ਬਾਲੀਵੁੱਡ ‘ਚ ਤਹਿਲਕਾ ਮਚਾਉਣ ਵਾਲਾ ਪੰਜਾਬੀ ਗਾਇਕ-ਭੁਪਿੰਦਰ ਬੱਬਲ

ਨਿਰਮਾਤਾ ਨਿਰਦੇਸ਼ਕ ਸੰਦੀਪ ਰੈੱਡੀ ਦੀ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਨੂੰ ਲੈ ਕੇ ਬਣੀ ਐਕਸ਼ਨ ਥ੍ਰਿੱਲਰ ਬਾਲੀਵੁੱਡ ਫ਼ਿਲਮ ‘ਐਨੀਮਲ’ ਅੱਜਕਲ੍ਹ ਭਰਪੂਰ ਚਰਚਾ ‘ਚ ਹੈ। ਇਸ ਤੋਂ ਵੀ ਵੱਧ ਚਰਚਾ ‘ਚ ਹੈ ਇਸ ਫ਼ਿਲਮ ਦਾ ਪੰਜਾਬੀ ਗੀਤ ‘ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ’।

‘ਵੈਲੀ’ ਗੀਤ ਨੂੰ ਠੇਠ ਪੰਜਾਬੀ ਲੋਕ ਰੰਗ ਵਿਚ ਪੇਸ਼ ਕਰ ਕੇ ਭੁਪਿੰਦਰ ਬੱਬਲ ਨੇ ਸੰਗੀਤ ਦੇ ਖੇਤਰ ਵਿਚ ਇਕ ਨਵਾਂ ਤਹਿਲਕਾ ਮਚਾਇਆ ਹੈ। ਬੱਬਲ ਨੇ ਬਹੁਤ ਸਾਰੇ ਮੇਲਿਆਂ ‘ਚ, ਲੋਕ ਨਾਚ ਮਲਵਈ ਗਿੱਧੇ ‘ਚ, ਵੱਡੇ ਸਮਾਗਮਾਂ ‘ਚ ਦਿਲਕਸ਼ ਤੇ ਜੋਸ਼ੀਲੇ ਅੰਦਾਸ਼ ‘ਚ ਬੋਲੀਆਂ ਪਾਈਆਂ ਹਨ। ਉਸਦਾ ਬੋਲੀਆਂ ‘ਤੇ ਆਧਾਰਿਤ ਇਕ ਗੀਤ ‘ਅੱਖ ਵਿਚ ਤੇਲ ਪੈ ਗਿਆ ਟੁੱਟ ਪੈਣੇ ਨੇ ਜਲੇਬੀ ਮਾਰੀ’ ਉਸ ਨੂੰ ਪਹਿਲੀਆਂ ਵਿਚ ਵੀ ਹਿੱਟ ਬਣਾ ਚੁੱਕਾ ਹੈ। ਇਹ ਉਹੀ ਭੁਪਿੰਦਰ ਬੱਬਲ ਹੈ ਜਿਸ ਨੇ ਬਾਬੂ ਰਜਬ ਅਲੀ ਦੇ ‘ਬਹੱਤਰ ਕਲੀ ਛੰਦ’ ਨੂੰ ਸਫਲਤਾ ਨਾਲ ਗਾਇਆ ਸੀ।

ਬਾਲੀ ਸੱਗੂ ਦੇ ਸੰਗੀਤ ‘ਚ ਸੁਪਰ ਹਿੱਟ ਐਲਬਮ ‘ਆਜਾ ਨੱਚ ਲੈ’ ਵਿਚ ਭੁਪਿੰਦਰ ਬੱਬਲ ਦਾ ਗੀਤ ਸੀ ‘ਉਹ ਮੁੰਡਿਓ ਆ ਗਈ ਓਏ, ਸਿਰ ‘ਤੇ ਗਾਗਰ ਰੱਖੀ’। ਇਹ ਗੀਤ ਕਿਹੜੀ ਜਾਗੋ, ਕਿਹੜੇ ਵਿਆਹ ਜਾਂ ਕਿਹੜੇ ਮੇਲੇ ‘ਤੇ ਨਹੀਂ ਵੱਜਿਆ? ਇਸ ਗੀਤ ‘ਚ ਬੋਲ ਸਨ ‘ਵੇਖੋ ਮੁੰਡਿਓ ਅਜਬ ਕਹਾਣੀ, ਅੱਗ ਨੇ ਚੁੱਕਿਆ ਸਿਰ ‘ਤੇ ਪਾਣੀ’। ਗੀਤ ਤਕਰੀਬਨ ਹਰ ਉਸ ਪੰਜਾਬੀ ਨੂੰ ਯਾਦ ਹੈ ਜੋ ਲੋਕ ਗੀਤਾਂ ਦਾ ਸ਼ੈਦਾਈ ਹੈ। ਅਸਲ ‘ਚ ਸੱਚਮੁੱਚ ਹੀ ਭੁਪਿੰਦਰ ਨੂੰ ਗਾਇਕੀ ਪੱਖੋਂ ਕੁਲਦੀਪ ਮਾਣਕ ਵਾਲੀ ਸ਼੍ਰੇਣੀ ‘ਚ ਰੱਖਿਆ ਜਾ ਸਕਦਾ ਹੈ। ਦੁਨੀਆ ਵਿਚ ਜਿੱਥੇ ਵੀ ਪੰਜਾਬੀ ਵਸਦਾ ਹੈ, ਉਹ ‘ਅਰਜਨ ਵੈਲੀ’ ਵਾਲੇ ਗੀਤ ਦੀ ਚਰਚਾ ਵੀ ਜ਼ਰੂਰ ਕਰਦਾ ਹੈ।

ਹਾਲਾਂਕਿ ਉਸਦੇ ‘ਸੋਹਣੀ’ ਗੀਤ ਨੂੰ ਵੀ ਢਾਈ ਦਹਾਕਿਆਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬੀ ਨਹੀਂ ਭੁੱਲੇ। ਕਹਿ ਸਕਦੇ ਹਾਂ ਕਿ ਭੁਪਿੰਦਰ ਬੱਬਲ ਦੇ ਗੀਤ ‘ਅਰਜਨ ਵੈਲੀ’ ਨੇ ਫ਼ਿਲਮ ਨੂੰ ਪ੍ਰਾਪਤੀ ਦੇ ਸਿਖਰ ਨੇੜੇ ਲਿਆਉਣ ‘ਚ ਵੱਡਾ ਯੋਗਦਾਨ ਪਾਇਆ ਹੈ। ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਅਰਜਨ ਵੈਲੀ ਕੌਣ ਸੀ? ਅਸਲ ‘ਚ ਹਰ ਘਰ ‘ਚ ਇਕ ਅਰਜਨ ਜ਼ਰੂਰ ਹੁੰਦਾ ਹੈ, ਜੋ ਘਰ ਦੀ ਅਗਵਾਈ ਤੇ ਰਖਵਾਲੀ ਕਰਦਾ ਹੈ, ਇਹ ਭੁਪਿੰਦਰ ਬੱਬਲ ਦਾ ਮੰਨਣਾ ਹੈ। ਬੱਬਲ ਆਖਦਾ ਹੈ ਕਿ ਪੰਜਾਬੀ ਸੁਭਾਅ ‘ਚ ਅਰਜਨ ਵੈਲੀ ਦਾ ਜ਼ਿਕਰ ਬੋਲੀਆਂ ਵਿਚ ਇਕ ਸਦੀ ਤੋਂ ਹੁੰਦਾ ਆ ਰਿਹਾ ਹੈ। ਰੋਪੜ ਜ਼ਿਲ੍ਹੇ ਦੇ ਕੁਰਾਲੀ ਲਾਗਲੇ ਪਿੰਡ ਨਹਿਲੋਕਾ ‘ਚ ਭੁਪਿੰਦਰ ਬੱਬਲ ਪਿਤਾ ਸ. ਸੁਰਜੀਤ ਸਿੰਘ ਤੇ ਮਾਤਾ ਗੁਰਮੀਤ ਕੌਰ ਦੇ ਘਰ ਜਨਮਿਆ।

ਚਾਰ ਭਰਾਵਾਂ ‘ਚੋਂ ਦੋ ਭਰਾ ਭੁਪਿੰਦਰ ਤੇ ਸੱਤੀ ਪਾਬਲਾ ਬੁਲੰਦ ਆਵਾਜ਼ ‘ਚ ਗਾਉਣ ਵਾਲੇ ਗਵੱਈਏ ਹਨ। ਦੋਵਾਂ ਦੀ ਆਵਾਜ਼ ‘ਚ ਲੋਹੜੇ ਦਾ ਜੋਸ਼ ਹੈ, ਤੇ ਮਾੜਾ ਧੀੜਾ ਸਾਊਂਡ ਸਿਸਟਮ ਉਨ੍ਹਾਂ ਨੂੰ ਝੱਲ ਹੀ ਨਹੀਂ ਸਕਦਾ। ਸੱਚੀਂ ਮਾਈਕ ਪਾਟਣ ਤੱਕ ਜਾਂਦੇ ਹਨ। ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ, ਗਾਇਕੀ, ਵਿਲੱਖਣ ਅੰਦਾਜ਼ ਵਿਚ ਇਸ ਫਿਲਮ ਨਾਲ ਭੁਪਿੰਦਰ ਬੱਬਲ ਸਿਖ਼ਰ ‘ਤੇ ਹੀ ਨਹੀਂ ਪੁੱਜਾ ਸਗੋਂ ਉਸ ਨੇ ਬਾਲੀਵੁੱਡ ਦੀ ਇਸ ਪ੍ਰਾਪਤੀ ਨਾਲ ਕੌਮਾਂਤਰੀ ਪੰਜਾਬੀ ਜ਼ਬਾਨ, ਲੋਕ ਗਾਇਕੀ ਅਤੇ ਲੋਕ ਵਿਰਾਸਤ ਦੀ ਚੜ੍ਹਦੀ ਕਲਾ ਲਈ ਇਕ ਵੱਡਾ ਕਾਰਜ ਕਰ ਕੇ ਦਿਖਾਇਆ ਹੈ।
Thanks

Leave a Reply

Your email address will not be published. Required fields are marked *