਰਖੀਆਂ ਬਟੌਰ ਰਹੀਆਂ ਹਨ ਜਿਸ ਨੂੰ ਸਿਵਾਏ ਪੰਜਾਬੀਆਂ ਦੇ ਹੋਰ ਸਭ ਭਾਈਚਾਰੇ ਦੇ ਲੋਕ ਸੁਆਦ ਲੈ ਲੈ ਪੜ੍ਹਦੇ ਵੀ ਹਨ ਤੇ ਨਾਲ ਹੀ ਨਾਲ ਇਹ ਖਿੱਲੀ ਵੀ ਉਡਾ ਰਹੇ ਹਨ ਕਿ ਪੰਜਾਬੀ ਭਾਰਤੀਆਂ ਨੂੰ ਕਦੀਂ ਢੰਗ ਨਾਲ ਰਹਿਣਾ ਨਹੀਂ ਆ ਸਕਦਾ।

ਹੋਈ ਘਟਨਾ ਜਿਸ ਵਿੱਚ ਦੋ ਪੰਜਾਬੀਆਂ ਦੀ ਨਿੱਜੀ ਰੰਜਿ਼ਸ ਕਾਰਨ ਮਾਹੌਲ ਅਜਿਹਾ ਬਣ ਗਿਆ ਕਿ ਇੱਕ ਵੱਡਾ ਟੋਲਾ ਦੂਜੇ ਪੰਜਾਬੀ ਨੂੰ ਉਸ ਦੇ ਘਰ ਹੀ ਕੁੱਟਣ ਚਲਾ ਗਿਆ।ਕਰੀਬ 20 ਤੋਂ 30 ਭਾਰਤੀ ਪੰਜਾਬੀਆਂ ਦੀ ਪਿੰਡ ਬੋਰਗੋ ਹਰਮਾਦਾ ਵਿਖੇ ਚੱਲੀ ਇਹ ਮਹਾਂ ਭਾਰਤ ਕਈ ਇਟਾਲੀਅਨ ਲੋਕਾਂ ਲਈ ਵੱਡੀ ਸਿਰਦਰਦੀ ਬਣੀ।ਜੁਤਮ-ਜੁੱਤੀ ਹੁੰਦੇ ਪੰਜਾਬੀਆਂ ਨੇ ਕਿਸੇ ਦੂਜੇ ਨੂੰ ਪਹਿਲਾਂ ਰੱਜ ਕੇ ਗਾਲੀ ਗਲੋਚ ਕੀਤੀ ਤੇ ਫਿਰ ਆਪਣੇ ਸਾਥੀਆਂ ਨਾਲ ਅਜਿਹੇ ਫਸੇ ਕਿ ਕੁਝ ਦੇ ਸਿਰ ਖੁੱਲੇ,ਹੱਡੀਆਂ ਦੀ ਭੰਨ ਤੋੜ ਹੋਈ ਹਸਪਤਾਲ ਜਾ ਪਹੁੱਚੇ। ਵਾਰਦਾਤ ਤੋਂ ਬਾਅਦ ਹਿੰਸਕ ਟੋਲੇ ਦੇ ਲੋਕ 9-2-11 ਹੋ ਗਏ ਜਦੋਂ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਸ ਹਰਕਤ ਵਿੱਚ ਆ ਗਈ ਤੇ ਉਸ ਦੇ 2 ਪੰਜਾਬੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਤੇ ਬਾਕੀਆਂ ਦੀ ਭਾਲ ਕਰ ਰਹੀ ਹੈ।

ਇਸ ਲੜਾਈ ਦਾ ਕਾਰਨ ਨਿੱਜੀ ਰੰਜਿ਼ਸ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਦੋਨਾਂ ਪਾਸਿਆਂ ਤੋਂ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਏ ਉਪੱਰ ਇੱਕ ਦੂਜੇ ਦਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਅੰਤ ਗੱਲ ਡਾਗਾਂ ਤੱਕ ਆ ਪਹੁੰਚੀ।ਦੋਨਾਂ ਧਿਰਾਂ ਨੇ ਦੇਸ਼ ,ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ ਕੀਮਤਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਿਰਫ਼ ਆਪਣੇ ਆਪ ਨੂੰ ਸਿੱਧ ਕਾਰਨ ਲਈ ਇਸ ਵਾਰਦਾਤ ਨੂੰ ਬਿਨ੍ਹਾਂ ਇਹ ਸੋਚੋ ਅੰਜਾਮ ਦੇ ਦਿੱਤਾ ਕਿ ਇਸ ਘਟਨਾ ਨਾਲ ਪਿੰਡ ਵਿੱਚ ਰਹਿੰਦੇ ਸੈਂਕੜੇ ਪੰਜਾਬੀਆਂ ਦੀ ਛਬੀ ਨੂੰ ਕਿੰਨੀ ਢਾਹ ਲੱਗੇਗੀ।ਗੌਰਤਲਬ ਹੈ ਕਿ ਇਹ ਦੋਨੋਂ ਧਿਰਾਂ ਕਿਸੇ ਸਮੇਂ ਘਿਉ ਖਿੱਚੜੀ ਸਨ ਜਿਹੜੀਆਂ ਅੱਜ ਕੋੜੇ ਤੁੰਮੇ ਵਾਂਗਰ ਕੁੜਤਣ ਦਿਖਾ ਰਹੀਆਂ ਹਨ।ਮਤਭੇਦ ਕਿਸੇ ਦੇ ਵੀ ਹੋ ਸਕਦੇ ਹਨ ਪਰ ਸਿਆਣੇ ਤੇ ਚਿੰਤਕ ਲੋਕ ਹਰ ਮਸਲੇ ਦਾ ਹੱਲ ਬੈਠਕੇ ਕੱਢ ਸਕਦੇ ਹਨ ਜਿਹੜਾ ਇਹ ਦੋਨੋਂ ਧਿਰਾਂ ਨਹੀਂ ਕੱਢ ਸਕੀਆਂ ਉਂਝ ਇਹ ਲੋਕ ਸਮਾਜ ਵਿੱਚ ਆਪਣੇ ਆਪ ਨੂੰ ਸਮਾਜ ਸੁਧਾਰਕ ਤੇ ਸਮਾਜ ਸੇਵੀ ਪ੍ਰਚਾਰਦੇ ਨਹੀਂ ਥੱਕਦੇ।ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ ਇਕ ਅਜਿਹੀ ਖਹਿਬਾਜੀ ਇੱਕ ਪਰਿਵਾਰ ਦੇ ਮੁੱਖੀ ਦੀ ਮੌਤ ਦਾ ਕਾਰਨ ਬਣਕੇ ਇੱਕ ਬੱਚੇ ਨੂੰ ਯਤੀਮ ਬਣਾਉਣ ਦਾ ਕਾਰਨ ਬਣੀ ਸੀ ਇਸ ਲੜਾਈ ਵਿੱਚ ਵੀ ਦੋ ਧਿਰਾਂ ਨੇ ਜਿ਼ਲ੍ਹੇ ਦੀ ਪੁਲਸ ਦੇ ਹੱਥ ਪੈਰ ਫੁਲਾ ਦਿੱਤੇ ਸਨ ਤੇ ਹੁਣ ਤੱਕ ਕਈ ਲੋਕਾਂ ਦੀ ਗ੍ਰਿਫ਼ਤਾਰੀ ਹੋਣ ਦੇ ਬਆਦ ਵੀ ਪੁਲਸ ਜਾਂਚ ਕਰ ਰਹੀ ਹੈ

ਕਿ ਆਖਿਰ ਕਿਉਂ ਭਾਰਤੀ ਪੰਜਾਬੀ ਸਾਊ ਸੋਚ ਤੇ ਸੁਭਾਅ ਦੇ ਮਾਲਕ ਹੋਣ ਦੇ ਬਾਵਜੂਦ ਅਜਿਹੇ ਸਮਾਜ ਤੇ ਮਨੁੱਖਤਾ ਵਿਰੋਧੀ ਕਾਂਡ ਕਰਨ ਲਈ ਨਾਸਮਝ ਬਣ ਜਾਂਦੇ ਹਨ।ਇਟਲੀ ਵਿੱਚ ਜਿਹੜੇ ਵੀ ਭਾਰਤੀ ਅਜਿਹੀਆਂ ਵਾਰਦਾਤਾਂ ਲਈ ਜਿੰਮੇਵਾਰ ਹਨ ਇਟਾਲੀਅਨ ਪ੍ਰਸ਼ਾਸ਼ਨ ਉਹਨਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣ ਲਈ 100 ਵਾਰ ਸੋਚਦਾ ਹੈ ।ਅੱਜ ਵੀ ਸੈਂਕੜੇ ਅਜਿਹੇ ਪੰਜਾਬੀ ਭਾਰਤੀਆਂ ਨੂੰ ਪ੍ਰਸ਼ਾਸ਼ਨ ਨਿਵਾਸ ਆਗਿਆ ਵੀ 6 ਮਹੀਨੇ ਤੋਂ ਵੱਧ ਨਹੀਂ ਦਿੰਦਾ ਜਿਸ ਕਾਰਨ ਕਈ ਹੋਰ ਬੇਕਸੂਰ ਲੋਕ ਵੀ ਰਗੜ ਹੋ ਰਹੇ ਹਨ ਜੋ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਵਿਚਾਰਨ ਯੋਗ ਭੱਖਦਾ ਮੁੱਦਾ ਹੈ।

Leave a Reply

Your email address will not be published. Required fields are marked *