ਇਟਲੀ ਚ, ਫੈਕਟਰੀ ”ਚੋਂ ਕੱਢੇ 60 ਪੰਜਾਬੀ ਕਾਮੇ ਪਿਛਲੇ 96 ਦਿਨਾਂ ਤੋਂ ਧਰਨੇ ਤੇ

ਇਟਾਲੀਅਨ ਸੰਸਥਾ ਆਰਚੀ ਵੱਲੋਂ ਫੈਕਟਰੀ ਵਿਖੇ ਪਹੁੰਚ ਕੇ ਵੀਰਾਂ ਲਈ ਤਿਆਰ ਕੀਤਾ ਗਿਆ ਦੁਪਹਿਰ ਦਾ ਖਾਣਾ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ 60 ਪੰਜਾਬੀ ਕਾਮਿਆਂ ਨੂੰ ਕੱਢ ਦਿੱਤਾ ਗਿਆ ਸੀ। ਜਿਸ ਦੇ ਰੋਸ ਵਜੋਂ ਉਹ ਕਾਮੇ ਪਿਛਲੇ ਤਕਰੀਬਨ 96 ਦਿਨਾਂ ਤੋਂ ਫੈਕਟਰੀ ਦੇ ਅੰਦਰ ਅਤੇ ਬਾਹਰ ਵਰਦੇ ਮੀਹ,ਤੂਫਾਨ ਅਤੇ ਬਰਫ ਵਿੱਚ ਵੀ ਧਰਨੇ ਤੇ ਬੈਠੇ ਹੋਏ ਹਨ।

ਜਿੱਥੇ ਕਿ ਉਹਨਾਂ ਦੀ ਸੰਸਥਾ ਯੂ ਐਸ ਬੀ ਉਹਨਾਂ ਦਾ ਕਾਨੂੰਨੀ ਕਾਰਵਾਈ ਵਿੱਚ ਪੂਰਾ ਸਾਥ ਦੇ ਰਹੀ ਹੈ। ਉੱਥੇ ਹੀ ਇਹ ਵੀਰ ਸਮੇਂ ਸਮੇਂ ਤੇ ਆਪਣੇ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਰਹਿੰਦੇ ਹਨ ਕਿ ਤੁਸੀਂ ਸਾਡੇ ਸਹਿਯੋਗ ਲਈ ਵੱਧ ਤੋਂ ਵੱਧ ਵੇਸਕੋਵਾਤੋ,ਕਰੇਮੋਨਾ ਵਿਖੇ ਸਥਿਤ ਫੈਕਟਰੀ ਵਿੱਚ ਪਹੁੰਚੋ ਤਾਂ ਜੋ ਅਸੀਂ ਫੈਕਟਰੀ ਦੇ ਮਾਲਕਾਂ ਨੂੰ ਆਪਣਾ ਇਕੱਠ ਦਿਖਾ ਸਕੀਏ ਅਤੇ ਆਪਣੇ ਕੰਮਾਂ ਤੇ ਸਾਨੂੰ ਵਾਪਸ ਰੱਖਿਆ ਜਾਵੇ।

ਇਹਨਾਂ ਵੀਰਾਂ ਅਤੇ ਇਹਨਾਂ ਦੀ ਸੰਸਥਾ ਯੂਐਸਬੀ ਦੇ ਸੱਦੇ ਤੇ ਪਹਿਲਾਂ ਵੀ ਭਾਰੀ ਇਕੱਠ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨੀ ਇਹਨਾਂ ਵੀਰਾਂ ਵੱਲੋਂ 21 ਜਨਵਰੀ ਐਤਵਾਰ 2024 ਨੂੰ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਕਿ ਇੱਕ ਇਟਾਲੀਅਨ ਸੰਸਥਾ ਆਰਚੀ ਵੱਲੋਂ ਫੈਕਟਰੀ ਦੇ ਬਾਹਰ ਪਹੁੰਚ ਕੇ ਇਹਨਾਂ ਵੀਰਾਂ ਵਾਸਤੇ ਦੁਪਹਿਰ ਦਾ ਖਾਣਾ ਤਿਆਰ ਕੀਤਾ ਗਿਆ ਅਤੇ ਇਹਨਾਂ ਵੱਲੋਂ ਪਿਛਲੇ 96 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਵਿੱਚ ਇਹਨਾਂ ਨੂੰ ਹਮਾਇਤ ਦਿੰਦਿਆਂ ਇਕ ਮਿਸਾਲ ਪੈਦਾ ਕੀਤੀ ਗਈ।

ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰ ਵੀ ਇਸ ਮੌਕੇ ਤੇ ਇਹਨਾਂ ਵੀਰਾਂ ਦੀ ਹਮਾਇਤ ਲਈ ਪਹੁੰਚੇ।

ਇਹਨਾਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਇਹਨਾਂ ਵੀਰਾਂ ਦੇ ਸਹਿਯੋਗ ਲਈ ਬੁਲਾਏ ਗਏ ਇਕੱਠ ਵਿੱਚ ਆਦਮੀ ਔਰਤਾਂ ਬੱਚੇ ਬਜ਼ੁਰਗ ਪੰਜਾਬੀ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਹਨਾਂ ਵੀਰਾਂ ਵੱਲੋਂ ਹਮੇਸ਼ਾ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਕਿਸੇ ਵੀ ਚੀਜ਼ ਦੀ ਜਰੂਰਤ ਨਹੀਂ ਹੈ‌।

ਅਸੀਂ ਸਿਰਫ ਤੁਹਾਡਾ ਸਹਿਯੋਗ ਮੰਗਦੇ ਹਾਂ ਕਿ ਤੁਸੀਂ ਇਕੱਠ ਦੇ ਰੂਪ ਵਿੱਚ ਇਹਨਾਂ ਕੋਲ ਲ ਪਹੁੰਚੋ ਤਾਂ ਜੋ ਇਕੱਠ ਨੂੰ ਵੇਖਦੇ ਹੋਏ ਇਹਨਾਂ ਨੂੰ ਕੰਮਾਂ ਤੇ ਵਾਪਸ ਬੁਲਾਇਆ ਜਾਵੇ ਇਹ ਵੀਰ ਸਿਰਫ ਤੇ ਸਿਰਫ ਸਹਿਯੋਗ ਦੀ ਮੰਗ ਕਰਦੇ ਹਨ ਸਾਰੇ ਪੰਜਾਬੀ ਭਾਰਤੀ ਭਾਈਚਾਰੇ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੇ ਸਹਿਯੋਗ ਲਈ ਇੱਕ ਵਾਰ ਜਰੂਰ ਵੇਸਕੋਵਾਤੋ ਵਿਖੇ ਪਹੁੰਚੋ।

ਅੰਤ ਵਿੱਚ ਇਹਨਾਂ ਵੀਰਾਂ ਨੇ ਆਰਚੀ ਗਰੁੱਪ,ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ ਵੱਖ ਇਲਾਕਿਆਂ ਤੋਂ ਪਹੁੰਚੇ ਵੀਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *