,,,ਆਖਿਰ ਕਿਉਂ ਕੁਝ ਪੜ੍ਹੇ-ਲਿਖੇ ਲੋਕ ਅਪਾਹਜ ਲੋਕਾਂ ਨਾਲ ਅੱਜ ਵੀ ਕਰਦੇ ਹਨ ਵਿਤਕਰਾ ਜਦੋਂ ਕਿ ਅਸੀਂ 4 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ 3 ਦਸੰਬਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਂਦੇ ਹਾਂ “ਇੰਟਰਨੈਸ਼ਨਲ ਡੇਅ ਆਫ਼ ਡਿਸੇਬਲਡ ਪਰਸਨ”

ਰੋਮ ਇਟਲੀ (ਦਲਵੀਰ ਕੈਂਥ)ਜਿਹੜੇ ਲੋਕ ਸਰੀਰਕ ਤੌਰ ਤੇ ਅਪਾਹਜ ਹਨ ਉਹਨਾਂ ਨੂੰ ਸਮਾਜ ਵਿੱਚ ਹੱਕ,ਅਧਿਕਾਰ,ਸਨਮਾਨ ਤੇ ਸਤਿਕਾਰ ਮਿਲੇ ਇਸ ਮੁੱਦੇ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸੰਨ 1976 ਦੌਰਾਨ 3 ਦਸੰਬਰ ਨੂੰ ਅੰਤਰਰਾਸ਼ਟਰੀ ਤੌਰ ਤੇ ਅਪਾਹਜ ਲੋਕਾਂ ਦੇ “ਇੰਟਰਨੈਸ਼ਨਲ ਡੇਅ ਆਫ਼ ਡਿਸੇਬਲਡ ਪਰਸਨ” ਵਜੋਂ ਐਲਾਨਿਆ ਜਿਸ ਨੂੰ ਸੰਨ 1981 ਤੋਂ ਦੁਨੀਆਂ ਭਰ ਵਿੱਚ ਇਸ ਲਈ ਮਨਾਇਆ ਜਾਂਦਾ ਹੈ ਕਿ ਸਰੀਰਕ ਪੱਖੋ ਅਧੂਰੇ ਲੋਕਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਇਹਨਾਂ ਲੋਕਾਂ ਨੂੰ ਵੀ ਸਮਾਜ ਵਿੱਚ ਮਾਣ-ਸਤਿਕਾਰ ਨਾਲ ਜਿਉਣ ਦਿੱਤਾ ਜਾਵੇ।

ਯੂਰਪੀਅਨ ਦੇਸ਼ਾਂ ਵਿੱਚ ਕਰੀਬ 45 ਮਿਲੀਅਨ ਤੋਂ ਵੱਧ ਲੋਕ ਅਪਾਹਜ ਹਨ ਜਿਸ ਵਿੱਚ ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਈਸਤਤ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਤਕਰੀਬਨ 3.2 ਮਿਲੀਅਨ ਤੋਂ ਵੱਧ ਲੋਕ ਅਪਾਹਜ ਹਨ ਜਿਹਨਾਂ ਦੀ ਉਮਰ 65 ਸਾਲ ਤੋਂ ਘੱਟ ਹੈ।ਇਹਨਾਂ 65 ਸਾਲ ਤੋਂ ਘੱਟ ਅਪਾਹਜ ਲੋਕਾਂ ਵਿੱਚੋਂ ਲਗਭਗ ਅੱਧੇ ਕਿਸੇ ਵੀ ਤਰ੍ਹਾਂ ਦੀ ਜਨਤਕ ਸਹਾਇਤਾ ਨਹੀਂ ਲੈਂਦੇ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ ਉਪੱਰ ਹੀ ਨਿਰਭਰ ਰਹਿੰਦੇ ਹਨ।ਯੂਰਪ ਦੇ ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਇਟਲੀ ਵਿੱਚ ਅਪਾਹਜਾਂ ਦੇ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਲਈ ਯੂਰਪ ਭਰ ਵਿੱਚੋ ਸਭ ਤੋਂ ਉਂੱਨਤ ਕਾਨੂੰਨ ਹੈ ।ਇੱਥੇ ਅੰਗਹੀਣ ਲੋਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸੰਨ 2015 ਤੋਂ ਵਿਸੇਸ ਪਰੇਡ ਵੀ ਕਰਵਾਈ ਜਾਂਦੀ ਹੈ।

3 ਦਸੰਬਰ ਪੂਰੀ ਦੁਨੀਆਂ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਦੁਨੀਆਂ ਭਰ ਵਿੱਚ ਅੰਦਾਜ਼ਨ ਇੱਕ ਬਿਲੀਅਨ ਤੋਂ ਵਧੇਰੇ ਲੋਕ ਜਾਨੀ ਦੁਨੀਆਂ ਦੀ ਆਬਾਦੀ ਦਾ 16% ਹਿੱਸਾ ਕਿਸੇ ਨਾ ਕਿਸੇ ਅੰਗ ਦੀ ਘਾਟ ਕਾਰਨ ਲੋਕ ਅਪਾਹਜ ਵਜੋਂ ਜਿੰਦਗੀ ਬਸਰ ਕਰਦੇ ਹਨ ਜਾ ਇੱਦਾਂ ਵੀ ਕਹਿ ਸਕਦੇ ਹਾਂ ਕਿ ਦੁਨੀਆਂ ਦੇ 6 ਲੋਕਾਂ ਮਗਰ ਇੱਕ ਅਪਾਹਜ ਵਿਅਕਤੀ ਹੈ।ਕਈ ਕੇਸਾਂ ਵਿੱਚ ਅਪਾਹਜ ਵਿਅਕਤੀ ਤੰਦਰੁਸਤ ਇਨਸਾਨ ਨਾਲੋ 20 ਸਾਲ ਪਹਿਲਾਂ ਹੀ ਦੁਨੀਆਂ ਨੂੰ ਇਸ ਲਈ ਅਲਵਿਦਾ ਕਹਿ ਦਿੰਦੇ ਹਨ ਕਿਉਂ ਕਿ ਉਹ ਡਿਪਰੈਸ਼ਨ,ਦਮਾ,ਸੂਗਰ,ਹਾਈ ਬਲੱਡ ਪ੍ਰੈੱਸ਼ਰ,ਮੋਟਾਪਾ ਜਾਂ ਕਈ ਹੋਰ ਬਿਮਾਰੀਆਂ ਨਾਲ ਆਪਣੀ ਬਹੁਤੀ ਜਿੰਦਗੀ ਜੂਝ ਦੇ ਰਹਿੰਦੇ ਹਨ। ਸਰੀਰਕ ਪੱਖੋ ਅਪਾਹਜ ਲੋਕਾਂ ਨੂੰ ਅਨੇਕਾਂ ਸਿਹਤ ਅਸਮਾਨਤਾਵਾਂ ਦਾ ਸਾਹਮਣ੍ਹਾ ਪੈਂਦਾ ਹੈ।

3 ਦਸੰਬਰ ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਅਪਾਹਜ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਦਾ ਮਕਸਦ ਅੰਗਹੀਣਾਂ ਵਿੱਚ ਜਿੱਥੇ ਜਾਗਰੂਕਤਾ ਪੈਦਾ ਕਰਨਾ ਹੈ ਉੱਥੇ ਹੀ ਆਮ ਲੋਕਾਂ ਨੂੰ ਵੀ ਚੇਤਨ ਕਰਨਾ ਹੈ ਕਿ ਅੰਗਹੀਣ ਵਿਅਕਤੀਆਂ ਪ੍ਰਤੀ ਆਪਣੀ ਸਭ ਨੂੰ ਸੋਚ ਬਦਲਣ ਦਾ ਅਹਿਮ ਜ਼ਰੂਰਤ ਹੈ ਪਰ ਅਫ਼ਸੋਸ 4 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪੂਰੀ ਦੁਨੀਆਂ ਇਸ ਦਿਨ ਨੂੰ ਮਨਾਉਂਦੀ ਹੈ ਪਰ ਇਸ ਦੇ ਬਾਵਜੂਦ ਅਪਾਹਜ ਬਹੁਤੇ ਕੇਸਾਂ ਵਿੱਚ ਲੋਕਾਂ ਨੂੰ ਦਿਮਾਗੀ ਅਪਾਹਜ ਲੋਕ ਸਮਾਜ ਵਿੱਚ ਚੈੱਨ ਨਾਲ ਨਹੀਂ ਜਿਉਣ ਦਿੰਦੇ ਜਿਸ ਦੀਆਂ ਪੂਰੀ ਦੁਨੀਆਂ ਵਿੱਚ ਅਣਗਿਣਤ ਉਦਾਹਰਣਾ ਹਨ।ਸਮਾਜ ਅੰਦਰ ਤੰਦਰੁਸਤ ਲੋਕਾਂ ਵੱਲੋਂ ਅਪਾਹਜ ਲੋਕਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਸਮੁੱਚੀ ਮਨੁੱਖਤਾ ਲਈ ਵਿਚਾਰਯੋਗ ਮੁੱਦਾ ਹੈ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਜਦੋਂ ਕੁਝ ਅਪਾਹਜਾਂ ਵਿਅਕਤੀਆਂ ਤੋਂ ਉਹਨਾਂ ਨੂੰ ਅੰਗਹੀਣਤਾ ਕਾਰਨ ਪੇਸ਼ ਆਉਂਦੀਆਂ ਗੰਭੀਰ ਮੁਸ਼ਕਿਲਾਂ ਸੰਬਧੀ ਪੁੱਛਿਆ ਤਾਂ ਉਹਨਾਂ ਬਹੁਤ ਹੀ ਦੁੱਖੀ ਮਨ ਨਾਲ ਦੱਸਿਆ ਕਿ ਉਹਨਾਂ ਨੂੰ ਉੰਨੀ ਤਕਲੀਫ਼ ਆਪਣੇ ਸਰੀਰ ਦੀ ਅੰਗਹੀਣਤਾ ਕਾਰਨ ਨਹੀਂ ਹੁੰਦੀ ਜਿੰਨੀ ਤੰਦਰੁਸਤ ਵਿਅਕਤੀਆਂ ਵੱਲੋਂ ਉਹਨਾਂ ਨਾਲ ਕੀਤੇ ਜਾਂਦੇ ਬੁਰੇ ਵਿਵਹਾਰ ਦੇ ਚੱਲਦਿਆਂ ਹੁੰਦੀ ਹੈ।ਇਹਨਾਂ ਅੰਗਹੀਣਾਂ ਨੇ ਦੱਸਿਆਂ ਕਿ ਬੇਸ਼ੱਕ ਰੱਬ ਨੇ ਉਹਨਾਂ ਦੇ ਸਰੀਰ ਵਿੱਚ ਕੋਈ ਨੁਕਸ ਪਾਇਆ ਹੈ ਪਰ ਉਹ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦਿਆਂ ਨਾਲ ਚੰਗੀ ਪੜ੍ਹਾਈ ਕਰਕੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰ ਰਹੇ ਹਨ ਤੇ ਇਸ ਕਾਮਯਾਬੀ ਨੂੰ ਦੇਖਦਿਆਂ ਸਮਾਜ ਦੇ ਕੁਝ ਕੁ ਉਹ ਲੋਕ ਜਿਹੜੇ ਉਹਨਾਂ ਦੀ ਕਾਮਯਾਬੀ ਤੋਂ ਖੁਸ਼ ਨਹੀਂ ਉਹ ਮਾੜੇ ਵਿਵਹਾਰ ਨਾਲ ਆਪਣੀ ਨਰਾਜ਼ੀ ਪ੍ਰਗਟਾਉਂਦੇ ਹਨ।ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਦੁਰਵਿਵਹਾਰ ਕਰਨ ਵਾਲੇ ਕੋਈ ਅਨਪੜ੍ਹ ਨਹੀਂ ਸਗੋਂ ਇਹਨਾਂ ਵਿੱਚ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਵੀ ਹਨ ।

ਇੱਕਲੇ ਭਾਰਤ ਵਿੱਚ ਹੀ ਨਹੀਂ ਸਗੋਂ ਬਹੁਤ ਅਜਿਹੇ ਅਪਾਹਜ ਲੋਕ ਇਟਲੀ ਵਿੱਚ ਵੀ ਹਨ ਜਿਹੜੇ ਕਿ ਮਜ਼ਬੂਰੀ ਵਿੱਚ ਉਹਨਾਂ ਲੋਕਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੇ ਜਿਹੜੇ ਕਿ ਮਾਨਸਿਕ ਤੌਰ ਤੇ ਅਪਾਹਜ ਹਨ।ਇਹ ਅਪਾਹਜ ਮਾਨਸਿਕਤਾ ਵਾਲੇ ਲੋਕ ਜਾਣ ਬੁੱਝ ਕੇ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਆਪਣੇ ਮਾੜੇ ਵਿਵਹਾਰ ਦੁਆਰਾ ਅਹਿਸਾਸ ਕਰਵਾਉਂਦੇ ਹਨ ਕਿ ਉਹ ਜਿੰਨੀ ਮਰਜ਼ੀ ਪੜਾਈ ਜਾਂ ਹੋਰ ਕਾਮਯਾਬੀ ਦੀਆਂ ਬੁਲੰਦੀਆਂ ਸਰ ਕਰ ਲੈਣ ਪਰ ਉਹਨਾਂ ਦਾ ਸਰੀਰਕ ਤੌਰ ਤੇ ਮੁਕਾਬਲਾ ਨਹੀਂ ਕਰ ਸਕਦੇ।ਭਾਰਤ ਵਰਗੇ ਦੇਸ਼ ਵਿੱਚ ਅਜਿਹੇ ਅਪਾਹਜ ਮਾਨਸਿਕਤਾ ਵਾਲੇ ਲੋਕ ਆਮ ਦੇਖੇ ਜਾ ਸਕਦੇ ਹਨ।

Leave a Reply

Your email address will not be published. Required fields are marked *