ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ” ਮਹਿਫ਼ਲ ਗੀਤਾਂ ਦੀ” ਪ੍ਰੋਗਰਾਮ ਦਾ ਸਫਲ ਆਯੋਜਨ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)ਮਾਂ ਬੋਲੀ ਪੰਜਾਬੀ ਨੂੰ ਯੂਰਪੀ ਧਰਤੀ ਤੇ ਪ੍ਰਫੁੱਲਿਤ ਕਰਨ ਲਈ ਇਟਲੀ ਦੀ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਵੱਖ ਵੱਖ ਸਮੇਂ ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮਹੀਨਾਵਾਰ ਪ੍ਰੋਗਰਾਮਾਂ ਦੀ ਲੜੀ ਤਹਿਤ ਸਭਾ ਵਲੋਂ ਕਰਵਾਏ ਇਸ ਵਾਰ ਦੇ ਆਨਲਾਈਨ ਪ੍ਰੋਗਰਾਮ ਮਹਿਫ਼ਲ ਗੀਤਾਂ ਦੀ ਸਫਲਤਾਪੂਰਵਕ ਸੰਪੰਨ ਹੋਇਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਅਤੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਹੋਰਾਂ ਦੇ ਆਰੰਭਿਕ ਬੋਲਾਂ ਨਾਲ ਹੋਈ। ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਇਸ ਸਮਾਗਮ ਦਾ ਮੰਤਵ ਤੇ ਸਭਾ ਦੇ ਉਪਰਾਲਿਆਂ ਦੇ ਸੰਖੇਪ ਵਰਨਣ ਨਾਲ ਅਮਰੀਕਾ ਵਸਦੇ ਗੀਤਕਾਰ ਲਹਿੰਬਰ ਦੇਸਰਪੁਰ ਵਾਲਾ ਨੂੰ ਰੂਬਰੂ ਕਰਵਾਇਆ ਉਹਨਾਂ ਆਪਣੇ ਲਿਖੇ ਪ੍ਰਸਿੱਧ ਗੀਤਾਂ ਅਤੇ ਬੋਲੀਆਂ ਦੀ ਸਭ ਨਾਲ ਸਾਂਝ ਪਾਈ ।

ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਨੇ ਅਯੋਕੇ ਸਮੇਂ ਦੀ ਗੀਤਕਾਰੀ ਅਤੇ ਅਪਣੇ ਗੀਤਾਂ ਬਾਰੇ ਗੱਲਬਾਤ ਕੀਤੀ। ਉਹਨਾਂ ਵਲੋਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਏ ਯੋਗਦਾਨ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। ਗੀਤਕਾਰ ਰਾਣਾ ਮਾਧੋਝੰਡੀਆ ਨੇ ਦਿਲਕਸ਼ ਤੇ ਸੋਹਜ ਭਰੇ ਅੰਦਾਜ ਵਿੱਚ ਅਪਣੇ ਪ੍ਰਸਿੱਧ ਗੀਤ ਸੁਣਾਏ ਅਤੇ ਗੀਤਕਾਰਾਂ ਤੇ ਲੇਖਕਾਂ ਨੂੰ ਚੰਗੀ ਲੇਖਣੀ ਨੂੰ ਤਰਜੀਹ ਦੇਣ ਲਈ ਸੁਨੇਹਾ ਵੀ ਦਿੱਤਾ। ਗੀਤਕਾਰ ਨੇਕ ਬੇਰੰਗ ਨੇ ਆਪਣੇ ਆਉਣ ਵਾਲੇ ਗੀਤਾਂ ਵਿੱਚੋਂ ਅਤੇ ਰਿਕਾਰਡ ਹੋਏ ਗੀਤਾਂ ਵਿੱਚੋਂ ਕੁਝ ਗੀਤ ਸੁਣਾਏ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੇ ਕਹੇ ਤੋਂ ਨੇਕ ਬੇਰੰਗ ਨੇ ਅਪਣਾ ਗੀਤ ਖਤਾਂ ਦੇ ਟੁਕੜੇ ਤਰੰਨੁਮ ਚ ਗਾ ਕੇ ਜਦ ਸੁਣਾਇਆ ਤਾਂ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਸਭਾ ਵਲੋਂ ਕਰਵਾਏ

ਇਸ ਪ੍ਰੋਗਰਾਮ ਵਿੱਚ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਦਲਜਿੰਦਰ ਰਹਿਲ, ਯਾਦਵਿੰਦਰ ਸਿੰਘ ਬਾਗੀ, ਗੁਰਮੀਤ ਸਿੰਘ ਮੱਲੀ, ਬਿੰਦਰ ਕੋਲੀਆਂਵਾਲ, ਸਤਵੀਰ ਸਾਂਝ,ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਨਛੱਤਰ ਭੋਗਲ, ਅਮਰਵੀਰ ਸਿੰਘ ਹੋਠੀ, ਅਮਰੀਕ ਸਿੰਘ ਕੰਗ ਯੂ ਐੱਸ ਏ, ਪ੍ਰੋਫੈਸਰ ਰਛਪਾਲ ਸਿੰਘ, ਧਰਮਿੰਦਰ ਸਿੰਘ ਕੰਗ ਆਇਰਲੈਂਡ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜਰੀ ਲਗਵਾਈ। ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।

ਅੰਤ ਵਿੱਚ ਸਭਾ ਦੇ ਜਰਨਲ ਸਕੱਤਰ ਪ੍ਰੋਫੈਸਰ ਜਸਪਾਲ ਸਿੰਘ ਨੇ ਇਸ ਪ੍ਰੋਗਰਾਮ ਦੀ ਸੰਖੇਪ ਵਿੱਚ ਸਮੀਖਿਆ ਕੀਤੀ। ਜਿਕਰਯੋਗ ਹੈ ਕਿ ਇਹ ਪ੍ਰੋਗਰਾਮ ਪੰਜਾਬੀ ਲਾਈਵ ਮੰਚ ਯੂ ਐੱਸ ਏ ਵਲੋਂ ਜੂਮ ਐਪ ਦੇ ਰਾਂਹੀ ਲਾਈਵ ਚਲਾਇਆ ਗਿਆ।

Leave a Reply

Your email address will not be published. Required fields are marked *