ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸਾਹਿਬ-ਏ-ਕਮਾਲ ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਇਟਲੀ ਦੇ ਪੁਰਾਤਨ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਦੀ ਸ਼ੁਰੂਆਤ ਕੀਤੀ ਗਈ।

ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਕੀਰਤਨ ਦੀ ਹਾਜਰੀ ਭਰੀ ਗਈ। ਉਪਰੰਤ ਭਾਈ ਤਲਵਿੰਦਰ ਸਿੰਘ ਵੱਲੋਂ ਕਥਾ ਵਿਚਾਰ ਰਾਹੀਂ ਗੁਰੂ ਸਾਹਿਬ ਜੀ ਦੇ ਅਦੁਤੀ ਜੀਵਨ ਨਾਲ ਬਹੁਤ ਹੀ ਵਿਸਥਾਰ ਨਾਲ ਸੰਗਤਾਂ ਨੂੰ ਜੋੜਿਆ ਗਿਆ।

ਭਾਈ ਸਾਹਿਬ ਨੇ ਭੂਮਿਕਾ ਵਿੱਚ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂਆਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਗ੍ਰਹਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਪ੍ਰਕਾਸ਼, ਸੂਫੀ ਫਕੀਰ ਦਾ ਪਟਨਾ ਸਾਹਿਬ ਵੱਲ ਨੂੰ ਮੂੰਹ ਕਰਕੇ “ਨਮਾਜ਼” ਅਦਾ ਕਰਨ ਅਤੇ ਸੂਫੀ ਫਕੀਰ ਸਾਈਂ ਭੀਖਣ ਸ਼ਾਹ ਦਾ ਦਰਸ਼ਨ ਕਰਨ ਲਈ ਬਜ਼ਿਦ ਹੋਣਾ ਅਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਸਾਖੀਆਂ ਰਾਹੀਂ ਸੰਗਤਾਂ ਨੂੰ ਇਤਿਹਾਸ ਦੇ ਦਰਸ਼ਨ ਕਰਵਾਏ ਗਏ।

ਬਚਿੱਤਰ ਨਾਟਕ ਵਿੱਚੋਂ ਵੀ ਗੁਰੂ ਸਾਹਿਬ ਦੇ ਦੁਸ਼ਟ ਦਮਨ ਅਵਤਾਰ ਬਾਰੇ ਵੀ ਚਾਨਣਾ ਪਾਇਆ ਅਤੇ ਦਸਵੇਂ ਜਾਮੇ ਵਿੱਚ ਕੀਤੇ ਕੌਤਕਾਂ ਬਾਰੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਗਤਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਭਾਰੀ ਉਤਸਾਹ ਸੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰੀ। ਕਥਾ ਵਿਚਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਈ ਗਈ। ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *