ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦੇ ਨਾਵਲ “ਬੁੱਢੇ ਬੋਹੜ ਦੀਆਂ ਜੜ੍ਹਾਂ” ਉੱਪਰ ਹੋਈ ਵਿਚਾਰ ਚਰਚਾ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨ ਇਟਲੀ ਦੇ ਨੋਵੇਲਾਰਾ ਸ਼ਹਿਰ ਵਿਖੇ ਜੋਹਲ ਰੈਸਟੋਰੈਂਟ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਨਾਵਲ “ਬੁੱਢੇ ਬੋਹੜ ਦੀਆਂ ਜੜ੍ਹਾਂ” ਉੱਪਰ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ। ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਆਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਬਿੰਦਰ ਦੇ ਨਾਵਲ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਰਾਜੂ ਹਠੂਰੀਆ ਨੇ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਸਾਹਿਤਕ ਜੀਵਨ ਦਾ ਬਿਉਰਾ ਪੇਸ਼ ਕੀਤਾ।

ਜਿਸਦੇ ਉਪਰੰਤ ਸਭਾ ਦੇ ਉਪ ਪ੍ਰਧਾਨ ਰਾਣਾ ਅਠੌਲਾ ਨੇ ਵਿਸਥਾਰ ਵਿੱਚ ਨਾਵਲ ਬਾਰੇ ਪਰਚਾ ਪੇਸ਼ ਕੀਤਾ। ਜਿਸ ਵਿੱਚ ਉਹਨਾਂ ਨਾਵਲ ਦੇ ਵੱਖ ਵੱਖ ਪੱਖ ਸਾਂਝੇ ਕੀਤੇ ਅਤੇ ਇਸਦੇ ਮੁੱਖ ਵਿਸ਼ੇ ਬਾਰੇ ਦੱਸਿਆ ਕਿ ਕੁਝ ਸ਼ਾਤਿਰ ਕਿਸਮ ਦੇ ਲੋਕ ਵਹਿਮਾਂ ਭਰਮਾਂ ਦੇ ਜਾਲ ਵਿੱਚ ਫਸਾ ਆਮ ਸਾਧਾਰਨ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਦੇ ਹਨ। ਪਰ ਅੰਤ ਵਿੱਚ ਜਾਗਰੂਕ ਲੋਕਾਂ ਦੀਆਂ ਕੋਸਿ਼ਸ਼ਾਂ ਰੰਗ ਲਿਆਉਂਦੀਆਂ ਹਨ ਅਤੇ ਅਜਿਹੇ ਸ਼ਾਤਿਰ ਲੋਕ ਸਲਾਖਾਂ ਪਿੱਛੇ ਜਾਣ ਲਈ ਮਜਬੂਰ ਹੁੰਦੇ ਹਨ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਨਾਵਲ ਬਾਰੇ ਆਲੋਚਨਾਤਮਿਕ ਪੱਖ ਤੋਂ ਗੱਲ ਕੀਤੀ।

ਉਹਨਾਂ ਨਾਵਲ ਦੇ ਸਾਹਿਤਕ ਬਿਰਤਾਂਤ ਦੇ ਨਾਲ ਕਮਾਲ ਦੀ ਸ਼ੁਰੂਆਤ ਅਤੇ ਆਸ਼ਾਵਾਦੀ ਅੰਤ ਨੂੰ ਲੇਖਕ ਦੀ ਪ੍ਰਾਪਤੀ ਦੱਸਿਆ। ਸਮੁੱਚੀ ਵਿਚਾਰ ਚਰਚਾ ਦੀ ਸਮੀਖਿਆ ਪ੍ਰੋ ਜਸਪਾਲ ਸਿੰਘ ਨੇ ਕੀਤੀ। ਇਸ ਸਮੇਂ ਸਭਾ ਦੇ ਬਾਕੀ ਅਹੁਦੇਦਾਰਾਂ ਵਿੱਚ ਨਾਵਲਕਾਰ ਬਿੰਦਰ ਕੋਲੀਆਂਵਾਲ ਤੋਂ ਇਲਾਵਾ ਮੇਜਰ ਸਿੰਘ ਖੱਖ, ਯਾਦਵਿੰਦਰ ਸਿੰਘ ਬਾਗੀ, ਸਿੱਕੀ ਝੱਜੀ ਪਿੰਡ ਵਾਲਾ, ਨਰਿੰਦਰ ਸਿੰਘ ਪੰਨੂ, ਸਤਵੀਰ ਸਾਂਝ, ਜਸਵਿੰਦਰ ਕੌਰ ਮਿੰਟੂ, ਭਿੰਦਰਜੀਤ ਕੌਰ ਆਦਿ ਹਾਜ਼ਰ ਸਨ। ਇਹ ਸਾਰਾ ਪ੍ਰੋਗਰਾਮ ਪੰਜਾਬੀ ਮੰਚ ਯੂ ਐੱਸ ਏ ਵਲੋਂ ਜੂਮ ਅਤੇ ਯੂ ਟਿਊਬ ਤੇ ਲਾਈਵ ਚਲਾਇਆ ਗਿਆ

Leave a Reply

Your email address will not be published. Required fields are marked *