ਇਟਲੀ ਦੇ ਰੇਲਵੇ ਸਟੇਸ਼ਨ ‘ਤੇ ਹਮਵਤਨ ਪੰਜਾਬੀ ਨੇ ਬੁਰੀ ਤਰ੍ਹਾਂ ਕੀਤੀ ਸੀ ਕੁੱਟਮਾਰ

ਇਟਲੀ ਦੇ ਰੇਲਵੇ ਸਟੇਸ਼ਨ ‘ਤੇ ਹਮਵਤਨ ਪੰਜਾਬੀ ਨੇ ਬੁਰੀ ਤਰ੍ਹਾਂ ਕੀਤੀ ਸੀ ਕੁੱਟਮਾਰ * ਕੰਬਲ ਨਾਲ ਗੱਲ ਘੁੱਟਣ ਕਾਰਣ ਰੇਜੋ ਇਮੀਲੀਆ ਦੇ ਹਸਪਤਾਲ ਸਾਂਤਾ ਮਰੀਆ ਵਿਖੇ 41 ਸਾਲਾਂ ਅਮਰੀਕ ਸਿੰਘ ਦੀ 12 ਦਿਨਾਂ ਬਾਅਦ ਹੋਈ ਦਰਦਨਾਕ ਮੌਤ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਬੀਤੇ ਵਰ੍ਹੇ ਦੀ 29 ਅਤੇ 30 ਦਸੰਬਰ 2023 ਦੀ ਦਰਮਿਆਨੀ ਰਾਤ ਨੂੰ ਰੇਜੋ ਇਮੀਲੀਆ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਤੇ ਦੋ ਬੇਘਰ ਵਿਅਕਤੀਆਂ ਜੋ ਕਿ ਮੂਲ ਰੂਪ ਵਿੱਚ ਭਾਰਤੀ ਸਨ।

ਜਿਨਾਂ ਦਾ ਨਾਮ ਅਮਰੀਕ ਸਿੰਘ ਉਮਰ 41 ਸਾਲ ਅਤੇ ਗੁਰਵਿੰਦਰ ਸਿੰਘ ਉਮਰ 26 ਸਾਲ ਦੀ ਸੌਣ ਦੀ ਜਗ੍ਹਾ ਅਤੇ ਕੰਬਲ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੁਰਵਿੰਦਰ ਸਿੰਘ ਵੱਲੋਂ ਅਮਰੀਕ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਛਾਤੀ ਤੇ ਚੜ੍ਹ ਕੇ ਖੜਾ ਹੋ ਗਿਆ ਅਤੇ ਕੰਬਲ ਨਾਲ ਉਸ ਦਾ ਗਲਾ ਘੁੱਟਿਆ ਗਿਆ।

6 ਮਿਨਟ ਚੱਲੀ ਇਸ ਹਿੰਸਾ ਤੋਂ ਬਾਅਦ ਸੁਰੱਖਿਆ ਕਰਮੀ ਦੇ ਮੌਕੇ ਤੇ ਪਹੁੰਚਣ ਕਾਰਨ ਅਮਰੀਕ ਸਿੰਘ ਨੂੰ ਬੁਰੀ ਹਾਲਤ ਵਿੱਚ ਹਸਪਤਾਲ ਲਜਾਇਆ ਗਿਆ । ਜਿੱਥੇ ਕਿ 12 ਦਿਨਾਂ ਦੀ ਦਰਦਨਾਕ ਹਾਲਤ ਅਤੇ ਇਲਾਜ ਤੋਂ ਬਾਅਦ ਬੀਤੀ 10 ਅਤੇ 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਖਰ ਉਸਦੀ ਮੌਤ ਹੋ ਗਈ।

ਦੱਸਣ ਯੋਗ ਹੈ ਕਿ ਇਹ ਦੋਨੇ ਪੰਜਾਬੀ ਨੌਜਵਾਨ ਬੇਘਰ ਸਨ ਅਤੇ ਰਾਤ ਦਾ ਸਮਾਂ ਰੇਜੋ ਇਮੀਲੀਆ ਦੇ ਰੇਲਵੇ ਸਟੇਸ਼ਨ ਤੇ ਗੁਜਾਰਦੇ ਸਨ। ਇਸ ਵੇਲੇ ਨਿਆਇਕ ਦ੍ਰਿਸ਼ਟੀਕੋਣ ਤੋਂ ਗੁਰਵਿੰਦਰ ਸਿੰਘ ਦੀ ਸਥਿਤੀ ਵਿਗੜ ਗਈ ਹੈ ਕਿਉਂਕਿ ਉਸ ਤੇ ਇਰਾਦਾ ਕਤਲ ਜਾਂ ਕਤਲ ਦਾ ਦੋਸ਼ ਹੈ। ਉਸ ਵੱਲੋਂ ਵਕੀਲ ਅਨਾਲੀਜਾ ਬਾਸੀ ਕੇਸ ਦੀ ਪੈਰਵਾਈ ਕਰ ਰਹੀ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ ਕਰਦੇ ਹਨ

ਪਰ ਕਈ ਵਾਰ ਕੰਮ ਨਾ ਮਿਲਣ ਕਾਰਨ ਅਤੇ ਨਸ਼ਿਆਂ ਵਿੱਚ ਪੈਣ ਕਾਰਨ ਇਹਨਾਂ ਨੂੰ ਬੇਘਰ ਹੋਣਾ ਪੈਂਦਾ ਹੈ। ਲਾ ਨੋਵਾ ਲੂਚੇ ਐਸੋਸੀਏਸ਼ਨ ਦੀ ਪ੍ਰੈਜੀਡੈਂਟ ਮਾਰੀਆ ਦਿਲੈਤੋ ਜੋ ਕਿ ਇਹਨਾਂ ਬੇਘਰ ਲੋਕਾਂ ਲਈ ਖਾਣਾ ਅਤੇ ਕੰਬਲਾਂ ਦਾ ਇੰਤਜਾਮ ਕਰਦੀ ਸੀ।

ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ 13 ਜਨਵਰੀ 2024 ਨੂੰ ਸ਼ਾਮ ਸਾਢੇ ਚਾਰ ਵਜੇ ਪਿਆਸਾ ਮਾਰਕੋਨੀਂ ਵਿਖੇ ਅਮਰੀਕ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।

ਇਸ ਤਰ੍ਹਾਂ ਇਕ ਛੋਟੀ ਜਿਹੀ ਗੱਲ ਤੋਂ ਹੋਈ ਲੜਾਈ ਕਰਕੇ ਇੱਕ ਪੰਜਾਬੀ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ।

Leave a Reply

Your email address will not be published. Required fields are marked *