ਭਾਰਤੀ ਮੂਲ ਦੇ ਪੰਜਾਬੀ ਰਣਜੀਤ ਬੈਂਸ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਕੇ ਪੰਜਾਬੀ ਭਰਾਵਾਂ ਨੂੰ ਇਟਲੀ ਦੀ ਅਦਾਲਤ ਵੱਲੋਂ 2 ਲੱਖ 40 ਹਜ਼ਾਰ ਯੂਰੋ ਹਰਜਾਨੇ ਸਮੇਤ 10-10 ਸਾਲ ਦੀ ਸਜ਼ਾ

ਮ੍ਰਿਤਕ ਬੈਂਸ ਦਾ ਪਰਿਵਾਰ ਅਦਾਲਤ ਦੇ ਫੈਸਲੇ ਤੋਂ ਨਾਖੁਸ਼*
ਰੋਮ (ਦਲਵੀਰ ਕੈਂਥ)ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ 7 ਫਰਵਰੀ 2022 ਨੂੰ ਮੈਟਲ ਵਰਕਿੰਗ ਕੰਪਨੀ ਕਵਾਟਰੋ ਬੀ ਵਾਪਰੀ ਰੌਂਗਟੇ ਖੜ੍ਹੇ ਕਰਦੀ ਘਟਨਾ ਜਿਸ ਵਿੱਚ ਦੋ ਪ੍ਰਵਾਸੀ ਪੰਜਾਬੀ ਭਾਰਤੀਆਂ ਦੀ ਇੱਕ ਭਾਰਤੀ ਮੂਲ ਦੇ ਪੰਜਾਬੀ ਨਾਲ ਬਹਿਸ ਛਿੜ ਗਈ ਜੋ ਇਸ ਹੱਦ ਤੱਕ ਵਧ ਗਈ ਇਹਨਾਂ ਪੰਜਾਬੀ ਕਾਮਿਆਂ ਚਰਨਜੀਤ ਸਿੰਘ (43)ਤੇ ਪਰਮਜੀਤ ਸਿੰਘ (42) ਜੋ ਆਪਸ ਵਿੱਚ ਸਕੇ ਭਰਾ ਹਨ ਨੇ ਭਾਰਤੀ ਮੂਲ ਦੇ ਪੰਜਾਬੀ ਰਣਜੀਤ ਬੈਂਸ 38 ਸਾਲ ਦੇ ਨੌਜਵਾਨ ਦੀ ਧੌਣ ਉਪੱਰ ਬੇਲਚੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ।

ਫੈਕਟਰੀ ਵਿੱਚ ਮੌਜੂਦ ਲੋਕਾਂ ਨੇ ਮੌਕੇ ਤੇ ਤੁਰੰਤ ਹੀ ਸਥਾਨਕ ਪੁਲਸ (ਕਾਰਾਬਨੇਰੀ) ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁੱਝ ਮਿੰਟਾਂ ਵਿਚ ਹੀ ਘਟਨਾ ਸਥਾਨ ਤੇ ਪਹੁੰਚ ਕੇ ਤੁਰੰਤ ਹੀ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜਖਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਜੱਦੋ -ਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ। ਪੁਲਸ ਨੇ ਇਸ ਕਤਲ ਦੇ ਮੁੱਖ ਦੋਸ਼ੀ ਦੋਵੇਂ ਭਰਾਵਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਜਾਂਚ ਸੂਰੂ ਕਰ ਦਿੱਤੀ ਸੀ ਜਦੋਂ ਹੁਣ ਇਹ ਦੋਸ਼ੀ ਜਮਾਨਤ ਉਪੱਰ ਹਨ । ਇਟਾਲੀਅਨ ਮੀਡੀਏ ਅਨੁਸਾਰ ਇਸ ਦਰਦਨਾਕ ਘਟਨਾ ਸੰਬਧੀ ਬੀਤੇ ਦਿਨ ਇਟਲੀ ਦੀ ਮਾਨਯੋਗ ਸਥਾਨਕ ਅਦਾਲਤ ਰਿਜੋਇਮਿਲੀਆ ਦੇ ਜੱਜ ਡਾਰੀਓ ਡੀ ਲੁਕਾ ਦੁਆਰਾ ਇਸ ਕਤਲੇਆਮ ਲਈ ਦੋਨਾਂ ਦੋਸ਼ਿਆਂ ਨੂੰ 10-10 ਸਾਲ ਸਜ਼ਾ ਸੁਣਾਉ਼ਦਿਆਂ ਮ੍ਰਿਤਕ ਦੇ ਪਰਿਵਾਰ ਨੂੰ 2ਲੱਖ 40000 ਯੂਰੋ ਮੁਆਵਜ਼ਾ ਵੀ ਦੇਣ ਦਾ ਫੈਸਲਾ ਸੁਣਾਇਆ ਹੈ।

ਇਸ ਸਜ਼ਾ ਨੂੰ ਮ੍ਰਿਤਕ ਦੇ ਪਰਿਵਾਰ ਸਮੇਤ ਇਟਾਲੀਅਨ ਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਘੱਟ ਦੱਸਿਆ ਹੈ ਤੇ ਉਹ ਮਾਨਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ।ਜੱਜ ਸਾਹਿਬ ਦਾ ਇਹ ਫੈਸਲਾ 30 ਦਿਨ ਦੇ ਅੰਦਰ ਲਾਗੂ ਹੁੰਦਾ ਹੈ ਜਦੋਂ ਕਿ ਦੋਸ਼ੀ ਐਲਾਨੇ ਸਕੇ ਭਰਾ ਇਸ ਫੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਰਣਜੀਤ ਬੈਂਸ ਤਕਰੀਬਨ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਪਾਸਪੋਰਟ (ਇਟਾਲੀਅਨ ਨਾਗਰਿਕਤਾ) ਸੀ। ਉਹ ਪੰਜਾਬ ਦੇ ਜਿ਼ਲ੍ਹਾ ਸੰਗਰੂਰ ਨਾਲ ਸਬੰਧਿਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ ਦੋ ਬੇਟੇ 4 ਤੇ 8 ਸਾਲ ਨੂੰ ਦੁੱਖਦਾਈ ਵਿਛੋੜਾ ਦੇ ਗਿਆ। ਇਸ ਘਟਨਾ ਕਾਰਨ ਭਾਰਤੀ ਭਾਈਚਾਰੇ ਵਲੋਂ ਭਾਰੀ ਨਿਮੋਸ਼ੀ ਅਤੇ ਗਮਗੀਨ ਮਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਰਹੂਮ ਦੇ ਪਿਤਾ ਰਾਮ ਲਾਲ ਨੇ ਪ੍ਰੈੱਸ ਨਾਲ ਆਪਣਾ ਦੁੱਖੜਾ ਸਾਂਝੈ ਕਰਦਿਆਂ ਕਿਹਾ ਕਿ ਉਹ ਮਾਨਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹੈ ਕਿਉਂ ਕਿ ਦੋਸ਼ੀ ਜਮਾਨਤ ਉਪੱਰ ਪਹਿਲਾਂ ਹੀ ਜੇਲ ਤੋਂ ਬਾਹਰ ਹਨ ਤੇ ਹੁਣ ਵੀ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਪੂਰਾ ਇਨਸਾਫ਼ ਮਿਲੇਗਾ ਹੋ ਸਕਦਾ ਹੈ ਕਿ ਦੋਸ਼ੀ ਉੱਚ ਅਦਾਲਤ ਵਿੱਚ ਅਪੀਲ ਕਰ ਸਜ਼ਾ ਤੇ ਹਰਮਜਾਨੇ ਤੋਂ ਵੀ ਮੁੱਕਤ ਹੋ ਜਾਣ ਜਿਹੜਾ ਕਿ ਉਹਨਾਂ ਲਈ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ।

ਉਹਨਾਂ ਦੇ ਜਿਗਰ ਦਾ ਟੁਕੜਾ ਸਦਾ ਵਾਸਤੇ ਦੁਨੀਆਂ ਤੋਂ ਚਲਾ ਗਿਆ ਤੇ ਉਸ ਦੇ ਮਾਸੂਮ ਬੱਚੇ ਤੇ ਵਿਧਵਾ ਪਤਨੀ ਕੋਰਟਾਂ ਕਚਿਹਰੀਆਂ ਵਿੱਚ ਇਸ ਆਸ ਨਾਲ ਗੁਹਾਰ ਲਗਾ ਰਹੇ ਸਨ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ ਪਰ ਉਹਨਾਂ ਨਾਲ ਕੀ ਹੋ ਰਿਹਾ ਹੈ ਸਮਝ ਤੋਂ ਪਰੇ ਹੈ।
ਫੋਟੋ ਕੈਪਸ਼ਨ:-ਮ੍ਰਿਤਕ ਰਣਜੀਤ ਬੈਂਸ ਦੀ ਪੁਰਾਣੀ ਫੋਟੋ

Leave a Reply

Your email address will not be published. Required fields are marked *