ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੜੀਵਾਰ 40 ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੀ ਹੋਈ ਸੰਪੂਰਨਤਾ

ਭਾਰਤੀ ਦੂਤਾਵਾਸ ਰੋਮ ਦੇ ਉੱਚ ਅਧਿਕਾਰੀ ਨੇ ਕੀਤੀ ਪਰਿਵਾਰ ਸਮੇਤ ਸ਼ਮੂਲੀਅਤ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸਿੰਘ ਸਭਾ ਅਪ੍ਰੀਲੀਆ ਵਿਖੇ ਪੋਂਹ ਮਹੀਨੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆ ਵਿਸ਼ੇਸ਼ ਤੌਰ ਤੇ ਲੜੀਵਾਰ 40 ਸ੍ਰੀ ਸੁਖਮਨੀ ਸਾਹਿਬ ਜੀ ਜੇ ਜਾਪਾਂ ਦੀ ਸੰਪੂਰਨਤਾ ਲਈ ਵਿਸ਼ੇਸ਼ ਸਮਾਗਮ ਕਰਵਾਇਆ।

ਇਸ ਮੌਕੇ ਦੋ ਪਰਿਵਾਰਾਂ ਵਲੋ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਤੇ ਭੋਗ ਉਪਰੰਤ ਪੰਥ ਦੇ ਪ੍ਰਸਿੱਧ ਕਵੀਸ਼ਰੀ ਭਾਈ ਅਜੀਤ ਸਿੰਘ ਥਿੰਦ ਤੇ ਭਾਈ ਰਣਜੀਤ ਸਿੰਘ ਦੇ ਜਥੇ ਵਲੋ ਕਵੀਸ਼ਰੀ ਦਰਬਾਰ ਸਜਾਇਆ ਗਿਆ।

ਇਸ ਸਮਾਗਮ ਵਿੱਚ ਭਾਰਤੀ ਦੂਤਾਵਾਸ ਦੇ (ਫਸਟ ਮੁੱਖ ਸੈਕਟਰੀ) ਦੀਪਾਕਰ ਸ੍ਰੀਵਾਸਤਵ ਨੇ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਸ਼ਮੂਲੀਅਤ ਕੀਤੀ। ਉਨ੍ਹਾਂ ਵਲੋ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਬੱਚਿਆਂ ਵੱਲੋਂ ਕੀਤਾ ਗਿਆ ਕੀਰਤਨ ਸਰਵਣ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਦੀਪਾਕਰ ਸ੍ਰੀਵਾਸਤਵ ਨੇ ਕਿਹਾ ਕਿ ਮੈਂ ਦੂਜੀ ਵਾਰ ਇਸ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਇਆ ਹਾਂ। ਤੇ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਇਟਲੀ ਵਿੱਚ ਨਹੀਂ ਸਗੋਂ ਭਾਰਤ ਵਿੱਚ ਹਾਂ ।

ਇਸ ਲਈ ਮੈਂ ਪਰਿਵਾਰ ਸਮੇਤ ਅੱਜ ਨਿੱਜੀ ਤੌਰ ਤੇ ਆਇਆ ਹਾਂ। ਤੇ ਬੱਚਿਆਂ ਵਲੋ ਕੀਤਾ ਗਿਆ ਕੀਰਤਨ ਸੁਣਕੇ ਬਹੁਤ ਆਨੰਦ ਆਇਆ।ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋ ਉਨ੍ਹਾਂ ਨੂੰ ਤੇ ਸਵ: ਕਰਮਜੀਤ ਸਿੰਘ ਢਿੱਲੋ ਦੀ ਪਤਨੀ ਬੀਬੀ ਇੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਪ੍ਰਬੰਧਕਾਂ ਵੱਲੋਂ ਦੂਰੋਂ ਨੇੜਿਓਂ ਹਾਜਰੀ ਭਰਨ ਪਹੁੰਚੇ ਪਤਵੰਤੇ ਸੱਜਣਾ ਅਤੇ ਸੇਵਾਦਾਰਾਂ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *