ਇਟਲੀ ਪੁਲਸ ਨੇ ਨਕਲੀ ਯੂਰੋ ਬਣਾਉਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ 48 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਕੀਤੀ ਬਰਾਮਦ

ਰੋਮ(ਦਲਵੀਰ ਕੈਂਥ)ਇਟਲੀ ਦਾ ਸੂਬਾ ਕੰਪਾਨੀਆਂ ਜਿਹੜਾ ਦੇਸ਼ ਦੇ ਦੱਖਣ ਵਿੱਚ ਸਥਿਤ ਹੈ ਸਦਾ ਹੀ ਗੈਰ-ਕਾਨੂੰਨੀ ਕੰਮਾਂ ਲਈ ਮਸ਼ਹੂਰ ਰਿਹਾ ਹੈ ਇੱਥੇ ਕਦੀਂ ਨਕਲੀ ਪੇਪਰ ਬਣਾਉਣ ਵਾਲੇ ਗਿਰੋਹ ਦਾ ਪ੍ਰਦਾਫਾਸ਼ ਹੁੰਦਾ ਹੈ ਤੇ ਕਦੀਂ ਲੁੱਟਾਂ-ਖੋਹਾਂ ਕਰਨ ਵਾਲੇ ਟੋਲੇ ਨੂੰ ਪੁਲਸ ਕਾਬੂ ਕਰਦੀ ਹੈ ਇੱਥੋਂ ਦਾ ਮਾਫੀਆ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਪਰ ਇਸ ਵਾਰ ਇਸ ਸੂਬੇ ਦੀ ਰਾਜਧਾਨੀ ਨਾਪੋਲੀ ਇਲਾਕੇ ਵਿੱਚ ਨਕਲੀ ਕਾਰੰਸੀ ਬਣਾਉਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਇਟਲੀ ਪੁਲਸ ਨੇ ਪੂਰੇ ਯੂਰਪ ਵਿੱਚ ਇਸ ਗੋਰਖ ਧੰਦੇ ਵਿੱਚ ਹਿੱਸੇਦਾਰੀ ਨਿਭਾਉਣ ਵਾਲੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਟਲੀ ਦੀ ਵਿਸੇ਼ਸ ਪੁਲਸ ਗੁਆਰਦਾ ਦਾ ਫੀਨਾਂਸਾ ਰੋਮ ਅਤੇ ਨਾਪੋਲੀ ਨੇ ਇੱਕ ਕਥਿਤ “ਨਾਪੋਲੀ ਗਰੁੱਪ “( ਜਿਹੜਾ ਕਿ ਪਹਿਲਾਂ ਤੋਂ ਹੀ ਪੁਲਸ ਦੀ ਮੁੱਖ ਸੂਚੀ ਵਿੱਚ ਸੀ )ਤੋਂ ਕੰਪਾਨੀਆਂ ਸੂਬੇ ਦੇ ਜਿ਼ਲ੍ਹਾ ਪੋਂਟੀਚੇਲੀ ਦੇ ਇੱਕ ਉਦਯੋਗਿਕ ਗੋਦਾਮ ਵਿੱਚੋਂ 48 ਮਿਲੀਅਨ ਯੂਰੋ ਦੇ ਨਕਲੀ 50 ਯੂਰੋ ਦੇ ਨੋਟ ਜਬਤ ਕੀਤੇ ਹਨ।ਇਸ ਚੱਕਰਵਿਊ ਦੇ ਰਚੇਤਾ ਕਾਰੀਗਰ ਇੰਨੇ ਆਪਣੇ ਕੰਮ ਦੇ ਮਾਹਿਰ ਸਨ ਕਿ ਉਹਨਾਂ ਦੀ ਕਾਰਾਗਿਰੀ ਦੇਖ ਪੁਲਸ ਵੀ ਦੰਗ ਰਹਿ ਗਈ ਕਿ ਇਹਨਾਂ ਸ਼ਾਤਰਾਂ ਨੇ ਬੈਂਕ ਨੋਟ ਆਫਸੈੱਟ ਨਾਮਕ ਇੱਕ ਪ੍ਰਕਿਰਿਆ ਨਾਲ ਬਣਾਏ ਸਨ ਜੋ ਕਿ ਅਸਲ ਨੋਟਾਂ ਦੇ ਬਹੁਤ ਨੇੜੇ ਹੋਣ ਕਾਰਨ ਚੰਗੇ ਭਲੇ ਬੰਦੇ ਨੂੰ ਰਤਾ ਵੀ ਨਕਲ ਹੋਣ ਦਾ ਸ਼ੱਕ ਨਹੀਂ ਹੋਣ ਦਿੰਦੀ ਸੀ।

ਨਾਪੋਲੀ ਗਰੁੱਪ ਨੇ ਹਾਲ ਹੀ ਵਿੱਚ ਇਸ ਤਾਣੇਬਾਣੇ ਨੂੰ ਪੋਂਟੀਚੇਲੀ ਦੇ ਗੋਦਾਮਾਂ ਵਿੱਚ ਤਬਦੀਲ ਕੀਤਾ ਹੈ ਪਹਿਲਾਂ ਇਹ ਧੰਦਾ ਨਾਪੋਲੀ ਦੇ ਸ਼ਹਿਰ ਕਾਜਾਵਿਤੋਰੇ ਵਿਖੇ ਧੜੱਲੇ ਨਾਲ ਚੱਲਦਾ ਸੀ ਪਰ ਜਦੋਂ ਨਾਪੋਲੀ ਗਰੁੱਪ ਦੇ ਨੁਮਾਇੰਦਿਆਂ ਨੂੰ ਖਤਰਾ ਲੱਗਾ ਤਾਂ ਉਹਨਾਂ ਪੋਂਟੀਚੇਲੀ ਕਿਰਾਏ ਦੇ ਗੋਦਾਮਾਂ ਵਿੱਚ ਸਾਰਾ ਕੰਮ ਲੈ ਆਉਂਦਾ ਜਿੱਥੇ ਪੁਲਸ ਨੇ 50 ਯੂਰੋ ਦੇ ਨਕਲੀ ਨੋਟਾਂ ਦੇ ਢੇਰ ਲੱਗੇ ਦੇਖੇ ਇਹਨਾਂ ਨੋਟਾਂ ਨੂੰ ਛਾਪਣ ਦਾ ਕੰਮ ਮੁਕੰਮਲ ਹੋ ਚੁੱਕਾ ਸੀ ਪਰ ਕੱਟਣ ਨੂੰ ਰਹਿੰਦੇ ਸਨ।

ਪੁਲਸ ਪਾਰਟੀ ਅਪ੍ਰੈਲ ਮਹੀਨੇ ਤੋਂ ਇਹਨਾਂ ਗੋਦਾਮਾਂ ਦੀ ਨਿਗਰਾਨੀ ਰੱਖ ਰਹੀ ਸੀ ਕਿ ਬੀਤੇ ਦਿਨ ਤੜਕਸਾਰ ਹੀ ਟੀਮ ਨੇ ਮੁਲਜ਼ਮਾਂ ਨੂੰ ਸੁਤਿਆਂ ਦੱਬ ਲਿਆ ਜਿਹੜੇ ਕਿ ਗੋਦਾਮ ਵਿੱਚ ਰਹਿੰਦੇ ਸਨ।ਨਾਪੋਲੀ ਗਰੁੱਪ ਦੇ ਇਹਨਾਂ ਲੋਕਾਂ ਤੋਂ ਪੁਲਸ ਨੇ 80,000 ਅਜਿਹੀਆਂ ਸ਼ੀਟਾਂ ਬਰਾਮਦ ਕੀਤੀਆਂ ਹਨ ਜਿਹਨਾਂ ਉਪੱਰ 50 ਯੂਰੋ ਦੇ ਨਕਲੀ ਨੋਟਾਂ ਦੀ ਛਪਾਈ ਕੀਤੀ ਗਈ ਸੀ।7 ਲੋਕਾਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਇਹ ਲੋਕ ਗੋਦਾਮਾਂ ਵਿੱਚ ਹੀ ਰਹਿੰਦੇ ਸਨ।ਪਿਛਲੇ 5 ਸਾਲਾਂ ਵਿੱਚ ਪੁਲਸ ਨੇ ਇਟਲੀ ਵਿੱਚ ਨਕਲੀ ਨੋਟ ਬਣਾਉਣ ਵਾਲੀ ਟੀਮ ਦੇ 16 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜੇ਼ ਵਿੱਚੋ 5 ਪ੍ਰਿੰਟਿੰਗ ਪ੍ਰੈੱਸਾ ਨੂੰ ਜਬਤ ਕਰਕੇ 100 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਕਾਬੂ ਕੀਤੀ ਹੈ।

Leave a Reply

Your email address will not be published. Required fields are marked *