ਇਟਲੀ ਦੀ ਧਰਤੀ ਉਪੱਰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ਼ਾਨੋ ਸ਼ੌਕਤ ਨਾਲ ਸਜੇ ਵਿਸ਼ਾਲ ਨਗਰ ਕੀਰਤਨ ਮੌਕੇ ਆਈਆਂ ਹਜ਼ਾਰਾਂ ਸੰਗਤਾਂ ਨੇ ਬਰੇਸ਼ੀਆ ਸ਼ਹਿਰ ਨੂੰ ਰੰਗਿਆਂ ਕੇਸਰੀ ਰੰਗ ‘ਚ

ਰੋਮ(ਦਲਵੀਰ ਕੈਂਥ) ਵਿਸਾਖੀ ਵਾਲੇ ਦਿਨ ਦਸਮੇਸ ਪਿਤਾ ਸਹਿਬੇ ਕਮਾਲ ਸਰਬੰਸਦਾਨੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਨੇ ਦੁਨੀਆਂ ਦਾ ਵਿਲੱਖਣ ਤੇ ਨਿਰਾਲਾ ਪੰਥ ਖਾਲਸਾ ਪੰਥ ਸਾਜਿਆ ਤੇ ਖ਼ਾਲਸੇ ਦੇ ਪ੍ਰਗਟ ਦਿਵਸ ਨੂੰ ਪਰਮਾਤਮ ਕੀ ਮੌਜ ਕਹਿੰਦਿਆਂ ਇਸ ਨੂੰ ਆਪਣੇ ਰੂਪ ਦੇ ਰੁਤਬੇ ਨਾਲ ਨਿਵਾਜਿਆ ।ਸਿੱਖ ਕੌਮ ਦੀ ਬਹਾਦਰੀ ਤੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਣ ਵਾਲੇ ਇਸ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੀ ਧਰਤੀ ਉਪੱਰ ਵੱਡੇ ਰੂਪ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ)ਵੱਲੋਂ 25ਵਾਂ ਨਗਰ ਕੀਰਤਨ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਸਿੰਘ ਸਭਾਵਾਂ ਦੇ ਭਰਪੂਰ ਸਹਿਯੋਗ ਨਾਲ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਯੂਰਪ ਭਰ ਤੋਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕੇਸਰੀ ਰੰਗ ਰੰਗੀਆ ਹਾਜ਼ਰੀ ਭਰਦੀਆਂ ਹੋਈਆਂ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ”ਨਾਲ ਜਿੱਥੇ ਆਬੋ ਹਵਾ ਨੂੰ ਮਹਿਕਾ ਰਹੀਆਂ ਸਨ ਉੱਥੇ ਪੂਰੇ ਸ਼ਹਿਰ ਦੇ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਕੰਧਾਂ ਵੀ ਗੂੰਜ ਰਹੀਆਂ ਸਨ।ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਦੁਪਿਹਰ 1 ਵਜੇ ਸਜਾਇਆ ਗਿਆ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ,ਪੰਜ ਪਿਆਰਿਆਂ ਤੇ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਵਿੱਚ ਨਗਾਰਿਆਂ ਦੀ ਧੁੰਨ ਵਿੱਚ ਸ਼ਹਿਰ ਦੀ ਪ੍ਰਕਰਮਾਂ ਕਰਦਾ ਹੋਇਆ ਸੰਪੂਰਨ ਹੋਇਆ।ਇਸ ਮੌਕੇ ਸਜੇ ਵਿਸ਼ਾਲ ਦਿਵਾਨਾਂ ਤੋ
ਪੰਥ ਦੇ ਪ੍ਰਸਿੱਧ ਢਾਡੀ ਮਿਲਖਾ ਸਿੰਘ ਤੇ ਸਾਥੀ ਸੰਗਤਾਂ ਨੂੰ ਖਾਲਸੇ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਇਆ ।ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਟਾਲੀਅਨ ਭਾਸ਼ਾ ਵਿੱਚ ਕਲਤੂਰਾ ਸਿੱਖ ਇਟਲੀ ਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਸਿੰਘਾਂ ਵੱਲੋਂ ਕਿਤਾਬਾਂ ਵੀ ਵੰਡੀਆਂ ਗਈਆਂ ਜਦੋਂ ਕਿ ਨਗਰ ਕੀਰਤਨ ਦੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਇਟਾਲੀਅਨ ਤੇ ਇੰਡੀਅਨ ਪਕਵਾਨਾਂ ਦੇ ਅਤੁੱਟ ਲੰਗਰ ਵਰਤੇ।ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ(ਬਰੇਸ਼ੀਆ) ਤੇ ਸਮੂਹ ਪ੍ਰਬੰਧਕ ਕਮੇਟੀ ਨੇ ਇਟਲੀ ਦੇ ਸਭ ਤੋਂ ਵੱਡੇ ਇੱਕਠ ਵਾਲੇ ਨਗਰ ਕੀਰਤਨ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਨਗਰ ਕੀਰਤਨਾਂ ਦਾ ਭੁਲੇਖਾ ਪਾ ਰਿਹਾ ਸੀ ਵਿੱਚ ਹਾਜ਼ਰੀ ਲੁਆ ਰਹੀ ਹਜ਼ਾਰਾਂ ਸੰਗਤ ਦਾ ਧੰਨਵਾਦ ਕਰਦਿਆਂ ਮਹਾਨ ਸਿੱਖ ਧਰਮ ਦੀ ਬੁਲੰਦੀ ਦੇ ਕਾਰਜਾਂ ਵਿੱਚ ਮੋਹਰੀ ਹੋ ਤੁਰਨ ਲਈ ਪ੍ਰੇਰਿਆ। ਇਸ ਵਿਸ਼ਾਲ ਕੀਰਤਨ ਮੌਕੇ ਗੁਰੂ ਸਾਹਿਬ ਉਪੱਰ ਹੈਲੀਕਾਪਰ ਦੁਆਰਾ ਫੁੱਲਾਂ ਦੀ ਵਰਖਾ ਵੀ ਅਲੋਕਿਕ ਨਜ਼ਾਰਾ ਪੇਸ਼ ਕਰ ਰਹੀ ਸੀ। ਗੁਰੂ ਦੀਆਂ ਲਾਡਲੀਆਂ ਫੌਜ਼ਾਂ ਗੱਤਕੇ ਦੇ ਸਿੰਘਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਗੱਤਕਾ ਅਕੈਡਮੀ ਬਰੇਸ਼ੀਆ ਵੱਲੋਂ ਆਪਣੀ ਕਲਾ ਦੇ ਹੈਰਤਅੰਗੇਜ਼ ਜੌਹਰ ਵੀ ਦਿਖਾਏ ਗਏ ।ਸਮੂਹ ਸੇਵਾਦਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਸਿੱਖ ਧਰਮ ਦੇ ਮਹਾਂ ਕੁੰਭ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਸਿੱਖ ਸੰਗਤਾਂ ਨੂੰ ਖ਼ਾਲਸੇ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦੀਆਂ ਕਿਹਾ ਕਿ ਇਹ ਨਗਰ ਕੀਰਤਨ ਇਟਲੀ ਦੀਆਂ ਸਿੱਖ ਸੰਗਤਾਂ ਦਾ ਵਿਸਾਲ ਇਕੱਠ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਦੀ ਵਿਸ਼ੇਸ਼ ਤਸਵੀਰ ਬਣਾਉਂਦਾ ਹੈ ਜਿਸ ਤੋ ਪ੍ਰਭਾਵਿਤ ਇਹ ਲੋਕ ਨਗਰ ਕੀਰਤਨਾਂ ਵਿੱਚ ਆਪ ਮੁਹਾਰੇ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦੀ ਸੰਗਤ ਵਿੱਚ ਆ ਜੁੜਦੇ ਹਨ।

Leave a Reply

Your email address will not be published. Required fields are marked *