ਮੇਜਰ ਸਿੰਘ ਖੱਖ ਦਾ ਗੁਰੂਦੁਆਰਾ ਕਸਟੇਨਦੋਲੋ (ਬਰੇਸ਼ੀਆ) ਦੀ ਪ੍ਰੰਬਧਕ ਕਮੇਟੀ ਵਲੋਂ ਸਨਮਾਨ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ” ਪਿਛਲੇ ਦਿਨੀਂ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ ਬਰੇਸ਼ੀਆ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੇਜਰ ਸਿੰਘ ਖੱਖ ਦਾ ਸਨਮਾਨ ਵਿਸ਼ੇਸ਼ ਤੌਰ ਤੇ ਸਿਰੋਪਾ ਸਾਹਿਬ ਤੇ ਸਨਮਾਨ ਪੱਤਰ ਦੇ ਕੇ ਕੀਤਾ ਗਿਆ। ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹ ਸਨਮਾਨ ਉਨਾ ਨੂੰ ਪਿਛਲੇ ਲੰਬੇ ਸਮੇਂ ਤੋਂ ਇਟਲੀ ਵਿਚ ਰਹਿੰਦਿਆ ਸਾਹਿਤਿਕ ,ਸਮਾਜਿਕ ਤੇ ਧਾਰਮਿਕ ਅਦਾਰਿਆਂ ਨਾਲ ਜੁੜ ਕੇ ਉਨਾ ਵਲੋਂ ਕੀਤੀ ਨਿਰਪੱਖ ਤੇ ਨਿਰਸੁਆਰਥ ਸੇਵਾ ਬਦਲੇ ਦਿੱਤਾ ਗਿਆ। ਮੇਜਰ ਸਿੰਘ ਖੱਖ ਪੰਜਾਬ ਤੋਂ ਨਕੋਦਰ ਨੇੜੇ ਪਿੰਡ ਨੂਰਪੁਰ ਚੱਠਾ ਦੇ ਰਹਿਣ ਵਾਲੇ ਹਨ ਜੋ ਪਿਛਲੇ ਲੱਗਭਗ 25 ਸਾਲ ਤੋਂ ਇਟਲੀ ਵਿੱਚ ਰਹਿੰਦਿਆ ਲਗਾਤਾਰ ਧਾਰਮਿਕ ,ਸਮਾਜਿਕ ਤੇ ਸਾਹਿਤਿਕ ਅਦਾਰਿਆਂ ਨਾਲ ਜੁੜਕੇ ਸੇਵਾ ਕਰਦੇ ਆ ਰਹੇ ਹਨ। ਜਿਕਰਯੋਗ ਹੈ ਕਿ ਬਹੁਤ ਸਾਰੇ ਮਾਨ ਸਨਮਾਨ ਤੇ ਸਤਿਕਾਰ ਪ੍ਰਾਪਤ ਕਰਨ ਵਾਲੇ ਮੇਜਰ ਸਿੰਘ ਯੋਗ ਪਰਬੰਧਕ ,ਕਲਾ ਕਿਰਤਾਂ ਨਾਲ ਜੁੜੇ ਨੇਕ ਦਿਲ ਇਨਸਾਨ, ਇਕ ਲੇਖਕ ਅਤੇ ਚਿੱਤਰਕਾਰ ਵੀ ਹਨ ਜਿਨਾ ਦਾ ਯੂਰਪ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਕਾਰਜਾਂ ਵਿੱਚ ਅਹਿਮ ਅਤੇ ਯੂਰਪੀ ਪੰਜਾਬੀ ਕਾਨਫਰੰਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ ਸਮੇਤ ਇਥੋਂ ਦੀਆਂ ਹੋਰ ਵੀ ਸਮਾਜਿਕ , ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਤੇ ਸਨਮਾਨਯੋਗ ਸ਼ਖਸ਼ੀਅਤਾਂ ਵਲੋਂ ਮੇਜਰ ਸਿੱਖ ਖੱਖ ਦੀ ਇਟਲੀ ਰਹਿੰਦਿਆ ਪੰਜਾਬੀ ਸਮਾਜ ਅਤੇ ਮਨੁੱਖਤਾ ਲਈ ਕੀਤੀ ਕਾਰਜ਼ ਸਾਧਨਾ ਦੀ ਸਿਫ਼ਤ ਸਰਾਹਨਾ ਕੀਤੀ ਗਈ। ਇਥੇ ਇਹ ਵੀ ਦੱਸ ਦਈਏ ਕੇ ਮੇਜਰ ਸਿੰਘ ਖੱਖ ਇਸ ਸਮੇਂ ਪਰਵਾਸ ਤੋਂ ਪਰਵਾਸ ਕਰਦਿਆਂ ਇਟਲੀ ਤੋਂ ਕਨੇਡਾ ਅਪਣੇ ਬੱਚਿਆਂ ਕੋਲ ਜਾ ਰਹੇ ਹਨ

Leave a Reply

Your email address will not be published. Required fields are marked *