ਨੈਚੂਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਦਾ ਜੱਜ ਬਣਿਆ ਪਹਿਲਾ ਪੰਜਾਬੀ ਪਰਮਿੰਦਰ ਰਾਮ ਕੈਂਥ

*ਇਟਲੀ ਵਿੱਚ ਵਹਿਕਲ ਚਲਾਉਣ ਲਈ 17 ਲਾਇਸੰਸ ਕਰਨ ਵਾਲਾ ਬਹੁਪੱਖੀ ਸਖ਼ਸ *

ਰੋਮ(ਦਲਵੀਰ ਕੈਂਥ,ਟੇਕ ਚੰਦ ਜਗਤਪੁਰੀ)ਇਟਲੀ ਵਿੱਚ ਭਾਰਤੀ ਨੌਜਵਾਨਾਂ ਵੱਲੋਂ ਨਿਰੰਤਰ ਆਪਣੀ ਕਾਬੀਅਲ ਦੇ ਝੰਡੇ ਵੱਖ-ਵੱਖ ਖੇਤਰਾਂ ਵਿੱਚ ਗੱਡਦਿਆਂ ਮਾਪਿਆਂ ਸਮੇਤ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ-ਸਨਮਾਨ ਚੋਖਾ ਕੀਤਾ ਜਾ ਰਿਹਾ ਜਿਸ ਕਾਰਨ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਬਾਸਿੰਦੇ ਇਹ ਜਾਨਣ ਲਈ ਉਤਸੁਕਤਾ ਭਰੇ ਲਹਿਜੇ’ਚ ਨਜ਼ਰੀ ਆ ਰਹੇ ਹਨ ਕਿ ਆਖਿਰ ਕਿਵੇਂ ਕਾਮਯਾਬੀ ਦਾ ਦੂਜਾ ਨਾਮ ਭਾਰਤੀ ਲੋਕ ਹਨ।

ਅਜਿਹੇ ਹੀ ਇਕ ਗੁੰਦਵੇਂ ਸਰੀਰ ਵਾਲੇ ਪੰਜਾਬੀ ਗੱਭਰੂ ਨੂੰ ਅਸੀਂ ਅੱਜ ਆਪਣੇ ਪਾਠਕਾਂ ਦੇ ਰੂ-ਬ-ਰੂ ਕਰਨ ਜਾ ਰਹੇ ਹਨ ਜਿਹੜਾ ਕਿ ਬਹੁ-ਪੱਖੀ ਸਖ਼ਸੀਅਤ ਹੋਣ ਦੇ ਨਾਲ-ਨਾਲ ਜਿੰਦਾ ਦਿਲ ਇਨਸਾਨ ਵੀ ਹੈ ਜਿਸ ਦਾ ਮਕਸਦ ਹੀ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਤੋਂ ਦੂਰ ਕਰਨ ਲਈ ਆਪਣਾ ਸਰੀਰ ਅਜਿਹੇ ਢੰਗ ਨਾਲ ਸਾਂਭ ਕੇ ਰੱਖਿਆ ਗਿਆ ਹੈ ਜਿਸ ਤੋਂ ਇਟਾਲੀਅਨ ਤੇ ਹੋਰ ਪ੍ਰਵਾਸੀ ਭਾਈਚਾਰਾ ਬਹੁਤ ਜਿ਼ਆਦਾ ਪ੍ਰਭਾਵਿਤ ਹੈ।ਇਸ ਪੰਜਾਬੀ ਗੱਭਰੂ ਦਾ ਨਾਮ ਹੈ ਪਰਮਿੰਦਰ ਰਾਮ ਕੈਂਥ ਉਰਫ਼ ਸੰਨੀ (30) ।

ਪੰਜਾਬ ਦੇ ਮਸ਼ਹੂਰ ਤੇ ਇਤਹਿਾਸਕ ਪਿੰਡ ਬਿਲਗਾ(ਜਲੰਧਰ)ਦਾ ਜੰਮਪਲ ਹੈ ਜਿਸ ਨੇ ਕਿ ਸੰਨ 2007 ਨੂੰ ਪਿਤਾ ਸੁਖਵੀਰ ਰਾਮ ਕੈਂਥ ਤੇ ਮਾਤਾ ਕੁਲਵਿੰਦਰ ਕੌਰ ਕੈਂਥ ਦੀ ਬਦੌਲਤ ਇਟਲੀ ਦੀ ਧਰਤੀ ਉਪੱਰ ਪੈਰ ਧਰਿਆ।ਪੜ੍ਹਾਈ-ਲਿਖਾਈ ਪੂਰੀ ਕਰਨ ਉਪੰਰਤ ਗੱਭਰੂ ਨੇ ਇਟਲੀ ਵਿੱਚ ਡਰਾਇਵਰ ਬਣਨ ਦਾ ਮਨ ਬਣਾ ਲਿਆ ਤੇ ਡਰਾਇਵਰੀ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਪਰਮਿੰਦਰ ਰਾਮ ਕੈਂਥ ਨੇ ਇਟਲੀ ਦੇ ਸਾਰੇ ਲਾਇਸੰਸ ਏ ਐਮ ਤੋਂ ਡੀ ਈ ਤੱਕ ਕਰ ਲਏ।

ਇਟਾਲੀਅਨ ਭਾਸ਼ਾ ਸੌਖੀ ਨਾ ਹੋਣ ਕਾਰਨ ਬਹੁਤ ਸਾਰੇ ਭਾਰਤੀ ਲੋਕ ਇਟਲੀ ਵਿੱਚ ਬੀ ਲਾਇਸੰਸ ਵੀ ਨਹੀਂ ਕਰ ਪਾਉਂਦੇ ਜਿਸ ਨੂੰ ਪਾਸ ਕਰਨ ਲਈ ਅੱਜ ਵੀ ਸੈਂਕੜੇ ਭਾਰਤੀ ਜਾਂ ਹੋਰ ਏਸ਼ੀਅਨ ਦੇਸ਼ਾਂ ਦੇ ਲੋਕ ਵਿਸੇ਼ਸ ਕੋਚਿੰਗ ਪੰਜਾਬੀ,ਹਿੰਦੀ,ਊਰਦੂ ਜਾਂ ਬੰਗਾਲੀ ਵਿੱਚ ਲੈ ਰਹੇ ਹਨ ਪਰ ਇਸ ਨੌਜਵਾਨ ਨੇ 17 ਲਾਇਸੰਸ ਕਰਕੇ ਭਾਰਤੀ ਲੋਕਾਂ ਦਾ ਇਟਲੀ ਵਿੱਚ ਕੱਦ ਪਹਿਲਾਂ ਨਾਲੋਂ ਵੀ ਹੋਰ ਉੱਚਾ ਕਰ ਦਿੱਤਾ ਹੈ। ਹੋ ਸਕਦਾ ਹੋਰ ਵੀ ਕਿਸੇ ਪੰਜਾਬੀ ਨੇ ਇਹ ਮੁਕਾਮ ਹਾਸਲ ਕੀਤਾ ਹੋਵੇ ਪਰ 17 ਲਾਇਸੰਸ ਕਰਨ ਵਾਲਾ ਪਰਮਿੰਦਰ ਰਾਮ ਕੈਂਥ ਇੱਥੇ ਵੀ ਨਹੀਂ ਰੁੱਕਿਆ ਤੇ ਕੁਝ ਹੋਰ ਵੱਖਰਾ ਕਰਨ ਲਈ ਜਿੰਮ ਦੀਆਂ ਮਸ਼ੀਨਾਂ ਨਾਲ ਜਾ ਘੋਲ ਕਰਨ ਲੱਗਾ।

ਮਸ਼ੀਨਾਂ ਨਾਲ ਘੋਲ ਕਰਦਿਆਂ ਗੱਭਰੂ ਦਾ ਅਜਿਹਾ ਗੁੰਦਵਾਂ ਸਰੀਰ ਬਣ ਗਿਆ ਜਿਸ ਦੀ ਫਿਟਨੈਸ ਦੇਖਦਿਆਂ ਹੀ ਇਕ ਵਾਰ ਤਾਂ ਬੰਦਾ ਕਹਿੰਦਾ ਯਾਰ ਸਾਨੂੰ ਵੀ ਜਿੰਮ ਜਾਣਾ ਚਾਹੀਦਾ ਹੈ।ਪਰਮਿੰਦਰ ਰਾਮ ਕੈਂਥ ਨੇ ਆਪਣੀ ਸਰੀਰ ਨੂੰ ਫੌਲਾਦੀ ਬਣਾ ਇਟਲੀ ਭਰ ਦਾ ਕੋਈ ਬਾਡੀ ਬਿਲਡਿੰਗ ਮੁਕਾਬਲਾ ਨਹੀਂ ਛੱਡਿਆ ਤੇ ਇਟਲੀ ਦੇ ਬਾਡੀ ਬਿਲਡਰਾਂ ਵਿੱਚ ਨੌਜਵਾਨ ਦੀ ਤੂਤੀ ਸਿਰ ਚੜ੍ਹ ਬੋਲ ਰਹੀ ਹੈ ਜਿਸ ਦੇ ਚੱਲਦਿਆਂ ਕਾਬਲੀਅਤ ਦੀ ਪਾਰਖੂ ਨੈਚੂਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਨੇ ਪਰਮਿੰਦਰ ਰਾਮ ਕੈਂਥ ਨੂੰ ਆਪਣੇ ਜੱਜਾਂ ਦੀ ਵਿਸੇ਼ਸ ਟੀਮ ਵਿੱਚ ਸ਼ਾਮਲ ਕਰਕੇ ਭਾਰਤੀਆਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ ।ਪਰਮਿੰਦਰ ਰਾਮ ਕੈਂਥ ਪਹਿਲਾ ਅਜਿਹਾ ਪੰਜਾਬੀ ਹੈ ਜਿਸ ਨੂੰ ਜੱਜ ਬਣਨ ਦਾ ਮਾਣ ਮਿਲ ਰਿਹਾ ਹੈ।


ਜਿਸ ਲਈ ਪਰਮਿੰਦਰ ਰਾਮ ਕੈਂਥ ਯੂਨੀਅਨ ਦਾ ਤਹਿ ਦਿਲੋਂ ਧੰਨਵਾਦੀ ਹੈ ।ਨੈਚੂਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਵੱਲੋਂ ਦੇਸ਼-ਵਿਦੇਸ਼ ਕਰਵਾਏ ਜਾਦੇ ਬਾਡੀ ਬਿਲਡਿੰਗ ਮੁਕਾਬਲਿਆਂ ਦੇ ਪ੍ਰਤੀਯੋਗੀਆਂ ਵਿੱਚੋਂ ਹੁਣ ਪੰਜਾਬੀ ਗੱਭਰੂ ਚੁਣਨ ਲੱਗਾ ਹੈ ਕਿ ਕਿਸ ਨੌਜਵਾਨ ਦਾ ਸਰੀਰ ਸਭ ਤੋਂ ਵੱਧ ਫਿੱਟ ਹੈ।ਇਸ ਕਾਰਵਾਈ ਵਿੱਚ ਹੀ ਪਰਮਿੰਦਰ ਰਾਮ ਕੈਂਥ ਰਾਜਧਾਨੀ ਰੋਮ ਵਿਖੇ 8 ਜੁਲਾਈ ਨੂੰ ਯੂਨੀਅਨ ਵੱਲੋਂ ਕਰਵਾਏ ਜਾ ਰਹੇ ਬਾਡੀਬਿਲਡਿੰਗ ਮੁਕਾਬਲਿਆਂ ਵਿੱਚ ਜੱਜ ਬਣ ਸਿ਼ਰਕਤ ਕਰਨ ਆ ਰਿਹਾ ਹੈ।

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਪਰਮਿੰਦਰ ਰਾਮ ਕੈਂਥ ਸੰਨ 2015 ਤੋਂ ਬਾਰੀ ਸ਼ਹਿਰ ਨੇੜੇ ਇਟਾਲੀਅਨ ਦੋਸਤ ਰੋਬੈਰਤੋ ਨਾਲ ਪਾਟਨਰਸਿੱਪ ਵਿੱਚ ਜਿੰਮ ਸੈਂਟਰ ਵੀ ਚਲਾ ਲਿਆ ਤੇ ਇੱਕ ਵਿਸੇ਼ਸ ਸੁੱਰਖਿਆ ਏਜੰਸੀ ਵੀ ਜਿਸ ਵਿੱਚ ਉਹ ਭਾਰਤ ਤੋਂ ਆਉਣ ਵਾਲੇ ਵੀ,ਆਈ ,ਪੀ ਸਖ਼ਸੀਅਤਾਂ ਨੂੰ ਵਿਸੇ਼ਸ ਸੁੱਰਖਿਆ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *