ਯੂਰਪ ਦਾ ਵਿਸ਼ਾਲ 7ਵਾਂ “ਮਾਂ ਭਗਵਤੀ ਜਾਗਰਣ”ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਵਿਖੇ ਸ਼ਾਨੋ ਸੌਕਤ ਨਾਲ ਕਰਵਾਇਆ

*ਵਿਸ਼ਵ ਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ ਨੇ ਕੀਤਾ ਮਹਾਂਮਾਈ ਦਾ ਗੁਣਗਾਨ*

ਰੋਮ(ਕੈਂਥ,ਟੇਕ ਚੰਦ)ਇਟਲੀ ਵਿੱਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ਕਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ ।ਅਜਿਹਾ ਹੀ ਵਿਸ਼ਾਲ ਧਾਰਮਿਕ ਸਮਾਗਮ ਹੈ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ)ਦਾ 7ਵਾਂ “ਮਾਂ ਭਗਵਤੀ ਜਾਗਰਣ” ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।

ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਯੂਰਪ ਦੇ ਹੀ ਨਹੀਂ ਸਗੋਂ ਵਿਸ਼ਵ ਪ੍ਰਸਿੱਧ ਦੋਗਾਣਾ ਜੋੜੀ ਜਿਸ ਨੂੰ ਜੋੜੀ ਨੰਬਰ ਵਨ ਦਾ ਖ਼ਿਤਾਬ ਵੀ ਮਿਲਿਆ ਹੈ ਦਮਦਾਰ ਆਵਾਜ਼ ਦੇ ਮਾਲਕ ਲੱਖਾ ਨਾਜ ਨੇ ਮਾਤਾ ਰਾਣੀ ਦੇ ਦਰਬਾਰ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲੁਆਈ ਤੇ ਪੰਡਾਲ ਦੀ ਸਮੂਹ ਸੰਗਤ ਨੂੰ ਮਾਤਾ ਰਾਣੀ ਦੇ ਭਗਤੀ ਰਸ ਵਿੱਚ ਨੱਚਣ ਲਗਾ ਦਿੱਤਾ।ਚੁਫੇਰੇ ਜੈ ਮਾਤਾ ਦੀ ਦੇ ਲੱਗ ਰਹੇ ਜੈਕਾਰੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ।

ਇਸ 7ਵੇਂ ਮਾਂ ਭਗਵਤੀ ਜਾਗਰਣ ਮੌਕੇ ਰਾਜੂ ਚਮਕੌਰ ਸਾਹਿਬ ਤੋਂ ਇਲਾਵਾ ਹੋਰ ਵੀ ਭਜਨ ਮੰਡਲੀਆਂ ਨੇ ਮਹਾਂਮਾਈ ਦਾ ਗੁਣਗਾਨ ਕੀਤਾ।ਭਾਰਤੀ ਅੰਬੈਂਸੀ ਰੋਮ ਵੱਲੋਂ ਉਪ ਰਾਜਦੂਤ ਸ਼੍ਰੀ ਅਮਰਾਰਮ ਗੁੱਜਰ ਵੱਲੋਂ ਵੀ ਜਾਗਰਣ ਵਿੱਚ ਪਹੁੰਚ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜਦੋ ਕਿ ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬ ਸਿੰਘ ਸਭਾ ,ਸ੍ਰੀ ਗੁਰੂ ਰਵਿਦਾਸ ਸਭਾਵਾਂ ਤੇ ਹਿੰਦੂ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਾਂ ਭਗਵਤੀ ਜਾਗਰਣ ਵਿੱਚ ਭਰਵੀਂ ਹਾਜ਼ਰੀ ਲਗਵਾਈ ਗਈ।ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਦੀ ਇਸ ਮਹਾਂ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁੱਕਦਰਾਂ ਨਾਲ ਹੀ ਮਿਲ ਦਾ ਹੈ ਜਿਸ ਦਾ ਸਭ ਸੰਗਤ ਨੇ ਪੂਰਾ ਲਾਹਾ ਲਿਆ ਇਹ ਮਾਂ ਭਗਵਤੀ ਜਾਗਰਣ ਕਿਸੇ ਇੱਕ ਧਰਮ ਦਾ ਨਹੀ ਸਗੋ ਸਭ ਧਰਮਾਂ ਦਾ ਸਾਂਝਾ ਉਤਸਵ ਹੈ ਜਿਸ ਨੂੰ ਨੇਪਰੇ ਚਾੜਨ ਲਈ ਸਭ ਸੰਗਤ ਦਾ ਸਦਾ ਭਰਪੂਰ ਸਹਿਯੋਗ ਰਹਿੰਦਾ ਹੈ।ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ।

ਜਾਗਰਣ ਵਿੱਚ ਮਹਾਂਮਾਈ ਦੇ ਜਾਗਰਣ ਦੀ ਜੋਤ ਮੰਦਿਰ ਦੇ ਪੁਜਾਰੀ ਪੰਡਤ ਸੁਨੀਲ ਸ਼ਾਸ਼ਤਰੀ ਵੱਲੋਂ ਪ੍ਰਚੰਡ ਕੀਤੀ ਗਈ।ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸਖਸੀਅਤਾਂ ਵੀ ਮਹਾਂਮਾਈ ਦੇ ਜਾਗਰਣ ਵਿੱਚ ਨਤਮਸਤਕ ਹੋ ਹਾਜ਼ਰੀ ਭਰੀ।ਮਾਂ ਭਗਵਤੀ ਜਾਗਰਣ ਜੋ ਕਿ ਸਾਰੀ ਰਾਤ ਹੋਇਆ ਇਸ ਨੂੰ ਸੰਗਤ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਸਾਰੀ ਰਾਤ ਹੀ ਭਗਤੀ ਲਹਿਰ ਵਿੱਚ ਝੂਮਦਿਆਂ ਸਰਵਣ ਕੀਤਾ ਗਿਆ।

Leave a Reply

Your email address will not be published. Required fields are marked *