ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ ਵਿਖੇ ਸਜਾਏ ਗਏ ਦੀਵਾਨਾਂ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਜੌਹਲਾਂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ-ਵਿਚਾਰ ਰਾਹੀਂ ਕੀਤਾ ਨਿਹਾਲ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਸਿੱਖ ਸਮਾਜ ਵਿਚ ਸਾਧੂ-ਸੰਤਾਂ ਦਾ ਹਮੇਸ਼ਾ ਹੀ ਸਤਿਕਾਰ ਰਿਹਾ ਹੈ। ਨਿਸ਼ਕਾਮ ਸੇਵਾ ਵਾਲੇ ਅਜਿਹੇ ਹੀ ਇਕ ਸਾਧੂ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਬੀਤੇ ਹਫਤੇ ਧਰਮ ਪ੍ਰਚਾਰ ਹਿੱਤ ਇਟਲੀ ਦੇ ਦੌਰੇ ‘ਤੇ ਸਨ। ਇਸ ਸੰਪਰਦਾ ਦਾ ਪਿਛੋਕੜ ਹੋਤੀ ਮਰਦਾਨ (ਪਾਕਿਸਤਾਨ) ਨਾਲ ਜੁੜਦਾ ਹੈ। ਪਿਛਲੇ ਹਫਤੇ ਸ਼ਾਮ ਦੇ ਦੀਵਾਨਾਂ ਤੋਂ ਇਲਾਵਾ ਐਤਵਾਰ 28 ਅਪ੍ਰੈਲ 2024 ਵਾਲੇ ਦਿਨ ਸੰਤਾਂ ਨੇ ਸਵੇਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰਬਾਣੀ ਵਿੱਚੋਂ ਹਵਾਲਿਆਂ ਰਾਹੀਂ ਬਹੁਤ ਹੀ ਸਰਲ ਤਰੀਕੇ ਨਾਲ ਵਿਆਖਿਆ ਕਰਕੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਊਣ ਅਤੇ ਫੋਕੇ ਵਹਿਮਾਂ-ਭਰਮਾਂ ਵਿੱਚੋਂ ਨਿਕਲਣ ਦੀ ਪ੍ਰੇਰਨਾ ਕੀਤੀ।

ਉਹਨਾਂ ਕਿਹਾ ਕਿ ਮਨੁੱਖ ਨੂੰ ਗੁਰੂ ਆਸ਼ੇ ਅਨੁਸਾਰ ਅੰਮ੍ਰਿਤਧਾਰੀ ਹੋ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸੰਤਾਂ ਤੋਂ ਪਹਿਲਾਂ ਇੰਗਲੈਂਡ ਤੋਂ ਆਏ ਜਥੇ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ ਉਪਰੰਤ ਭਾਈ ਅਜਾਇਬ ਸਿੰਘ ਵੱਲੋਂ ਇਸ ਸੰਪਰਦਾ ਦੇ ਪਹਿਲੇ ਮੁਖੀਆਂ ਵੱਲੋ ਇੰਗਲੈਂਡ ਦੀ ਧਰਤੀ ‘ਤੇ ਕੀਤੇ ਪਰਉਪਕਾਰ ਦੇ ਕੰਮਾਂ ਅਤੇ ਇੰਗਲੈਂਡ ਵਿੱਚ ਸਿੱਖਾਂ ਨੂੰ ਸ਼ੁਰੂਆਤੀ ਸਮੇਂ ਵਿੱਚ ਸਵਾਰੀ ਕਰਦੇ ਸਮੇ ਹੈਲਮਟ ਅਤੇ ਕੰਮਾਂ ਦੌਰਾਨ ਦਸਤਾਰ ਬੰਨ੍ਹਣ ਦੀ ਆਉਂਦੀ ਮੁਸ਼ਕਿਲ ਦਾ ਹੱਲ ਕਰਨ ਲਈ ਦਿੱਤੇ ਯੋਗਦਾਨ ਬਾਰੇ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਜੌਹਲਾਂ ਯੂਕੇ ਵਾਲਿਆਂ ਦੇ ਯਤਨਾਂ ਸਦਕਾ ਇਹ ਟੂਰ ਸੰਭਵ ਹੋ ਸਕਿਆ ਹੈ।ਜਥੇ ਬਾਰੇ ਉਨ੍ਹਾਂ ਨੇ ਦੱਸਿਆ ਕਿ ਨਿਰਮਲ ਕੁਟੀਆ ਜੌਹਲਾਂ ਵਾਲੇ ਸੰਤ ਨਿਸ਼ਕਾਮ ਸੇਵਾ ਕਰਦੇ ਹਨ।

ਜਥੇ ਵੱਲੋਂ ਸੰਗਤ ਵੱਲੋਂ ਦਿੱਤੀ ਮਾਇਆ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚ ਪਾ‌ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਪੱਖਿਆਂ ਦੀ ਸੇਵਾ ਵਿੱਚ ਵੀ 300 ਯੂਰੋ ਦੀ ਸੇਵਾ ਦਿੱਤੀ ਗਈ। ਇਸ ਸਮੇਂ ਸੰਗਤਾਂ ਦਾ ਭਾਰੀ ਇਕੱਠ ਸੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।

Leave a Reply

Your email address will not be published. Required fields are marked *