ਇਟਲੀ ਵਿੱਚ ਭਾਰਤੀ ਕਾਮੇ ਨੂੰ ਘੱਟ ਮਿਹਨਤਾਨੇ ਵਿੱਚ ਬੰਦੀ ਬਣਾ ਕੰਮ ਕਰਵਾ ਰਹੇ ਇਟਾਲੀਅਨ ਮਾਲਕ ਨੂੰ 5 ਸਾਲ ਸਜ਼ਾ

*7-8 ਸਾਲ ਚੱਲੇ ਕੇਸ ਵਿੱਚ ਹੋਇਆ ਇਤਿਹਾਸਕ ਫੈਸਲਾ*

ਰੋਮ(ਦਲਵੀਰ ਕੈਂਥ)ਇਟਲੀ ਵਿੱਚ ਬੇਸ਼ੱਕ ਭਾਰਤੀਆਂ ਦੁਆਰਾ ਸਖ਼ਤ ਮਿਹਨਤਾਂ ਤੇ ਦ੍ਰਿੜ ਇਰਾਦਿਆਂ ਨਾਲ ਮਿਲੀ ਕਾਮਯਾਬੀ ਦੀਆਂ ਬਾਤਾਂ ਪੂਰੀ ਦੁਨੀਆਂ ਵਿੱਚ ਗੂੰਜਦੀਆਂ ਹਨ ਪਰ ਇਸ ਦੇ ਬਾਵਜੂਦ ਅੱਜ ਵੀ ਕੁਝ ਅਜਿਹੇ ਭਾਰਤੀ ਹਨ ਜਿਹੜੇ ਕਿ ਕੰਮਾਂਕਾਰਾਂ ਦੌਰਾਨ ਇਟਾਲੀਅਨ ਮਾਲਕਾਂ ਦੇ ਸੋ਼ਸ਼ਣ ਦਾ ਸਿ਼ਕਾਰ ਹੋ ਰਹੇ ਹਨ।

ਅਸੀਂ ਆਪਣੇ ਪਾਠਕਾਂ ਨਾਲ ਅੱਜ ਅਜਿਹੇ ਹੀ ਭਾਰਤੀ ਦੀ ਦੁੱਖਾਂ ਨਾਲ ਭਰੀ ਗਾਥਾ ਸਾਂਝੀ ਕਰਨ ਜਾ ਰਹੇ ਹਾਂ ਜਿਹੜਾ ਕਿ ਚੰਦ ਯੂਰੋ ਲਈ ਇਟਾਲੀਅਨ ਮਾਲਕਾਂ ਨੇ ਬੰਦੀ ਬਣਾ ਰੱਖਿਆ ਹੋਇਆ ਸੀ।ਇਟਾਲੀਅਨ ਮੀਡੀਏ ਅਨੁਸਾਰ ਸਿਰਫ਼ 400 ਯੂਰੋ ਲਈ ਸੰਨ 2009 ਤੋਂ ਇੱਕ ਇਟਾਲੀਅਨ ਖੇਤੀਬਾੜੀ ਮਾਲਕ ਨੇ ਭਾਰਤੀ ਬਲਬੀਰ ਸਿੰਘ ਜੋ ਕਿ ਜਿ਼ਲ੍ਹਾ ਲਾਤੀਨਾ ਦੇ ਇਲਾਕੇ ਬੋਰਗੋ ਸਾਬੋਤੀਨਾ ਵਿਖੇ ਇੱਕ ਖੇਤੀਬਾੜੀ ਫਾਰਮ ਵਿੱਚ ਪਿਛਲੇ 10-11 ਸਾਲ ਤੋਂ 11-11 ਘੰਟੇ ਇੱਕ ਕਾਮੇ ਵਜੋਂ ਕੰਮ ਕਰਦਾ ਸੀ ਤੇ ਮਾਲਕਾਂ ਉਸ ਨੂੰ ਆਪਣੀ ਇੱਕ ਪੁਰਾਣੀ ਸ਼ੈੱਡ ਵਿੱਚ ਰਿਹਾਇਸ ਵੀ ਦਿੱਤੀ ਹੋਈ ਸੀ ਜਿਸ ਵਿੱਚ ਨਾ ਬਿਜਲੀ ਸੀ ਤੇ ਨਾ ਕੋਈ ਹੋਰ ਆਧੁਨਿਕ ਸਹੂਲਤ।ਬਲਬੀਰ ਜਿਹੜਾ ਕਿ ਹਫ਼ਤੇ ਵਿੱਚ 7 ਦਿਨ 11 ਘੰਟੇ ਕੰਮ ਕਰਦਾ ਉਸ ਨੂੰ ਮਿਹਨਤਾਨਾ ਬਹੁਤ ਘੱਟ ਹੋਣ ਦੇ ਬਾਵਜੂਦ ਕੋਈ ਛੁੱਟੀ ਨਹੀਂ ਸੀ ਦਿੱਤੀ ਜਾਂਦੀ।

ਬਹੁਤ ਹੀ ਤਰਸਯੋਗ ਹਾਲਤਾਂ ਵਿੱਚ ਬੇਵੱਸੀ ਦੇ ਆਲਮ ਵਿੱਚ ਰਹਿੰਦਾ ਬਲਬੀਰ ਸਿੰਘ ਮਾਲਕਾਂ ਤੋਂ ਬੇਹੱਦ ਪ੍ਰੇਸ਼ਾਨ ਸੀ ਜਿਸ ਦੀ ਭਿਣਕ ਇਟਾਲੀਅਨ ਸਮਾਜ ਸੇਵਕ ਮਾਰਕੋ ਓਮਿਜੋਲੋ (ਜਿਹੜਾ ਕਿ ਭਾਰਤੀ ਕਮਿਊਨਿਟੀ ਦੇ ਹੱਕਾਂ ਲਈ ਪਿਛਲੇ ਕਈ ਸਾਲਾਂ ਤੋਂ ਲੜਦਾ ਆ ਰਿਹਾ ਹੈ ) ਨੂੰ ਪੈ ਗਈ ਜਿਹੜਾ ਕਿ ਬਿਨ੍ਹਾਂ ਦੇਰੀ ਪੁਲਸ ਪ੍ਰਸ਼ਾਸ਼ਨ ਨੂੰ ਨਾਲ ਲੈ ਉਸ ਟਿਕਾਣੇ ਪਹੁੰਚ ਗਿਆ ਜਿੱਥੇ ਬਲਬੀਰ ਸਿੰਘ ਯੂਰਪ ਆ ਕੇ ਨਰਕ ਕੱਟਣ ਲਈ ਮਜ਼ਬੂਰ ਸੀ।

ਇਹ ਘਟਨਾ ਸੰਨ 2017 ਦੀ ਹੈ।ਪੁਲਸ ਪ੍ਰਸ਼ਾਸ਼ਨ ਨੇ ਬਲਬੀਰ ਸਿੰਘ ਦੇ ਹੋ ਰਹੇ ਸੋ਼ਸ਼ਣ ਦਾ ਅੱਖੀ ਡਿੱਠਾ ਹਾਲ ਦੇਖਦਿਆਂ ਉਸ ਨੂੰ ਆਜ਼ਾਦ ਕਰਵਾਇਆ ਤੇ ਇਟਾਲੀਅਨ ਮਾਲਕ ਤੇ ਉਸ ਦੇ ਪਰਿਵਾਰ ਉਪੱਰ ਕੇਸ ਦਰਜ ਕਰ ਲਿਆ।ਕਰੀਬ 7-8 ਸਾਲ ਇਹ ਕੇਸ ਚੱਲਿਆ ਜਿਸ ਦਾ ਬੀਤੇ ਦਿਨ ਇਤਿਹਾਸ ਫੈਸਲਾ ਆ ਗਿਆ।ਮਾਨਯੋਗ ਅਦਾਲਤ ਲਾਤੀਨਾ ਨੇ ਇਸ ਮਾਮਲੇ ਵਿੱਚ ਸਾਰੇ ਮਾਮਲੇ ਨੂੰ ਘੋਖਦਿਆਂ ਇਟਾਲੀਅਨ ਮਾਲਕ ਤੇ ਉਸ ਦੇ ਪਰਿਵਾਰ ਨੂੰ ਦੋਸ਼ੀ ਪਾਇਆ ਉਹਨਾਂ ਉਪੱਰ ਕਿਰਤ ਸੋ਼ਸ਼ਣ ਤੇ ਕਿਰਤੀ ਨਾਲ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਸਿੱਧ ਹੋ ਗਏ

ਜਿਹਨਾਂ ਨੂੰ ਦੇਖਦਿਆਂ ਮਾਨਯੋਗ ਜੱਜ ਸਿਮੋਨਾ ਸੇਰਜਿਓ ਨੇ ਦੋਸ਼ੀ ਇਟਾਲੀਅਨ ਮਾਲਕ ਨੂੰ 5 ਸਾਲ ਦੀ ਸਜ਼ਾ ਤੇ ਉਸ ਦੀ ਕੁੜੀ ਨੂੰ ਇੱਕ ਸਾਲ ਦੀ ਸ਼ਜਾ ਸੁਣਾਈ ਤੇ ਨਾਲ ਹੀ ਬਲਬੀਰ ਸਿੰਘ ਨੂੰ 12 ਹਜ਼ਾਰ ਯੂਰੋ ਦੀ ਅਦਾਇਗੀ ਕਰਨ ਦੇ ਹੁਕਮ ਜਾਰੀ ਕੀਤੇ।ਭਾਰਤੀ ਕਾਮੇ ਬਲਬੀਰ ਸਿੰਘ ਦਾ ਕੰਮ ਦੌਰਾਨ ਹੋਏ ਸੋ਼ਸ਼ਣ ਵਿਰੁੱਧ ਚੁੱਕੀ ਆਵਾਜ਼ ਜਿੱਤ ਦੇ ਜੈਕਾਰਿਆ ਵਿੱਚ ਬਦਲਣ ਨਾਲ ਚੁਫੇਰੇ ਭਾਰਤੀ ਭਾਈਚਾਰਾ ਖੁਸ਼ੀ ਮਹਿਸੂਸ ਕਰ ਰਿਹਾ ਹੈ ।

ਇਸ ਫੈਸਲੇ ਨਾਲ ਉਹਨਾਂ ਹੋਰ ਕਾਮਿਆਂ ਅੰਦਰ ਵੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਕੰਮ ਦੌਰਾਨ ਅਕਸਰ ਸੋ਼ਸ਼ਣ ਦਾ ਸਿ਼ਕਾਰ ਹੋਣ ਕਾਰਨ ਸਿਰਫ਼ ਇਸ ਕਾਰਨ ਹੀ ਚੁੱਪੀ ਧਾਰੀ ਬੈਠੇ ਹਨ ਕਿ ਉਹਨਾਂ ਦੀ ਕੀਤੀ ਸੋ਼ਸ਼ਣ ਖਿਲਾਫ਼ ਆਵਾਜ਼ ਉਹਨਾਂ ਨੂੰ ਬੇਰੁਜ਼ਗਾਰ ਨਾ ਕਰ ਦਵੇ।ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਹੋਰ ਸੋ਼ਸਿ਼ਤ ਕਾਮੇ ਵੀ ਇਨਸਾਫ਼ ਲਈ ਇਹ ਰਾਹ ਚੁਣ ਲੈਣ ਪਰ ਇਸ ਫੈਸਲੇ ਨਾਲ ਕਈ ਇਟਾਲੀਅਨ ਮਾਲਕ ਡੂੰਘੀਆਂ ਚਿੰਤਾਵਾਂ ਵਿੱਚ ਦੇਖੇ ਗਏ।ਇਟਲੀ ਦੇ ਭਾਰਤੀਆਂ ਨੇ ਮਾਰਕੋ ਓਮਿਜੋਲੋ ਦਾ ਉਚੇਚਾ ਧੰਨਵਾਦ ਕੀਤਾ ਹੈ ਜਿਸ ਨੇ ਇਸ ਧੱਕੇਸ਼ਾਹੀ ਖਿਲਾਫ਼ ਸੱਚ ਦਾ ਸਾਥ ਦੇ ਇਤਿਹਾਸ ਰਚਿਆ।

ਫੋਟੋ–ਬਲਬੀਰ ਸਿੰਘ ਉਸ ਇਟਾਲੀਅਨ ਮਾਰਕੋ ਓਮਿਜੋਲੋ ਨਾਲ ਜਿਸ ਨੇ ਧੱਕੇਸ਼ਾਹੀ ਵਿਰੁੱਧ ਇਨਸਾਫ਼ ਲੈਣ ਵਿੱਚ ਉਸ ਦੀ ਮਦਦ ਕੀਤੀ

Leave a Reply

Your email address will not be published. Required fields are marked *