ਇਟਲੀ, ਰਹਿੰਦੇ ਮਾਪਿਆਂ ਦੇ ਇੱਕਲੌਤੇ ਪੁੱਤ ਬਲਜੀਤ ਸਿੰਘ ਦੀ ਹੋਈ ਅਚਾਨਕ ਮੌਤ , ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ

ਧਾਰਮਿਕ, ਸਮਾਜ ਸੇਵੀ ਅਤੇ ਖੇਡ ਕਲੱਬ ਦੀਆਂ ਸੰਸਥਾਵਾਂ ਵਲੋਂ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ *

ਰੌਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਪਿਛਲੇ ਲੰਮੇ ਸਮੇਂ ਤੋਂ ਰਹਿਣ ਵਸੇਰਾ ਕਰ ਰਹੇ ਸ. ਲਛਮਣ ਸਿੰਘ ਰੰਗੀ (ਫੌਜੀ) ਦੇ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਲਛਮਣ ਸਿੰਘ ਫੌਜੀ ਦੇ ਨੌਜਵਾਨ ਸਪੁੱਤਰ ਬਲਜੀਤ ਸਿੰਘ (30) ਦੇ ਅਚਾਨਕ ਸਿਹਤ ਵਿਗੜਨ ਕਾਰਨ ਮੌਤ ਹੋ ਗਈ।

ਮ੍ਰਿਤਕ ਬਲਜੀਤ ਸਿੰਘ ਦੇ ਪਿਤਾ ਅਤੇ ਉਸ ਦੇ ਜੀਜੇ ਨੇ ਦੱਸਿਆ ਕਿ ਘਰ ਵਿੱਚ ਸਿਹਤ ਵਿਗੜਨ ਕਾਰਨ ਬਲਜੀਤ ਸਿੰਘ ਨੂੰ ਘਰ ਦੇ ਨੇੜੇ ਸ਼ਹਿਰ ਦੇ ਹਸਪਤਾਲ ਵਿੱਚ ਆਪਣੀ ਕਾਰ ਵਿੱਚ ਲਿਜਾਇਆ ਜਾ ਰਿਹਾ ਸੀ।

ਜਿਥੇ ਬਲਜੀਤ ਸਿੰਘ ਨੇ ਰਸਤੇ ਵਿੱਚ ਹੀ ਆਪਣੇ ਪਿਤਾ ਨੂੰ ਇਹ ਕਹਿ ਕੇ (ਪਿਤਾ ਜੀ ਤੁਸੀਂ ਆਪਣਾ ਖਿਆਲ ਰੱਖਣਾ ਅਤੇ ਫ਼ਤਹਿ ਬੁਲਾ ਕੇ) ਦਮ ਤੋੜ ਦਿੱਤਾ, ਅਤੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ‌।

ਇਸ ਦੁੱਖ ਦੀ ਘੜੀ ਵਿੱਚ ਰੋਮ ਅਤੇ ਲਾਤੀਨਾ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ, ਖੇਡ ਕਲੱਬ, ਪੱਤਰਕਾਰਾਂ ਅਤੇ ਹੋਰ ਨਾਮੀ ਸ਼ਖ਼ਸੀਅਤ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਲਛਮਣ ਸਿੰਘ ਸੰਨ 2002 ਤੋਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਹਨ। ਅਤੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੋਪਾਲਪੁਰ ਨਾਲ ਸਬੰਧਤ ਹੈ।

ਪਰਿਵਾਰ ਨੇ ਦੁੱਖ ਭਰੇ ਮਨ ਨਾਲ ਦੱਸਿਆ ਕਿ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਦੀਆਂ ਸਾਰੀਆਂ ਆਖ਼ਰੀ ਰਸਮਾਂ ਅਪ੍ਰੀਲੀਆ ਵਿਖੇ ਹੀ ਕੀਤੀਆਂ ਜਾਣਗੀਆਂ।

ਇਸ ਖ਼ਬਰ ਮਗਰੋਂ ਇਲਾਕੇ ਅਤੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਅਤੇ ਸਾਰੇ ਹੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

Leave a Reply

Your email address will not be published. Required fields are marked *