ਇਟਲੀ ਦੇ ਹਾਈਵੇ A22 ‘ਤੇ ਹੋਇਆ ਭਿਆਨਕ ਹਾਦਸਾ, ਸੰਘਣੀ ਧੁੰਦ ਕਾਰਨ ਲਗਭਗ 100 ਵਾਹਨਾਂ ਦੀ ਹੋਈ ਟੱਕਰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 5 ਫਰਵਰੀ ਦੀ ਸਵੇਰ ਨੂੰ ਇਟਲੀ ਦੇ ਹਾਈਵੇ ਨੰਬਰ ਏ22 ਤੇ ਸੰਘਣੀ ਧੁੰਦ ਕਾਰਨ ਕਾਰਪੀ ਸ਼ਹਿਰ ਤੋਂ ਰੈਜੌਲੋ ਦਰਮਿਆਨ ਇੱਕ ਸੜਕ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਇੱਕ ਜਖਮੀ ਵਿਅਕਤੀ ਨੇ ਦੱਸਿਆ ਕਿ ਸਵੇਰੇ ਤਕਰੀਬਨ 8 ਵਜੇ ਧੁੰਦ ਬਹੁਤ ਜਿਆਦਾ ਸੀ। ਜਿਸ ਕਾਰਨ ਇਕ ਕਾਰ ਅਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ।

ਇਸ ਤੋਂ ਬਾਅਦ ਪਿੱਛੋਂ ਆਉਣ ਵਾਲੀਆਂ ਤਕਰੀਬਨ 100 ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿੱਚ ਟਕਰਾ ਗਈਆਂ। ਇਨੀ ਜਿਆਦਾ ਗਿਣਤੀ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਬਹੁਤ ਸਾਰੇ ਯਾਤਰੀ ਗੱਡੀਆਂ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਮਦਦ ਲਈ ਗੁਹਾਰ ਲਗਾ ਰਹੇ ਸਨ। ਜਿਨਾਂ ਨੂੰ ਬਚਾਉਣ ਲਈ ਅੱਗ ਬੁਝਾਉਣ ਵਾਲੀਆਂ ਟੀਮਾਂ ਐਮਬੂਲੈਂਸ, ਮੈਡੀਕਲ ਸਹੂਲਤਾਂ ਵਾਲੀਆਂ ਗੱਡੀਆਂ ਮੋਦੇਨਾਂ, ਕਾਰਪੀ,ਰੇਜੋ ਇਮੀਲੀਆ,ਮਾਨਤੋਵਾ,ਗੁਸਤਾਲਾ ਅਤੇ ਸੁਜਾਰਾ ਤੋਂ ਪਹੁੰਚੀਆਂ।

ਇਸ ਹਾਦਸੇ ਕਾਰਨ ਨੌਗਾਰੋਲੇ ਰੌਕਾ ਤੋਂ ਕਾਂਪੋਗਲਿਆਨੋ ਤੱਕ ਤਕਰੀਬਨ 70 ਕਿਲੋਮੀਟਰ ਹਾਈਵੇ ਨੂੰ ਬੰਦ ਰੱਖਿਆ ਗਿਆ। ਜੋ ਕਿ ਦੁਪਹਿਰ ਤੋਂ ਬਾਅਦ ਹੌਲੀ ਹੌਲੀ ਖੋਲ ਦਿੱਤਾ ਗਿਆ। ਆਖਰੀ ਖਬਰਾਂ ਮਿਲਣ ਤੱਕ ਇਸ ਹਾਦਸੇ ਵਿੱਚ ਜਖਮੀ ਹੋਣ ਵਾਲਿਆਂ ਦੀ ਗਿਣਤੀ 16 ਤੋਂ 25 ਤੱਕ ਦੱਸੀ ਗਈ। ਜਿਨਾਂ ਨੂੰ ਕਾਰਪੀ,ਮੋਦੇਨਾਂ, ਮਾਨਤੋਵਾ ਅਤੇ ਬਾਜੋਵੇਰਾ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਮੋਦੇਨਾਂ ਦੇ ਪੋਲੀਕਲੀਨਿਕ ਵਿਚ ਇਕੋ ਪਰਿਵਾਰ ਦੇ ਤਿੰਨ ਜੀਆ ਦਾਖਲ ਸਨ।

ਜਿਨਾਂ ਵਿੱਚ ਇੱਕ ਪਤੀ ਪਤਨੀ ਤੋਂ ਇਲਾਵਾ ਉਹਨਾਂ ਦੀ ਤਿੰਨ ਸਾਲ ਦੀ ਬੱਚੀ ਵੀ ਸੀ। 11 ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 11.00 ਵਜੇ ਦੇ ਕਰੀਬ ਇਸੇ ਸੜਕ ‘ਤੇ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਦੋ ਟਰੱਕਾਂ ਦੀ ਟੱਕਰ ਦੌਰਾਨ 43 ਸਾਲਾਂ ਕੂਨੇਓ ਦੇ ਰਹਿਣ ਵਾਲੇ ਅਲਬਾਨੀਆਂ ਦੇ ਨਾਗਰਿਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਰਾਹਤ ਕਰਮਚਾਰੀ ਭਾਰੀ ਮਸ਼ੀਨਰੀ ਨਾਲ ਉਸਦੇ ਬਚਾਅ ਲਈ ਪਹੁੰਚੇ।

ਪਰ ਬਦਕਿਸਮਤੀ ਨਾਲ ਉਸ ਨੂੰ ਬਚਾ ਨਹੀਂ ਸਕੇ। ਇੱਕ ਹੋਰ ਹਾਦਸੇ ਦੌਰਾਨ ਹਾਈਵੇ ਏ1 ਤੇ ਵੀ ਗੱਡੀਆਂ ਦੀ ਟੱਕਰ ਹੋ ਗਈ। ਜਿਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਪਰੰਤੂ ਖੁਸ਼ਕਿਸਮਤੀ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋ ਬਚ ਗਿਆ।

Leave a Reply

Your email address will not be published. Required fields are marked *