ਇਟਲੀ ਦੇ ਕਤਾਨੀਆ ‘ਚ ਜਵਾਲਾਮੁਖੀ ਫੱਟਣ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਦੇਸ਼ ਇਟਲੀ ਜਿਨ੍ਹਾਂ ਸੋਹਣਾ ਅਤੇ ਖੁਸ਼ਹਾਲੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਹੀ ਇਸ ਦੇਸ ਨੂੰ ਪਿਛਲੇ ਕਈ ਸਾਲਾਂ ਤੋਂ ਕੁਦਰਤੀ ਆਫ਼ਤਾਂ ਅਤੇ ਕੋਰੋਨਾ ਵਰਗੀਆਂ ਮਹਾਂਮਾਰੀ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੋਇਆ ਹੈ।

ਬੀਤੇ ਕਈ ਦਿਨਾਂ ਤੋਂ ਇਟਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਰਕੇ ਹੜ੍ਹ ਆਏ ਹੋਏ ਹਨ। ਜਿਨ੍ਹਾਂ ਵਿੱਚ ਈਮੀਲੀਆ ਰੋਮਾਨਾ ਚ’ ਸਭ ਤੋਂ ਜ਼ਿਆਦਾ ਹੜ੍ਹ ਦੇ ਕਾਰਨ ਨੁਕਸਾਨ ਹੋਇਆ ਹੈ। ਉਥੇ ਦੂਜੇ ਪਾਸੇ ਬੀਤੇ ਦਿਨ ਐਤਵਾਰ ਨੂੰ ਇਟਲੀ ਦੇ ਸਾਊਥ ਇਲਾਕੇ ਕਤਾਨੀਆ ਵਿਖੇ ਜਵਾਲਾਮੁਖੀ ਫੱਟ ਜਾਣ ਕਾਰਨ ਇਲਾਕੇ ਵਿੱਚ ਜਨ ਜੀਵਨ ਪ੍ਰਭਾਵਿਤ ਹੋਇਆ ਹੈ।

ਸਥਾਨਕ ਮੀਡੀਆ ਦੇ ਅਨੁਸਾਰ ਇਸ ਵਾਰੇ ਕਤਾਨੀਆ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਜੀਓਫਿਜ਼ਇਕਸ ਐਂਡ ਵਿਗਿਆਨ ਅਤੇ ਏਟਨਾ ਅਬਜ਼ਰਵੇਟਰੀ ਵਿਭਾਗ ਵਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਜਿਸ ਦੇ ਮੱਦੇਨਜਰ ਕਤਾਨੀਆ ਦੇ ਹਵਾਈ ਅੱਡੇ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜਾਨੀ ਨੁਕਸਾਨ ਦਾ ਸਮਾਚਾਰ ਨਹੀਂ ਪ੍ਰਾਪਤ ਹੋ ਸਕਿਆ ਪਰ ਇਲਾਕੇ ਵਿੱਚ ਕਾਲੇ ਰੰਗ ਦੀ ਮਿੱਟੀ (ਸੁਆਹ) ਅਤੇ ਛੋਟੇ ਛੋਟੇ ਮਿੱਟੀ ਅਤੇ ਬਜ਼ਰੀ ਦੇ ਟੁਕੜੇ ਜ਼ਰੂਰ ਦੇਖਣ ਮਿਲੇ । ਇਲਾਕੇ ਦੀਆਂ ਸੜਕਾਂ, ਘਰਾਂ ਅਤੇ ਲੋਕਾਂ ਦੀਆਂ ਗੱਡੀਆਂ ਉਤੇ ਕਾਲੇ ਰੰਗ ਦੀ ਮਿੱਟੀ (ਸੁਆਹ) ਦੀ ਪਰਤ ਮਿਲੀ। ਪਰ ਖੁਸ਼ੀ ਦੀ ਗੱਲ ਇਹ ਰਹੀ ਕਿ ਵਿਭਾਗ ਦੀ ਮੁਸਤੈਦੀ ਨਾਲ ਇਲਾਕੇ ਵਿੱਚ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਤਾ ਜੋ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

ਦੂਜੇ ਪਾਸੇ ਲਗਭਗ 9 ਘੰਟੇ ਤੋਂ ਬਾਅਦ ਕਤਾਨੀਆ ਹਵਾਈ ਅੱਡੇ ਦੀ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਹੁਣ ਵੀ ਕਈ ਇਲਾਕਿਆ ਵਿੱਚ ਭਾਰੀ ਮੀਂਹ ਪੈ ਰਹੇ ਹਨ। ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ।

Leave a Reply

Your email address will not be published. Required fields are marked *