ਭਾਰਤੀਆਂ ਦਾ ਮਹਿਬੂਬ ਦੇਸ਼ ਇਟਲੀ ਹੋਣ ਦੇ ਬਾਵਜੂਦ ਪਿਛਲੇ 20 ਸਾਲਾਂ ਦੌਰਾਨ 30 ਲੱਖ ਤੋਂ ਵਧੇਰੇ ਇਟਾਲੀਅਨ ਨੌਜਵਾਨਾਂ ਨੇ ਭੱਵਿਖ ਸੁੱਰਖਿਅਤ ਕਰਨ ਲਈ ਇਟਲੀ ਨੂੰ ਕਿਹਾ ਅਲਵਿਦਾ

ਰੋਮ(ਦਲਵੀਰ ਕੈਂਥ)ਇਟਲੀ ਬੇਸ਼ੱਕ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਮਹਿਬੂਬ ਦੇਸ਼ ਹੈ ਪਰ ਇਟਲੀ ਦੀ ਜਵਾਨੀ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਕਾਰਨ ਇਟਲੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੈ ਜਿਸਦੇ ਚੱਲਦਿਆਂ ਪਿਛਲੇ 2 ਦਹਾਕਿਆਂ ਦੌਰਾਨ 30 ਲੱਖ ਤੋਂ ਵਧੇਰੇ ਨੌਜਵਾਨ ਇਟਲੀ ਤੋਂ ਕਿਨਾਰਾ ਕਰ ਚੁੱਕੇ ਹਨ।ਇਸ ਗੱਲ ਦਾ ਖੁਲਾਸਾ ਇਟਲੀ ਦੀ ਮੁੱਖ ਅੰਕੜਾ ਏਜੰਸੀ ਇਸਤਤ ਨੇ ਕਰਦਿਆਂ ਕਿਹਾ ਇਸ ਸਮੇਂ ਇਟਲੀ ਵਿੱਚ 10 ਮਿਲੀਅਨ ਤੋਂ ਵਧੇਰੇ ਨੌਜਵਾਨ ਹਨ ਜਿਹਨਾਂ ਨੇ ਇਟਲੀ ਦੀ ਵਾਂਗਡੋਰ ਸੰਭਾਲਣੀ ਹੈ ਪਰ ਸੰਨ 2003 ਤੋਂ ਇਸ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਹੜੀ ਕਿ ਹੁਣ 23 ਫੀਸਦੀ ਨੂੰ ਵੀ ਪਾਰ ਕਰ ਚੁੱਕੀ ਹੈ।ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਕਿ 18 ਤੋਂ 34 ਸਾਲ ਦੇ ਨੌਜਵਾਨਾਂ ਦੀ ਸਭ ਤੋਂ ਘੱਟ ਗਿਣਤੀ ਹੈ ਇਹ ਅੰਕੜਾ 17.5 % ਸੰਨ 2021 ਦਾ ਹੈ ਜਿਹੜਾ ਕਿ ਔਸਤ ਨਾਲੋਂ 19. 6%ਘੱਟ ਹੈ ।ਇਸ ਵਕਤ ਜਦੋਂ ਕਿ ਇਟਲੀ ਦੀ ਜਵਾਨੀ ਇਟਲੀ ਵਿੱਚ ਆਪਣਾ ਭੱਵਿਖ ਸੁੱਰਖਿਅਤ ਨਹੀਂ ਸਮਝ ਰਹੀ ਅਜਿਹੀ ਸਥਿਤੀ ਵਿੱਚ ਏਸ਼ੀਅਨ ਤੇ ਕਈ ਹੋਰ ਦੇਸ਼ਾਂ ਦੇ ਲੋਕ ਇਟਲੀ ਆਪਣਾ ਬਿਹਤਰ ਭੱਵਿਖ ਬਣਾਉਣ ਲਈ ਲੱਖਾਂ ਰੁਪੲੈ ਕਰਜ਼ਾ ਚੁੱਕ ਧੜਾ-ਧੜ ਆਉਂਦੇ ਹੀ ਜਾ ਰਹੇ ਹਨ ਜਾਂ ਫਿਰ ਕਿਸੇ ਹੋਰ ਦੇਸ਼ ਜਾਣ ਨੂੰ ਵੀ ਇਟਲੀ ਦਾ ਦਰਵਾਜਾ ਹੀ ਵਰਤ ਰਹੇ ਹਨ।ਇਟਾਲੀਅਨ ਨੌਜਵਾਨ ਦੇਸ਼ ਛੱਡ ਰਹੇ ਹਨ ਇਹ ਇੱਕ ਵੱਡਾ ਮੁੱਦਾ ਹੈ।ਇਸਤਤ ਦੇ ਵਿਸ਼ਲੇਸ਼ਣ ਅਨੁਸਾਰ ਦੱਖਣੀ ਇਟਲੀ ਅਜਿਹਾ ਖੇਤਰ ਹੈ ਜਿੱਥੇ ਕਿ ਨੌਜਵਾਨ ਵਰਗ ਦੀ ਗਿਣਤੀ ਆਮ ਨਾਲੋਂ ਕਾਫ਼ੀ ਘੱਟ ਹੈ ਸੰਨ 2002 ਤੋਂ ਇੱਥੇ 28 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।ਪੜ੍ਹਾਈ ਨੂੰ ਲੈਕੇ ਬੱਚੇ ਸੰਤੁਸਟ ਨਹੀਂ ਕਿਉਂਕਿ ਯੂਨੀਵਰਸਿਟੀ ਵਿੱਚ ਕੋਰਸ ਜਿ਼ਆਦਾ ਵਧੀਆ ਨਹੀਂ ਸਮਝੇ ਜਾ ਰਹੇ। ਬਹੁਤੇ ਕਾਲਜ ਵੀ ਫ਼ੰਡਾਂ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਹਨ।ਇਟਲੀ ਦੇ ਸਚੀਲੀਆ ਸੂਬੇ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਕਤਾਨੀਆ ਵਿਖੇ ਸਥਿਤ ਹੈ ਇਹ ਦੇਸ਼ ਦੀ ਸਭ ਤੋਂ ਪ੍ਰਸਿੱਧ ਯੂਨੀਵਰਸੀਆ ਵਿੱਚੋਂ ਇੱਕ ਹੈ।ਦੱਖਣੀ ਇਟਲੀ ਵਿੱਚ ਚੰਗੇ ਮੌਕਿਆਂ ਅਤੇ ਕੰਮ ਕਰਨ ਦੀਆਂ ਸਥਿਤੀਆਂ ਦੀ ਘਾਟ ਕਾਰਨ ਇੱਥੇ ਦੇਸ਼ ਦੇ ਦੂਜੇ ਖੇਤਰਾਂ ਨਾਲੋਂ ਨੌਜਵਾਨਾਂ ਵਿੱਚ 41,6% ਨਿਰਾਸ਼ਾਜਨਕ ਰੁਜਗਾਰ ਦਰ ਹੈ।ਦੱਖਣੀ ਇਟਲੀ ਦੇ 30 ਤੋਂ 39 ਸਾਲ ਦੀ ਉਮਰ ਦੇ ਨੌਜਵਾਨ ਆਪਣੇ ਮਾਪਿਆਂ ਨਾਲ ਹੀ ਜਿ਼ਆਦਾਕਰ ਰਹਿੰਦੇ ਹਨ ।ਇਹਨਾਂ ਵਿੱਚ 5 ਵਿੱਚੋਂ 1 ਨੌਜਵਾਨ ਆਪਣੇ ਭੱਵਿਖ ਕਾਰਨ ਚਿੰਤਕ ਹੈ ਤੇ ਬਹੁਤੇ ਨੌਜਵਾਨ ਆਪਣਾ ਭੱਵਿਖ ਧੁੰਦਲਾ ਦੇਖ ਇੱਥੋਂ ਹੋਰ ਦੇਸ਼ਾਂ ਵੱਲ ਕੂਚ ਕਰ ਗਏ ਹਨ ਕਈ ਕਰਨ ਲਈ ਮਜ਼ਬੂਰ ਹਨ।ਇਸ ਇਲਾਕੇ ਵਿੱਚ ਵਿਕਾਸ,ਅਧਿਐਨ ਤੇ ਰੁਜ਼ਗਾਰ ਦੇ ਮੌਕੇ ਦੇਣ ਵਿੱਚ ਸੰਬਧਤ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਅਸਫ਼ਲ ਹੈ।ਇੱਥੇ ਇਹ ਵੀ ਚਿੰਤਾ ਦਾ ਵੱਡਾ ਵਿਸ਼ਾ ਹੈ ਕਿ ਇਟਲੀ ਜਿੱਥੋਂ ਨੌਜਵਾਨ ਵਰਗ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਹੈ ਉੱਥੇ ਹੀ ਨੌਜਵਾਨ ਵਰਗ ਵਿੱਚ ਵਿਆਹ ਕਰਵਾਉਣ ਦਾ ਰੁਝਾਨ ਵੀ ਪਿਛਲੇ 2-3 ਦਹਾਕਿਆ ਤੋਂ ਨਾਂਹ ਦੇ ਬਰਾਬਰ ਹੋਣ ਕਾਰਨ ਬੱਚਿਆਂ ਦੀ ਜਨਮ ਦਰ ਵੀ ਨਿਰੰਤਰ ਗਿਰਾਵਟ ਹੋਣ ਕਾਰਨ ਸੂਬਾ ਸਰਕਾਰਾਂ ਨੂੰ ਭੱਵਿਖ ਦੀ ਚਿੰਤਾ ਵੱਢ-ਵੱਢ ਖਾ ਰਹੀ ਹੈ ।ਕਈ ਨਗਰ ਪਾਲਿਕਾਵਾਂ ਨੇ ਨਗਰ ਵਿੱਚ ਪੱਕੇ ਬਾਸਿੰਦੇ ਬਣਨ ਲਈ ਆਕਰਸ਼ਕ ਮੁੰਹਿਮਾਂ ਜਿਹਨਾਂ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਹਨਾਂ ਸਭ ਦੇ ਬਾਵਜੂਦ ਨੌਜਵਾਨ ਵਰਗ ਦਾ ਦਿਲ ਹਾਲੇ ਤੱਕ ਨਹੀਂ ਠਹਿਰਦਾ ਕਿ ਉਹ ਇਟਲੀ ਰਹਿ ਕਿ ਹੀ ਜਿੰਦਗੀ ਬੀਤਤ ਕਰਨ ਜਿਵੇਂ ਕਿ ਇਸ ਵਕਤ ਪੰਜਾਬੀ ਨੌਜਵਾਨਾਂ ਦਾ ਨਹੀਂ ਠਹਿਰ ਰਿਹਾ ਕਿ ਉਹ ਪੰਜਾਬ ਹੀ ਮਾਪਿਆਂ ਨਾਲ ਰਹਿਣ ਤੇ ਭੱਵਿਖ ਬਿਹਤਰ ਦੇ ਚੱਕਰਾਂ ਵਿੱਚ ਗੈਰ ਕਾਨੂੰਨੀ ਢੰਗ ਤਰੀਕੇ ਅਪਨਾਉਂਦੇ ਅਨੇਕਾਂ ਨੌਜਵਾਨਾਂ ਜਿੱਥੇ ਆਪ ਦੁਨੀਆਂ ਤੋਂ ਬੇਵਕਤੀ ਚਲੇ ਗਏ ਉੱਥੇ ਮਾਪਿਆਂ ਨੂੰ ਬੁੱਢਾਪੇ ਵਿੱਚ ਧੱਕੇ-ਧੋਲੇ ਖਾਣ ਲਈ ਛੱਡ ਜਾਂਦੇ ਹਨ।

Leave a Reply

Your email address will not be published. Required fields are marked *